ਭਾਰਤ ਦੇ ਸਮਰਥਨ 'ਚ ਆਏ ਟਰੰਪ, ਕਿਹਾ—'ਭਿਆਨਕ ਸੀ ਪੁਲਵਾਮਾ ਹਮਲਾ'

02/20/2019 1:42:00 PM

ਵਾਸ਼ਿੰਗਟਨ, (ਏਜੰਸੀ)— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਨੂੰ 'ਭਿਆਨਕ ਹਾਲਾਤ' ਕਰਾਰ ਦਿੱਤਾ ਹੈ। ਮੰਗਲਵਾਰ ਨੂੰ ਟਰੰਪ ਨੇ ਕਿਹਾ ਕਿ ਉਹ ਇਸ ਮਾਮਲੇ ਸਬੰਧੀ ਰਿਪੋਰਟਾਂ ਦੇਖ ਰਹੇ ਹਨ ਅਤੇ ਜਲਦੀ ਹੀ ਇਕ ਬਿਆਨ ਜਾਰੀ ਕਰਨਗੇ। ਜ਼ਿਕਰਯੋਗ ਹੈ ਕਿ 14 ਫਰਵਰੀ ਨੂੰ ਪੁਲਵਾਮਾ 'ਚ ਸੀ. ਪੀ. ਆਰ. ਐੱਫ. ਦੀ ਬੱਸ 'ਤੇ ਹੋਏ ਆਤਮਘਾਤੀ ਹਮਲੇ 'ਚ 44 ਜਵਾਨ ਸ਼ਹੀਦ ਹੋ ਗਏ ਸਨ।

ਇਸ ਦੌਰਾਨ ਅਮਰੀਕੀ ਵਿਦੇਸ਼ ਮੰਤਰਾਲੇ ਦੇ ਉਪ ਬੁਲਾਰੇ ਰਾਬਰਟ ਪਾਲਾਡਿਨੋ ਨੇ ਭਾਰਤ ਪ੍ਰਤੀ ਪੂਰਾ ਸਮਰਥਨ ਜਤਾਉਂਦੇ ਹੋਏ ਪਾਕਿਸਤਾਨ ਨੂੰ ਕਿਹਾ ਹੈ ਕਿ ਅੱਤਵਾਦੀ ਹਮਲੇ ਲਈ ਜੋ ਵੀ ਜ਼ਿੰਮੇਵਾਰ ਹੈ, ਉਸ ਨੂੰ ਸਜ਼ਾ ਦਿੱਤੀ ਜਾਵੇ। ਆਤਮਘਾਤੀ ਹਮਲੇ ਦੇ ਬਾਅਦ ਭਾਰਤ ਅਤੇ ਪਾਕਿਸਤਾਨ 'ਚ ਵਧਦੇ ਤਣਾਅ ਵਿਚਕਾਰ ਟਰੰਪ ਨੇ ਵ੍ਹਾਈਟ ਹਾਊਸ ਦੇ ਆਪਣੇ ਦਫਤਰ 'ਚ ਮੀਡੀਆ ਨੂੰ ਕਿਹਾ ਕਿ ਦੱਖਣੀ ਏਸ਼ੀਆ ਦੇ ਦੋਵੇਂ ਗੁਆਂਢੀ ਦੇਸ਼ ਜੇਕਰ ਇਕੱਠੇ ਆਉਣਗੇ ਤਾਂ ਬਹੁਤ ਚੰਗਾ ਹੋਵੇਗਾ।''
ਇਕ ਸਵਾਲ ਦੇ ਜਵਾਬ 'ਚ ਟਰੰਪ ਨੇ ਕਿਹਾ,''ਮੈਂ ਦੇਖਿਆ ਹੈ। ਮੈਨੂੰ ਇਸ 'ਤੇ ਬਹੁਤ ਸਾਰੀਆਂ ਰਿਪੋਰਟਾਂ ਮਿਲੀਆਂ ਹਨ। ਅਸੀਂ ਇਸ ਮਾਮਲੇ 'ਚ ਸਹੀ ਸਮਾਂ ਆਉਣ 'ਤੇ ਜਵਾਬ ਦੇਵਾਂਗੇ। ਇਹ ਅੱਤਵਾਦੀ ਹਮਲਾ ਇਕ ਭਿਆਨਕ ਸਥਿਤੀ ਸੀ। ਸਾਨੂੰ ਰਿਪੋਰਟਾਂ ਮਿਲ ਰਹੀਆਂ ਹਨ। ਅਸੀਂ ਇਸ 'ਤੇ ਬਿਆਨ ਜਾਰੀ ਕਰਾਂਗੇ।''

