ਕੋਰੋਨਾ ਮੁਕਤ ਹੋਣ ਤੋਂ ਬਾਅਦ ਵੀ ਇਸ ਸੂਬੇ ''ਚ ਫਿਰ ਵਧੀ ਪੀੜਤਾਂ ਦੀ ਗਿਣਤੀ

05/10/2020 6:41:04 PM

ਅਗਰਤਲਾ-ਮੁੱਖ ਮੰਤਰੀ ਬਿਪਲਵ ਕੁਮਾਰ ਦੇਬ ਵੱਲੋਂ ਤ੍ਰਿਪੁਰਾ ਨੂੰ 'ਕੋਵਿਡ-19 ਮੁਕਤ' ਐਲਾਨ ਕੀਤੇ ਜਾਣ ਦੇ ਕੁਝ ਦਿਨਾਂ ਬਾਅਦ ਸੂਬੇ 'ਚ ਪੀੜਤ ਮਾਮਲਿਆਂ 'ਚ ਕਾਫੀ ਵਾਧਾ ਦੇਖਣ ਨੂੰ ਮਿਲਿਆ ਹੈ। ਦੱਸਿਆ ਜਾਂਦਾ ਹੈ ਕਿ 2 ਮਈ ਤੋਂ ਇਕ ਹਫਤੇ ਦੇ ਅੰਦਰ ਸੂਬੇ 'ਚ 130 ਲੋਕ ਇਨਫੈਕਟਡ ਪਾਏ ਗਏ ਹਨ। ਇਹ ਸਾਰੇ ਮਾਮਲੇ ਧਲਾਈ ਜ਼ਿਲੇ ਦੀ ਬੀ.ਐੱਸ.ਐੱਫ ਦੀ 2 ਬਟਾਲੀਅਨ ਦੇ ਹਨ।

ਤਾਜ਼ਾ ਮਾਮਲੇ ਨੂੰ ਧਿਆਨ 'ਚ ਰੱਖਦੇ ਹੋਏ ਸੂਬਾ ਸਰਕਾਰ ਨੇ ਧਲਾਈ ਜ਼ਿਲੇ ਨੂੰ ਰੈੱਡ ਜ਼ੋਨ ਅਤੇ ਬਟਾਲੀਅਨ ਦਫਤਰ ਗੰਡਾਚੇਰਾ 'ਚ ਆਧਾਰ ਕੈਂਪ, ਬੰਗਲਾਦੇਸ਼ ਦੀ ਸਰਹੱਦ ਨਾਲ ਲੱਗੇ ਕਰੀਨਾ ਅਤੇ ਕਮਲਪੁਰ ਕਸਬਿਆਂ ਸਮੇਤ 5 ਸਥਾਨਾਂ ਨੂੰ ਇਨਫੈਕਸ਼ਨ ਪ੍ਰਭਾਵਿਤ ਖੇਤਰ ਨਿਸ਼ਾਨਬੱਧ ਕੀਤੇ ਗਏ ਹਨ। 

ਇਨਫੈਕਸ਼ਨ ਦੇ ਮਾਮਲਿਆਂ 'ਤੇ ਚਿੰਤਾ ਜਤਾਉਂਦੇ ਹੋਏ ਐਡੀਸ਼ਨਲ ਚੀਫ ਸਕੱਤਰ (ਸਿਹਤ) ਐੱਸ.ਕੇ.ਰਾਕੇਸ਼ ਨੇ ਕਿਹਾ, "ਮਾਮਲਿਆਂ 'ਚ ਅਚਾਨਕ ਵਾਧਾ ਹੋਇਆ ਹੈ। ਅਸੀਂ ਉਮੀਦ ਕਰ ਰਹੇ ਹਾਂ ਕਿ ਇਨਫੈਕਸ਼ਨ ਅੱਗੇ ਨਹੀਂ ਫੈਲੇਗੀ ਕਿਉਂਕਿ ਇਹ ਬੀ.ਐੱਸ.ਐੱਫ ਬਟਾਲੀਅਨ ਦੇ ਦਫਤਰ ਤੱਕ ਹੀ ਫੈਲੀ ਹੈ। ਹਾਲਾਂਕਿ ਅਸੀਂ ਕਿਸੇ ਵੀ ਸਥਿਤੀ ਨਾਲ ਨਿਪਟਣ ਲਈ ਤਿਆਰ ਹਾਂ। ਵਰਤਮਾਨ 'ਚ ਸਰਕਾਰ ਜੀ.ਬੀ.ਪੰਤ ਹਸਪਤਾਲ 'ਚ ਸਹੂਲਤਾਵਾਂ ਨੂੰ ਅਪਗ੍ਰੇਡ ਕਰ ਰਹੀ ਹੈ।"

ਦੱਸਣਯੋਗ ਹੈ ਕਿ 2 ਮਈ ਨੂੰ ਬੀ.ਐੱਸ.ਐੱਫ ਦੇ 2 ਜਵਾਨਾਂ 'ਚ ਇਨਫੈਕਸ਼ਨ ਦੀ ਪੁਸ਼ਟੀ ਹੋਈ ਸੀ। ਉਸ ਦੇ ਅਗਲੇ ਹੀ ਦਿਨ 12 ਹੋਰ ਜਵਾਨ ਪੀੜਤ ਮਿਲ ਗਏ। ਇਸ ਤਰ੍ਹਾਂ ਅਗਲੇ ਹੀ ਕੁਝ ਦਿਨਾਂ ਤੱਕ ਇਨਫੈਕਟਡ ਮਰੀਜ਼ਾਂ ਦੀ ਗਿਣਤੀ ਵੱਧਦੀ ਰਹੀ ਫਿਲਹਾਲ ਤ੍ਰਿਪੁਰਾ 'ਚ 132 ਪੀੜਤ ਲੋਕ ਇਲਾਜ ਅਧੀਨ ਹਨ।

Iqbalkaur

This news is Content Editor Iqbalkaur