ਕੋਰੋਨਾ ਦੇ ਡਰ ਕਾਰਨ ਭਾਰਤ ਓਲੰਪਿਕ 'ਚ ਆਪਣੀ ਟੀਮ ਭੇਜਣ 'ਤੇ ਅੱਜ ਕਰ ਸਕਦੈ ਫੈਸਲਾ

03/23/2020 4:48:12 PM

ਨਵੀਂ ਦਿੱਲੀ : ਕੋਰੋਨਾ ਵਾਇਰਸ ਕਾਰਨ ਟੋਕੀਓ ਓਲੰਪਿਕ 'ਤੇ ਸੰਕਟ ਦੇ ਬੱਦਲ ਮੰਡਰਾਉਣ ਲੱਗੇ ਹਨ। ਜੁਲਾਈ ਵਿਚ ਹੋਣ ਵਾਲੇ ਓਲੰਪਿਕ ਨੂੰ ਮੁਲਤਵੀ ਕੀਤਾ ਜਾ ਸਕਦਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਇਸ ਮਹਾਮਾਰੀ ਦੇ ਖਤਰੇ ਨੂੰ ਦੇਖਦਿਆਂ ਕੈਨੇਡਾ ਨੇ ਓਲੰਪਿਕ ਵਿਚ ਆਪਣੀ ਟੀਮ ਨਾ ਭੇਜਣ ਦਾ ਫੈਸਲਾ ਕੀਤਾ ਹੈ। ਇਸ ਤੋਂ ਬਾਅਦ ਭਾਰਤ ਵੀ ਓਲੰਪਿਕ ਵਿਚ ਆਪਣੀ ਹਿੱਸੇਦਾਰੀ ਨੂੰ ਲੈ ਕੇ ਵੱਡਾ ਫੈਸਲਾ ਕਰ ਸਕਦਾ ਹੈ। ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦਿਆਂ ਭਾਰਤ ਓਲੰਪਿਕ ਤੋਂ ਬਾਹਰ ਹੋਵੇਗਾ ਜਾਂ ਨਹੀਂ, ਇਸ 'ਤੇ ਭਾਰਤੀ ਓਲੰਪਿਕ ਸੰਘ (ਆਈ. ਓ. ਏ) ਦੇ ਜਰਨਲ ਸਕੱਤਰ ਰਾਜੀਵ ਮਿਹਤਾ ਨੇ ਕਿਹਾ ਹੈ ਕਿ ਐਸੋਸੀਏਸ਼ਨ ਨੇ ਗੰਭੀਰਤਾ ਦੇ ਹਾਲਾਤ 'ਤੇ ਨਜ਼ਰ ਬਣਾ ਕੇ ਰੱਖੀ ਹੈ। ਉਸ ਨੇ ਕਿਹਾ ਕਿ ਉਹ ਅੱਜ ਭਾਵ 23 ਮਾਰਚ ਨੂੰ ਖੇਡ ਮੰਤਰੀ ਨਾਲ ਗੱਲ ਕਰਨਗੇ। ਭਾਰਤ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਕੈਨੇਡਾ ਨੇ ਟੀਮ ਭੇਜਣ ਤੋਂ ਇਨਕਾਰ ਕਰ ਦਿੱਤਾ ਹੈ। ਆਸਟਰੇਲੀਆ ਨੇ ਵੀ  ਸਵਾਲ ਚੁੱਕੇ ਹਨ। ਭਾਰਤ ਨੇ ਅਜੇ ਇਸ 'ਤੇ ਕੋਈ ਫੈਸਲਾ ਨਹੀਂ ਕੀਤਾ ਹੈ।

ਇਸ ਤੋਂ ਪਹਿਲਾਂ ਕੋਰੋਨਾ ਵਾਇਰਸ ਕਾਰਨ ਓਲੰਪਿਕ ਦੇ ਆਯੋਜਨ ਨੂੰ ਲੈ ਕੇ ਖ਼ਤਰੇ ਵਿਚਾਲੇ ਕੈਨੇਡਾ ਨੇ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਉਹ ਇਸ ਦੇ ਖ਼ਤਰੇ ਨੂੰ ਦੇਖਦੇ ਹੋਏ ਇਸ ਸਾਲ ਹੋਣ ਵਾਲੇ ਟੋਕੀਓ ਓਲੰਪਿਕ ’ਚ ਆਪਣੇ ਐਥਲੀਟਾਂ ਨੂੰ ਨਹੀਂ ਭੇਜੇਗਾ। ਉਸ ਨੇ ਨਾਲ ਹੀ ਓਲੰਪਿਕ ਨੂੰ ਇਕ ਸਾਲ ਲਈ ਮੁਲਤਵੀ ਕਰਨ ਦੀ ਮੰਗ ਕੀਤੀ ਹੈ। ਓਲੰਪਿਕ ਦਾ ਆਯੋਜਨ ਜਾਪਾਨ ਦੇ ਟੋਕੀਓ ’ਚ 24 ਜੁਲਾਈ ਤੋਂ 9 ਅਗਸਤ ਤਕ ਹੋਣਾ ਹੈ ਪਰ ਵਿਸ਼ਵ ਮਹਾਮਾਰੀ ਦਾ ਰੂਪ ਲੈ ਚੁੱਕੇ ਕੋਰੋਨਾ ਵਾਇਰਸ ਦੇ ਕਾਰਨ ਖੇਡ ਜਗਤ ਕਾਫੀ ਪ੍ਰਭਾਵਿਤ ਹੋਇਆ ਹੈ ਅਤੇ ਅਜਿਹੇ ’ਚ ਓਲੰਪਿਕ ਦੇ ਆਯੋਜਨ ’ਤੇ ਖ਼ਤਰਾ ਮੰਡਰਾ ਰਿਹਾ ਹੈ।

Ranjit

This news is Content Editor Ranjit