ਇਕ ਹੋਰ ਪ੍ਰੈੱਸ ਕਾਨਫਰੰਸ 'ਚ ਵਿਦੇਸ਼ ਵਿਭਾਗ ਦੇ ਉਪ ਬੁਲਾਰੇ ਨੇ ਕਿਹਾ ਕਿ ਅਮਰੀਕਾ ਭਾਰਤ ਸਰਕਾਰ ਨਾਲ ਲਗਾਤਾਰ ਸੰਪਰਕ 'ਚ ਹੈ। ਅਸੀਂ ਦੁੱਖ-ਹਮਦਰਦੀ ਨਾਲ ਉਨ੍ਹਾਂ ਨੂੰ ਪੂਰਾ ਸਮਰਥਨ ਦੇ ਰਹੇ ਹਾਂ। ਉਨ੍ਹਾਂ ਨੇ ਕਿਹਾ,''ਅਸੀਂ ਪਾਕਿਸਤਾਨ ਨੂੰ ਅਪੀਲ ਕਰਦੇ ਹਾਂ ਕਿ ਜਾਂਚ 'ਚ ਪੂਰਾ ਸਾਥ ਦੇਵੇ ਅਤੇ ਜੋ ਵੀ ਜ਼ਿੰਮੇਵਾਰ ਹੈ, ਉਸ ਨੂੰ ਸਜ਼ਾ ਦਿਓ।'' ਪਾਲਾਡਿਨੋ ਨੇ ਕਿਹਾ ਕਿ ਪੁਲਵਾਮਾ ਹਮਲੇ ਮਗਰੋਂ ਅਮਰੀਕਾ ਪਾਕਿਸਤਾਨ ਦੇ ਵੀ ਸੰਪਰਕ 'ਚ ਹੈ।
ਅੱਤਵਾਦੀ ਹਮਲੇ ਮਗਰੋਂ ਟਰੰਪ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੌਨ ਬੋਲਟਨ ਨੇ ਆਤਮ ਰੱਖਿਆ ਦੇ ਭਾਰਤ ਦੇ ਅਧਿਕਾਰ ਦਾ ਸਮਰਥਨ ਕੀਤਾ ਸੀ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ, ਬੋਲਟਨ ਅਤੇ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਾਰਾਹ ਸਾਂਡਰਸ ਨੇ ਅਲੱਗ-ਅਲੱਗ ਬਿਆਨਾਂ 'ਚ ਪਾਕਿਸਤਾਨ ਨਾਲ ਜੈਸ਼-ਏ-ਮੁਹੰਮਦ ਅਤੇ ਇਸ ਦੇ ਸਰਗਣਿਆਂ ਖਿਲਾਫ ਕਾਰਵਾਈ ਲਈ ਕਿਹਾ ਸੀ। ਇਸ ਦੇ ਨਾਲ ਹੀ ਅੱਤਵਾਦੀਆਂ ਨੂੰ ਸੁਰੱਖਿਅਤ ਸ਼ਰਣ ਨਾ ਦੇਣ ਦੀ ਗੱਲ ਵੀ ਆਖੀ ਸੀ। ਜ਼ਿਕਰਯੋਗ ਹੈ ਕਿ ਇਸ ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਲਈ ਸੀ। ਦੱਸਿਆ ਜਾਂਦਾ ਹੈ ਕਿ ਜੈਸ਼ ਦਾ ਸਰਗਣਾ ਮਸੂਦ ਅਜ਼ਹਰ ਪਾਕਿਸਤਾਨ 'ਚ ਰਹਿੰਦਾ ਹੈ।