ਨੇਪਾਲ, ਭੂਟਾਨ ਦੀ ਯਾਤਰਾ ਕਰਨੀ ਹੈ ਤਾਂ ਦਿਖਾਉਣਾ ਹੋਵੇਗਾ ''ਆਧਾਰ ਕਾਰਡ''

01/20/2019 4:45:07 PM

ਨਵੀਂ ਦਿੱਲੀ (ਭਾਸ਼ਾ)— ਭਾਰਤ ਦੇ 15 ਸਾਲ ਤੋਂ ਘੱਟ ਅਤੇ 65 ਸਾਲ ਤੋਂ ਵਧ ਦੇ ਨਾਗਰਿਕ ਨੇਪਾਲ ਅਤੇ ਭੂਟਾਲ ਦੀ ਯਾਤਰਾ ਲਈ ਆਧਾਰ ਕਾਰਡ ਦਾ ਕਾਨੂੰਨੀ ਯਾਤਰਾ ਦਸਤਾਵੇਜ਼ ਦੇ ਰੂਪ ਵਿਚ ਇਸਤੇਮਾਲ ਕਰ ਸਕਣਗੇ। ਗ੍ਰਹਿ ਮੰਤਰਾਲੇ ਦੀ ਹਾਲ 'ਚ ਜਾਰੀ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਦੋਹਾਂ ਗੁਆਂਢੀ ਦੇਸ਼ਾਂ ਦੀ ਯਾਤਰਾ ਲਈ ਇਨ੍ਹਾਂ ਦੋਹਾਂ ਉਮਰ ਵਰਗ ਤੋਂ ਇਲਾਵਾ ਭਾਰਤੀ ਆਧਾਰ ਕਾਰਡ ਦਾ ਇਸਤੇਮਾਲ ਨਹੀਂ ਕਰ ਸਕਣਗੇ। ਦੋਹਾਂ ਦੇਸ਼ਾਂ ਦੀ ਯਾਤਰਾ ਲਈ ਭਾਰਤੀਆਂ ਨੂੰ ਵੀਜ਼ਾ ਦੀ ਲੋੜ ਨਹੀਂ ਹੁੰਦੀ। ਨੇਪਾਲ ਅਤੇ ਭੂਟਾਨ ਜਾਣ ਵਾਲੇ ਭਾਰਤੀ ਨਾਗਰਿਕਾਂ ਕੋਲ ਜੇਕਰ ਕਾਨੂੰਨੀ ਪਾਸਪੋਰਟ, ਭਾਰਤ ਸਰਕਾਰ ਵਲੋਂ ਜਾਰੀ ਇਕ ਫੋਟੋ ਪਛਾਣ ਪੱਤਰ ਜਾਂ ਚੋਣ ਕਮਿਸ਼ਨ ਵਲੋਂ ਜਾਰੀ ਪਛਾਣ ਪੱਤਰ ਹੈ ਤਾਂ ਉਨ੍ਹਾਂ ਨੂੰ ਵੀਜ਼ਾ ਦੀ ਲੋੜ ਨਹੀਂ ਹੈ। ਇਸ ਤੋਂ ਪਹਿਲਾਂ 65 ਤੋਂ ਵਧ ਉਮਰ ਦੇ ਵਿਅਕਤੀ ਅਤੇ 15 ਸਾਲ ਤੋਂ ਘੱਟ ਉਮਰ ਵਾਲਿਆਂ ਨੂੰ ਇਨ੍ਹਾਂ ਦੋਹਾਂ ਦੇਸ਼ਾਂ ਦੀ ਯਾਤਰਾ ਲਈ ਆਪਣੀ ਪਹਿਚਾਣ ਸਾਬਤ ਕਰਨ ਲਈ ਆਪਣਾ ਪੈਨ ਕਾਰਡ, ਡਰਾਈਵਿੰਗ ਲਾਇਸੈਂਸ, ਕੇਂਦਰ ਸਰਕਾਰ ਸਿਹਤ ਸੇਵਾ ਕਾਰਡ ਜਾਂ ਰਾਸ਼ਨ ਕਾਰਡ ਦਿਖਾ ਸਕਦੇ ਸਨ ਪਰ ਆਧਾਰ ਦਾ ਇਸਤੇਮਾਲ ਨਹੀਂ ਕਰ ਸਕਦੇ ਸਨ। 

