ਅੱਜ ਵੀ ਨਹੀਂ ਚੱਲੀ ਸੰਸਦ, ਭਾਜਪਾ ਬੋਲੀ- ਸੋਨੀਆ, ਰਾਹੁਲ ਦਾ ਲੋਕਤੰਤਰ 'ਚ ਭਰੋਸਾ ਨਹੀਂ

03/13/2018 3:11:35 PM

ਨਵੀਂ ਦਿੱਲੀ— ਸੰਸਦ 'ਚ ਗਤੀਰੋਧ ਟੁੱਟਣ ਦਾ ਨਾਂ ਨਹੀਂ ਲੈ ਰਿਹਾ ਹੈ। ਬੀਤੇ ਹਫਤੇ ਦੀ ਤਰ੍ਹਾਂ ਸੋਮਵਾਰ ਅਤੇ ਅੱਜ ਯਾਨੀ ਮੰਗਲਵਾਰ ਨੂੰ ਵੀ ਪੂਰੇ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਸੰਸਦ ਦਾ ਕੰਮਕਾਰ ਠੱਪ ਹੈ। ਸੰਸਦੀ ਮਾਮਲਿਆਂ ਦੇ ਮੰਤਰੀ ਅਨੰਤ ਕੁਮਾਰ ਨੇ ਸਦਨ ਦੀ ਕਾਰਵਾਈ ਨਾ ਚੱਲਣ ਨੂੰ ਲੈ ਕੇ ਕਾਂਗਰਸ ਪਾਰਟੀ 'ਤੇ ਨਿਸ਼ਾਨਾ ਸਾਧਿਆ ਹੈ। ਭਾਜਪਾ ਸੰਸਦੀ ਬੋਰਡ ਦੀ ਬੈਠਕ ਤੋਂ ਬਾਅਦ ਉਨ੍ਹਾਂ ਨੇ ਕਿਹਾ,''ਅਸੀਂ ਕਾਂਗਰਸ ਅਤੇ ਦੂਜੀਆਂ ਪਾਰਟੀਆਂ ਨੂੰ ਬੇਨਤੀ ਕਰਦੇ ਹਾਂ ਕਿ ਸਦਨ ਦੀ ਕਾਰਵਾਈ ਨੂੰ ਚੱਲਣ ਦਿਓ। ਅਜਿਹਾ ਲੱਗਦਾ ਹੈ ਕਿ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਲੋਕਤੰਤਰ 'ਚ ਭਰੋਸਾ ਨਹੀਂ ਰੱਖਦੇ ਹਨ। ਉਹ ਬਾਹਰ ਲੋਕਤੰਤਰ ਦੀ ਗੱਲ ਕਰਦੇ ਹਨ ਪਰ ਸਦਨ ਦੇ ਅੰਦਰ ਉਸ ਦਾ ਪਾਲਣ ਨਹੀਂ ਕਰਦੇ ਹਨ। ਕਾਂਗਰਸ ਦੀ ਆਤਮਾ 'ਚ ਹੀ ਲੋਕਤੰਤਰ ਨਹੀਂ ਹੈ। 

ਅਨੰਤ ਕੁਮਾਰ ਦਾ ਕਹਿਣਾ ਹੈ ਕਿ ਅਸੀਂ ਚਰਚਾ ਲਈ ਤਿਆਰ ਹਾਂ, ਇਸ ਲਈ ਪਾਰਟੀਆਂ ਸੰਸਦ ਨੂੰ ਚੱਲਣ ਦੇਣ। ਉਨ੍ਹਾਂ ਨੇ ਕਿਹਾ,''ਅਸੀਂ ਸਾਰੇ ਮਹੱਤਵਪੂਰਨ ਮਾਮਲਿਆਂ ਨੂੰ ਵਪਾਰਕ ਸੂਚੀ 'ਚ ਸ਼ਾਮਲ ਕੀਤਾ ਹੈ। ਸਾਨੂੰ ਆਪਣੇ ਸੰਸਦ ਮੈਂਬਰਾਂ ਲਈ 3 ਲਾਈਨ ਦਾ ਵਹਿਪ ਜਾਰੀ ਕੀਤਾ ਹੈ। ਅਸੀਂ ਸਾਰੀਆਂ ਪਾਰਟੀਆਂ ਤੋਂ ਅਪੀਲ ਕਰਦੇ ਹਾਂ ਕਿ ਉਹ ਸੰਸਦ ਦੇ ਕੰਮ ਨੂੰ ਸਹੀ ਢੰਗ ਨਾਲ ਚੱਲਣ ਦੇਣ ਅਤੇ ਅਸੀਂ ਗੱਲਬਾਤ ਲਈ ਤਿਆਰ ਹਾਂ। ਅੱਜ ਵੀ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਬੁੱਧਵਾਰ ਤੱਕ ਲਈ ਅਤੇ ਰਾਜ ਸਭਾ ਦੀ ਕਾਰਵਾਈ ਨੂੰ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ।

ਭਾਜਪਾ ਵੱਲੋਂ ਨਿਸ਼ਾਨਾ ਸਾਧਨ 'ਤੇ ਕਾਂਗਰਸ ਨੇਤਾ ਮਲਿਕਾਰਜੁਨ ਖੜਗੇ ਨੇ ਪਲਟਵਾਰ ਕਰਦੇ ਹੋਏ ਕਿਹਾ ਹੈ ਕਿ ਭਾਜਪਾ ਗਣਤੰਤਰ ਨੂੰ ਖਤਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ,''ਭਾਜਾਪ ਡੈਮੋਕ੍ਰੇਸੀ (ਲੋਕਤੰਤਰ) ਨੂੰ ਖਤਮ ਕਰਨ ਲਈ ਕੀ-ਕੀ ਕਰਨਾ ਚਾਹੀਦਾ, ਉਹ ਕਦਮ ਚੁੱਕ ਰਹੀ ਹੈ ਅਤੇ ਦੂਜਿਆਂ ਨੂੰ ਪਾਠ ਪੜ੍ਹਾ ਰਹੀ ਹੈ ਕਿ ਕਾਂਗਰਸ ਚਰਚਾ ਨਹੀਂ ਚਾਹੁੰਦੀ। ਜ਼ਿਕਰਯੋਗ ਹੈ ਕਿ ਪੀ.ਐੱਨ.ਬੀ. ਘੁਟਾਲਾ, ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦਿਵਾਉਣ ਸਮੇਤ ਕਈ ਮੁੱਦਿਆਂ ਨੂੰ ਲੈ ਕੇ ਵਿਰੋਧੀ ਸਰਕਾਰ ਨੂੰ ਘੇਰ ਰਹੀ ਹੈ। ਹੰਗਾਮੇ ਕਾਰਨ ਸੋਮਵਾਰ ਨੂੰ ਵੀ ਦੋਹਾਂ ਸਦਨਾਂ ਦੀ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ ਸੀ।