ਅਯੋਧਿਆ ਮਾਮਲਾ ਸੁਝਾਉਣ ਲਈ ਮੌਲਾਨਾ ਸਲਮਾਨ ਨਦਵੀ ''ਤੇ ਲੱਗਾ ਮੋਟੀ ਰਿਸ਼ਵਤ ਮੰਗਣ ਦਾ ਦੋਸ਼

02/15/2018 1:07:58 PM

ਲਖਨਊ — ਰਾਮ ਮੰਦਰ ਬਣਾਉਣ ਦੇ ਪੱਖ 'ਚ ਖੜ੍ਹੇ ਹੋਣ ਵਾਲੇ ਮੌਲਾਨਾ ਸਲਮਾਨ ਨਦਵੀ 'ਤੇ ਰਿਸ਼ਵਤ ਲੈਣ ਦਾ ਵੱਡਾ ਦੋਸ਼ ਲੱਗਾ ਹੈ। ਦਰਅਸਲ ਸ਼੍ਰੀ ਸ਼੍ਰੀ ਰਵੀਸ਼ੰਕਰ ਦੇ ਨਜ਼ਦੀਕੀ ਅਮਰਨਾਥ ਮਿਸ਼ਰਾ ਨੇ ਨਦਵੀ 'ਤੇ ਦੋਸ਼ ਲਗਾਇਆ ਹੈ ਕਿ ਉਹ ਮੰਦਰ ਦਾ ਦਾਅਵਾ ਛੱਡਣ ਦੇ ਬਦਲੇ 1000 ਕਰੋੜ ਰੁਪਏ ਦਾ ਸੌਦਾ ਚਾਹੁੰਦੇ ਹਨ ਅਤੇ ਇਸੇ ਫਾਰਮੂਲੇ ਦੇ ਤਹਿਤ ਉਹ ਸ਼੍ਰੀ ਸ਼੍ਰੀ ਨਾਲ ਮੁਲਾਕਾਤ ਕਰਨ ਲਈ ਆਏ ਸਨ।

1000 ਕਰੋੜ ਦੀ ਡੀਲ ਕਰਨਾ ਚਾਹੁੰਦੇ ਸਨ ਨਦਵੀ : ਮਿਸ਼ਰਾ
ਮਿਸ਼ਰਾ ਨੇ ਕਿਹਾ ਕਿ ਜਿਸ ਸਮੇਂ ਰਾਮ ਜਨਮ ਭੂਮੀ ਸਦਭਾਵਨਾ ਕਮੇਟੀ ਦੇ ਪ੍ਰਧਾਨ ਅਤੇ ਸ਼੍ਰੀ ਸ਼੍ਰੀ ਰਵੀਸ਼ੰਕਰ ਨੂੰ ਮਿਲਣ ਲਈ ਨਦਵੀ ਅਤੇ ਹੋਰ ਦੂਸਰੇ ਮੁਸਲਿਮ ਨੇਤਾ ਆਏ ਸਨ। ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਵਿਵਾਦ ਨੂੰ ਹੱਲ ਕਰਨ ਲਈ ਇਕ ਫਾਰਮੂਲਾ ਹੈ। ਪਰ ਇਸ ਮੀਟਿੰਗ ਦੌਰਾਨ ਸਲਮਾਨ ਨਦਵੀ ਨੇ 1 ਹਜ਼ਾਰ ਕਰੋੜ ਰੁਪਏ, ਅਯੋਧਿਆ 'ਚ 200 ਏਕੜ ਜ਼ਮੀਨ ਅਤੇ ਰਾਜ ਸਭਾ ਦੀ ਸੀਟ ਦੀ ਮੰਗ ਕੀਤੀ। 
ਦੋਸ਼ਾਂ ਦੇ ਜਵਾਬ 'ਚ ਨਦਵੀ ਨੇ ਦਿੱਤੀ ਸਫਾਈ
ਇਸ ਗੰਭੀਰ ਦੋਸ਼ ਦੇ ਜਵਾਬ ਵਿਚ ਨਦਵੀ ਨੇ ਕਿਹਾ ਕਿ ਮੈਂ ਅਮਰਨਾਥ ਮਿਸ਼ਰਾ ਨੂੰ ਜਾਣਦਾ ਹੀ ਨਹੀਂ ਹਾਂ। ਜੇਕਰ ਇਸ ਤਰ੍ਹਾਂ ਦੇ ਦੋਸ਼ ਲਗਾਏ ਜਾ ਰਹੇ ਹਨ ਤਾਂ ਫਿਰਕੂਵਾਦ ਨੂੰ ਉਤਸ਼ਾਹਿਤ ਕਰਨ ਲਈ ਲਗਾਏ ਜਾ ਰਹੇ ਹਨ। ਅਜਿਹੇ ਲੋਕਾਂ ਨੂੰ ਮੰਦਰ ਜਾਂ ਮਸਜਿਦ ਨਾਲ ਕੋਈ ਮਤਲਬ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਾਰੇ ਲੋਕ ਮੇਰੇ ਫਾਰਮੂਲੇ ਤੋਂ ਡਰ ਰਹੇ ਹਨ ਕਿਉਂਕਿ ਮੈਂ ਹਿੰਦੂ-ਮੁਸਲਿਮ ਏਕਤਾ ਦੀ ਗੱਲ ਕੀਤੀ ਹੈ। ਇਸੇ ਵਜ੍ਹਾ ਕਾਰਨ ਇਹ ਲੋਕ ਵਿਵਾਦ ਨੂੰ ਕਾਇਮ ਰੱਖਣਾ ਚਾਹੁੰਦੇ ਹਨ।
ਕੌਣ ਹੈ ਨਦਵੀ?
ਮੌਲਾਨਾ ਸਲਮਾਨ ਨਦਵੀ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਦੇ ਕਾਰਜਕਾਰੀ ਮੈਂਬਰ ਸਨ। ਪਰ ਉਨ੍ਹਾਂ ਨੇ ਅਯੋਧਿਆ 'ਚ ਰਾਮ ਮੰਦਰ ਦੇ ਨਿਰਮਾਣ ਦਾ ਸਮਰਥਨ ਕਰਨ ਅਤੇ ਮਸਜਿਦ ਨੂੰ ਦੂਸਰੀ ਜਗ੍ਹਾ ਬਦਲਣ(ਸ਼ਿਫਟ) ਦੇ ਫਾਰਮੂਲੇ ਵਾਲਾ ਸੁਝਾਓ ਦਿੱਤਾ ਸੀ। ਉਸ ਤੋਂ ਬਾਅਦ ਬੋਰਡ ਉਨ੍ਹਾਂ ਨਾਲ ਨਰਾਜ਼ ਚਲ ਰਿਹਾ ਸੀ ਅਤੇ ਹੁਣ ਉਨ੍ਹਾਂ ਨੂੰ ਪਾਰਟੀ 'ਚੋਂ ਕੱਢ ਦਿੱਤਾ ਗਿਆ  ਹੈ।