ਗ੍ਰਹਿ ਮੰਤਰੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਆਧਾਰ ਕਾਰਡ ਨੂੰ ਹੁਣ ਇਸ ਸੂਚੀ ਵਿਚ ਜੋੜ ਦਿੱਤਾ ਗਿਆ ਹੈ। ਹੁਣ 65 ਸਾਲ ਤੋਂ ਵਧ ਅਤੇ 15 ਸਾਲ ਤੋਂ ਘੱਟ ਉਮਰ ਵਰਗ ਦੇ ਲੋਕਾਂ ਲਈ ਕਾਨੂੰਨੀ ਦਸਤਾਵੇਜ਼ ਦੇ ਰੂਪ ਵਿਚ ਆਧਾਰ ਕਾਰਡ ਦਾ ਇਸਤੇਮਾਲ ਕਰਨ ਦੀ ਆਗਿਆ ਹੋਵੇਗੀ। ਅਧਿਕਾਰੀ ਨੇ ਦੱਸਿਆ ਕਿ ਭਾਰਤੀ ਦੂਤਘਰ, ਕਾਠਮੰਡੂ ਵਲੋਂ ਜਾਰੀ ਰਜਿਸਟਰਡ ਸਰਟੀਫਿਕੇਟ ਭਾਰਤ ਅਤੇ ਨੇਪਾਲ ਵਿਚਾਲੇ ਯਾਤਰਾ ਲਈ ਮਨਜ਼ੂਰੀ ਯੋਗ ਯਾਤਰਾ ਦਸਤਾਵੇਜ਼ ਨਹੀਂ ਹੈ। ਅਧਿਕਾਰੀ ਨੇ ਕਿਹਾ ਕਿ 15 ਤੋਂ 18 ਸਾਲ ਦੇ ਨੌਜਵਾਨਾਂ ਨੂੰ ਉਨ੍ਹਾਂ ਦੇ ਸਕੂਲ ਦੇ ਪ੍ਰਿੰਸੀਪਲ ਵਲੋਂ ਜਾਰੀ ਪਛਾਣ ਪੱਤਰ ਦੇ ਆਧਾਰ 'ਤੇ ਭਾਰਤ ਅਤੇ ਨੇਪਾਲ ਵਿਚਾਲੇ ਯਾਤਰਾ ਕਰਨ ਦੀ ਆਗਿਆ ਦਿੱਤੀ ਜਾਵੇਗੀ। ਭੂਟਾਨ ਦੀ ਯਾਤਰਾ ਕਰਨ ਵਾਲੇ ਭਾਰਤੀ ਨਾਗਰਿਕਾਂ ਕੋਲ 6 ਮਹੀਨੇ ਘੱਟੋ-ਘੱਟ ਜਾਇਜ਼ਤਾ ਨਾਲ ਭਾਰਤੀ ਪਾਸਪੋਰਟ ਜਾਂ ਭਾਰਤੀ ਚੋਣ ਕਮਿਸ਼ਨ ਵਲੋਂ ਜਾਰੀ ਵੋਟਰ ਪਛਾਣ ਪੱਤਰ ਹੋਣਾ ਚਾਹੀਦਾ ਹੈ। ਭੂਟਾਨ, ਜੋ ਕਿ ਭਾਰਤੀ ਸੂਬਿਆਂ ਜਿਵੇਂ ਸਿੱਕਮ, ਅਸਾਮ, ਅਰੁਣਾਚਲ ਪ੍ਰਦੇਸ਼ ਅਤੇ ਪੱਛਮੀ ਬੰਗਾਲ ਨਾਲ ਸਰਹੱਦ ਸਾਂਝੀ ਕਰਦਾ ਹੈ, ਵਿਚ ਲੱਗਭਗ 60,000 ਭਾਰਤੀ ਨਾਗਰਿਕ ਹਨ, ਜੋ ਕਿ ਜ਼ਿਆਦਾਤਰ ਪਣਬਿਜਲੀ ਅਤੇ ਨਿਰਮਾਣ ਉਦਯੋਗ ਵਿਚ ਕਰਮਚਾਰੀ ਹਨ। ਇਸ ਤੋਂ ਇਲਾਵਾ ਸਰਹੱਦੀ ਕਸਬਿਆਂ ਵਿਚ ਰੋਜ਼ਾਨਾ 8,000 ਤੋਂ 10,000 ਕਰਮਚਾਰੀ ਭੂਟਾਨ ਆਉਂਦੇ-ਜਾਂਦੇ ਹਨ। ਵਿਦੇਸ਼ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਲੱਗਭਗ 6 ਲੱਖ ਭਾਰਤੀ ਨੇਪਾਲ ਵਿਚ ਰਹਿੰਦੇ ਹਨ।

Tanu

This news is Content Editor Tanu