ਰਾਫੇਲ ਅਤੇ ਸਬਰੀਮਾਲਾ ਮਾਮਲੇ ’ਚ ਰੀਵਿਊ ਪਟੀਸ਼ਨਾਂ ’ਤੇ ਸੁਪਰੀਮ ਕੋਰਟ ਅੱਜ ਸੁਣਾਏਗੀ ਫੈਸਲਾ

11/14/2019 2:00:50 AM

ਨਵੀਂ ਦਿੱਲੀ — ਸੁਪਰੀਮ ਕੋਰਟ ਵਲੋਂ ਰਾਫੇਲ ਹਵਾਈ ਜਹਾਜ਼ਾਂ ਅਤੇ ਸਬਰੀਮਾਲਾ ਮੰਦਰ ’ਚ ਔਰਤਾਂ ਦੇ ਦਾਖਲੇ ਬਾਰੇ ਦਾਇਰ ਕੀਤੀਆਂ ਗਈਆਂ ਰੀਵਿਊ ਪਟੀਸ਼ਨਾਂ ’ਤੇ ਫੈਸਲਾ ਸੁਣਾਇਆ ਜਾਏਗਾ। ਦੋਹਾਂ ਅਹਿਮ ਮਾਮਲਿਆਂ ’ਤੇ ਚੀਫ ਜਸਟਿਸ ਦੀ ਅਗਵਾਈ ਵਾਲੇ ਬੈਂਚ ਵਲੋਂ ਸੁਣਵਾਈ ਕੀਤੀ ਜਾਏਗੀ। ਚੀਫ ਜਸਟਿਸ ਰੰਜਨ ਗੋਗੋਈ 17 ਨਵੰਬਰ ਨੂੰ ਸੇਵਾਮੁਕਤ ਹੋ ਰਹੇ ਹਨ ਅਤੇ ਉਹ ਸਭ ਅਹਿਮ ਬਕਾਇਆ ਪਏ ਮੁੱਦਿਆਂ ’ਤੇ ਫੈਸਲਾ ਸੁਣਾਉਣ ਲਈ ਕੰਮ ਕਰ ਰਹੇ ਹਨ।
ਸਬਰੀਮਾਲਾ ਮੰਦਰ ’ਚ ਔਰਤਾਂ ਦੇ ਦਾਖਲੇ ’ਤੇ ਲੱਗੀ ਪਾਬੰਦੀ ਨੂੰ ਹਟਾਉਂਦੇ ਹੋਏ ਸੁਪਰੀਮ ਕੋਰਟ ਨੇ ਸਭ ਉਮਰ ਦੀਆਂ ਔਰਤਾਂ ਦੇ ਦਾਖਲੇ ਦੀ ਆਗਿਆ ਦਿੱਤੀ ਸੀ। ਇਸ ਫੈਸਲੇ ਦਾ ਕਈ ਧਾਰਮਿਕ ਸੰਗਠਨਾਂ ਨੇ ਵਿਰੋਧ ਕੀਤਾ ਸੀ। ਫੈਸਲੇ ’ਤੇ ਮੁੜ ਵਿਚਾਰ ਲਈ 19 ਰੀਵਿਊ ਪਟੀਸ਼ਨਾਂ ਦਾਖਲ ਕੀਤੀਆਂ ਗਈਆਂ ਸਨ। ਇਨ੍ਹਾਂ ’ਤੇ ਵੀਰਵਾਰ ਫੈਸਲਾ ਆਏਗਾ।
ਸੁਪਰੀਮ ਕੋਰਟ ਨੇ ਰਾਫੇਲ ਲੜਾਕੂ ਹਵਾਈ ਜਹਾਜ਼ਾਂ ਦੀ ਖਰੀਦ ਦੀ ਜਾਂਚ ਐੱਸ.ਆਈ.ਟੀ. ਤੋਂ ਕਰਵਾਉਣ ਦੀ ਮੰਗ ਪਹਿਲਾਂ ਹੀ ਰੱਦ ਕਰ ਦਿੱਤੀ ਸੀ, ਬਾਅਦ ’ਚ ਸੁਪਰੀਮ ਕੋਰਟ ਨੇ ਕੁਝ ਨਵੇਂ ਤੱਥਾਂ ਦੇ ਸਾਹਮਣੇ ਆਉਣ ਦੀਆਂ ਦਲੀਲਾਂ ’ਤੇ ਰੀਵਿਊ ਪਟੀਸ਼ਨ ਪ੍ਰਵਾਨ ਕੀਤੀ ਸੀ। ਹੁਣ ਇਸ ਮਾਮਲੇ ’ਤੇ ਵੀ ਸੁਪਰੀਮ ਕੋਰਟ ਵੀਰਵਾਰ ਆਪਣਾ ਫੈਸਲਾ ਸੁਣਾਏਗੀ। ਭਾਜਪਾ ਦੀ ਇਕ ਐੱਮ.ਪੀ. ਮੀਨਾਕਸ਼ੀ ਲੇਖੀ ਵਲੋਂ ਰਾਹੁਲ ਗਾਂਧੀ ਵਿਰੁੱਧ ਦਾਇਰ ਮਾਣਹਾਨੀ ਦੇ ਮਾਮਲੇ ’ਚ ਵੀਰਵਾਰ ਆਪਣਾ ਫੈਸਲਾ ਸੁਣਾਇਆ ਜਾ ਸਕਦਾ ਹੈ।

Inder Prajapati

This news is Content Editor Inder Prajapati