ਸਾਵਧਾਨ: 1 ਸਤੰਬਰ ਤੋਂ ਟ੍ਰੈਫਿਕ ਨਿਯਮ ਤੋੜਨਾ ਪਵੇਗਾ ਮਹਿੰਗਾ, ਲੱਗੇਗਾ ਭਾਰੀ ਜ਼ੁਰਮਾਨਾ

08/31/2019 3:46:15 PM

ਨਵੀਂ ਦਿੱਲੀ—ਸੜਕਾਂ 'ਤੇ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲਿਆਂ ਦੇ ਲਈ ਵੱਡੀ ਖਬਰ ਹੈ। ਹੁਣ ਉਨ੍ਹਾਂ ਨੂੰ ਸੜਕ 'ਤੇ ਵਾਹਨ ਚਲਾਉਂਦੇ ਸਮੇਂ ਟ੍ਰੈਫਿਕ ਨਿਯਮਾਂ ਦਾ 100 ਫੀਸਦੀ ਪਾਲਣ ਕਰਨਾ ਹੀ ਹੋਵੇਗਾ। ਅਜਿਹਾ ਨਾ ਕਰਨ 'ਤੇ ਉਨ੍ਹਾਂ ਨੂੰ 10 ਗੁਣਾ ਤੋਂ ਲੈ ਕੇ 30 ਗੁਣਾ ਤੱਕ ਜ਼ੁਰਮਾਨਾ ਦੇਣਾ ਪੈ ਸਕਦਾ ਹੈ। ਸਭ ਕੁਝ ਠੀਕ ਰਿਹਾ ਤਾਂ ਇਹ ਵਿਵਸਥਾ ਦੇਸ਼ ਭਰ 'ਚ 10 ਦਿਨ ਬਾਅਦ ਭਾਵ 1 ਸਤੰਬਰ 2019 ਤੋਂ ਇਕੱਠੇ ਲਾਗੂ ਹੋ ਜਾਵੇਗੀ।


ਦੇਣਾ ਹੋਵੇਗਾ ਭਾਰੀ-ਭਰਕਮ ਜ਼ੁਰਮਾਨਾ
ਬੀਤੇ ਸੰਸਦ ਦੇ ਸੈਸ਼ਨ 'ਚ ਮਨਜ਼ੂਰ ਕੀਤੇ ਗਏ ਮੋਟਰ ਵਾਹਨ (ਸੰਸ਼ੋਧਨ) ਬਿੱਲ-2019 'ਚ ਆਵਾਜਾਈ ਉਲੰਘਣ 'ਤੇ ਵਧਿਆ ਹੋਇਆ ਜ਼ੁਰਮਾਨਾ ਇਕ ਸਤੰਬਰ ਤੋਂ ਲਾਗੂ ਹੋ ਜਾਵੇਗਾ। ਇਸ ਲਈ ਸੂਬਾ ਸਰਕਾਰਾਂ ਨੂੰ ਜ਼ਰੂਰੀ ਨੋਟੀਫਿਕੇਸ਼ਨ ਜਾਰੀ ਕਰਨ ਦੇ ਆਦੇਸ਼ ਦੇ ਦਿੱਤੇ ਗਏ ਹਨ। 
—ਨਵੇਂ ਨਿਯਮ ਦੇ ਤਹਿਤ ਦੋ-ਪਹੀਆ ਵਾਹਨਾਂ 'ਚ ਓਵਰਲੋਡਿੰਗ 'ਤੇ ਪਹਿਲਾਂ ਦੇ 100 ਰੁਪਏ ਦੇ ਮੁਕਾਬਲੇ ਹੁਣ 30 ਗੁਣਾ ਭਾਵ 3 ਹਜ਼ਾਰ ਰੁਪਏ ਜ਼ੁਰਮਾਨਾ ਦੇਣਾ ਹੋਵੇਗਾ। 
—ਇਸ ਤਰ੍ਹਾਂ ਹਿੱਟ ਐਂਡ ਰਨ ਦੇ ਮਾਮਲੇ 'ਚ ਮ੍ਰਿਤਕ ਦੇ ਪਰਿਵਾਰਾਂ ਨੂੰ ਸਰਕਾਰ ਵਲੋਂ ਦੋ ਲੱਖ ਰੁਪਏ ਦੀ ਰਾਹਤ ਰਾਸ਼ੀ ਦਿੱਤੀ ਜਾਵੇਗੀ। ਫਿਲਹਾਲ ਸਿਰਫ 25,000 ਰੁਪਏ ਦਾ ਹੀ ਪ੍ਰਬੰਧ ਹੈ। 
—ਨਸ਼ੇ 'ਚ ਗੱਡੀ ਚਲਾਉਣ 'ਤੇ ਨਿਊਨਤਮ ਜ਼ੁਰਮਾਨੇ ਨੂੰ 2,000 ਰੁਪਏ ਤੋਂ ਵਧਾ ਕੇ 10,000 ਰੁਪਏ ਤੱਕ ਕਰ ਦਿੱਤਾ ਗਿਆ ਹੈ। 
—ਖਤਰਨਾਕ ਡਰਾਈਵਿੰਗ 'ਤੇ ਜ਼ੁਰਮਾਨਾ ਵੀ 1,000 ਰੁਪਏ ਤੋਂ ਵਧਾ ਕੇ 5,000 ਕਰ ਦਿੱਤਾ ਹੈ। 
—ਬਿਨ੍ਹਾਂ ਲਾਈਸੈਂਸ ਦੇ ਗੱਡੀ ਚਲਾਉਣ 'ਤੇ ਹੁਣ 5,000 ਰੁਪਏ ਤੱਕ ਦਾ ਜ਼ੁਰਮਾਨਾ ਲੱਗੇਗਾ, ਵਰਤਮਾਨ 'ਚ ਸਿਰਫ 500 ਰੁਪਏ ਦਾ ਚਾਲਾਨ ਕੱਟਦਾ ਹੈ। 
—ਚਾਰ-ਪਹੀਆ ਵਾਹਨ ਚਾਲਕ ਬਿਨ੍ਹਾਂ ਸੀਟ ਬੈਲਟ ਪਹਿਨੇ ਗੱਡੀ ਚਲਾਉਂਦਾ ਹੈ ਤਾਂ 100 ਰੁਪਏ ਦੀ ਬਜਾਏ 1,000 ਰੁਪਏ ਦੇਣਾ ਹੋਵੇਗਾ। 
—ਤੈਅ ਸੀਮਾ ਤੋਂ ਜ਼ਿਆਦਾ ਸਪੀਡ ਨਾਲ ਗੱਡੀ ਚਲਾਉਣ 'ਤੇ 400 ਰੁਪਏ ਦੇ ਸਥਾਨ 'ਤੇ 1,000 ਤੋਂ 2,000 ਰੁਪਏ ਤੱਕ ਜ਼ੁਰਮਾਨਾ ਦੇਣਾ ਹੋਵੇਗਾ। 
—ਮੋਬਾਇਲ 'ਤੇ ਗੱਲ ਕਰਦੇ ਹੋਏ ਡਰਾਈਵਿੰਗ ਕਰਨ 'ਤੇ 5,000 ਰੁਪਏ ਤੱਕ ਜ਼ੁਰਮਾਨਾ ਦੇਣਾ ਹੋਵੇਗਾ। ਫਿਲਹਾਲ ਇਹ ਸਿਰਫ 1,000 ਰੁਪਏ ਹੈ। ਕੁਝ ਮਾਮਲਿਆਂ 'ਚ ਸਰਕਾਰ ਨੇ ਡਰਾਈਵਿੰਗ ਲਾਈਸੈਂਸ ਰੱਦ ਕਰਨ ਅਤੇ ਗੱਡੀ ਦਾ ਰਜਿਸਟ੍ਰੇਸ਼ਨ ਰੱਦ ਕਰਨ ਤੱਕ ਦਾ ਪ੍ਰਬੰਧ ਰੱਖਿਆ ਹੈ। 
—ਕਿਸੇ ਕਿਸ਼ੋਰ ਦੇ ਡਰਾਈਵਿੰਗ ਦੇ ਦੌਰਾਨ ਸੜਕ 'ਤੇ ਕੋਈ ਅਪਰਾਧ ਜਾਂ ਹਾਦਸਾ ਹੋਣ 'ਤੇ ਗੱਡੀ ਮਾਲਕ ਜਾਂ ਪਾਲਣਹਾਰ ਨੂੰ ਦੋਸ਼ੀ ਮੰਨਿਆ ਜਾਵੇਗਾ। ਉਸ ਗੱਡੀ ਦਾ ਰਜਿਸਟ੍ਰੇਸ਼ਨ ਵੀ ਰੱਦ ਕੀਤਾ ਜਾਵੇਗਾ।


ਮੋਟਰ ਵਾਹਨ ਐਕਟ ਦੇ 63 ਉਪਬੰਧ ਇਕ ਸਤੰਬਰ ਤੋਂ ਹੋਣਗੇ ਲਾਗੂ: ਗਡਕਰੀ
ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ ਮੋਟਰ ਵਾਹਨ ਐਕਟ ਦੇ 63 ਉਪਬੰਧ ਇਕ ਸਤੰਬਰ ਤੋਂ ਲਾਗੂ ਹੋਣਗੇ। ਇਸ 'ਚ ਆਵਾਜਾਈ ਨਿਯਮਾਂ ਦਾ ਉਲੰਘਣ ਕਰਨ 'ਤੇ ਭਾਰੀ-ਭਰਕਮ ਜ਼ੁਰਮਾਨਾ ਸ਼ਾਮਲ ਹੈ। ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਦੱਸਿਆ ਕਿ ਮੋਟਰ ਵਾਹਨ (ਸੰਸ਼ੋਧਨ) ਬਿੱਲ 2019 ਸੰਸਦ 'ਚ ਪਾਸ ਹੋ ਗਿਆ ਹੈ। ਅਸੀਂ ਐਕਟ ਦੇ 63 ਉਪਬੰਧਾਂ ਨੂੰ ਇਕ ਸਤੰਬਰ ਤੋਂ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਗਡਕਰੀ ਨੇ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਦੀ ਨਵੀਂ ਵੈੱਬਸਾਈਟ ਦੇ ਲਾਂਚ ਦੇ ਮੌਕੇ 'ਤੇ ਇਹ ਗੱਲ ਕਹੀ। ਕੇਂਦਰੀ ਮੰਤਰੀ ਨੇ ਕਿਹਾ ਕਿ ਇਨ੍ਹਾਂ 63 ਉਪਬੰਧਾਂ 'ਚ ਅਸੀਂ ਜ਼ੁਰਮਾਨਾ ਵਧਾਇਆ ਹੈ। ਸ਼ਰਾਬ ਪੀ ਕੇ ਗੱਡੀ ਚਲਾਉਂਦੇ, ਤੇਜ਼ ਗਤੀ ਨਾਲ ਦੌੜਣ (ਓਵਰਸਪੀਡ) ਅਤੇ ਓਵਰਲੋਡਿੰਗ ਸਮੇਤ ਹੋਰ ਮਾਮਲਿਆਂ 'ਚ ਜ਼ੁਰਮਾਨਾ ਵਧਾਇਆ ਗਿਆ ਹੈ।

Aarti dhillon

This news is Content Editor Aarti dhillon