ਦਿੱਲੀ ''ਚ ਟਰੱਕਾਂ ਦੇ ਦਾਖਲੇ  ''ਤੇ ਅਗਲੇ ਹੁਕਮਾਂ ਤੱਕ ਪਾਬੰਦੀ

11/09/2017 11:00:37 AM

ਨਵੀਂ ਦਿੱਲੀ— ਦਿੱਲੀ ਵਿਚ ਪ੍ਰਦੂਸ਼ਣ ਦੀ ਭਿਆਨਕ ਹਾਲਤ ਨੂੰ ਦੇਖਦੇ ਹੋਏ ਲੈਫ. ਗਵਰਨਰ ਅਨਿਲ ਬੈਜਲ ਨੇ ਬੁੱਧਵਾਰ ਨੂੰ ਇਕ ਹੰਗਾਮੀ ਬੈਠਕ ਸੱਦੀ। ਇਸ ਬੈਠਕ ਵਿਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਣੇ ਸਾਰੀਆਂ ਜ਼ਰੂਰੀ ਏਜੰਸੀਆਂ ਦੇ ਪ੍ਰਤੀਨਿਧੀਆਂ ਨੂੰ ਸੱਦਿਆ ਗਿਆ ਸੀ। ਅਜਿਹਾ ਲੱਗਦਾ ਹੈ ਕਿ ਜ਼ਹਿਰੀਲੀ ਹਵਾ 'ਤੇ ਦਿੱਲੀ ਸਰਕਾਰ ਜਾਗ ਪਈ ਹੈ। ਓਧਰ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਹਵਾ ਦੀ ਗੁਣਵੱਤਾ ਵਿਗੜ ਰਹੀ ਹੈ। ਇਸਦੇ ਕਾਰਨ ਪ੍ਰਾਇਮਰੀ ਸਕੂਲ ਐਤਵਾਰ ਤੱਕ ਬੰਦ ਰਹਿਣਗੇ।
ਇਸ ਮੀਟਿੰਗ ਵਿਚ ਜਿਹੜੇ ਉਪਾਵਾਂ 'ਤੇ ਅੰਤਿਮ ਮੋਹਰ ਲੱਗੀ ਹੈ, ਉਨ੍ਹਾਂ ਵਿਚ ਜ਼ਰੂਰੀ ਸਾਮਾਨ ਢੋਣ ਵਾਲੇ ਟਰੱਕਾਂ 'ਤੇ ਦਿੱਲੀ  ਵਿਚ ਦਾਖਲੇ 'ਤੇ ਪਾਬੰਦੀ, ਉਸਾਰੀ ਕਾਰਜ 'ਤੇ ਰੋਕ, ਇਸ ਹਫਤੇ ਦੇ ਆਖੀਰ ਵਿਚ ਸਕੂਲਾਂ ਵਿਚ ਛੁੱਟੀ ਕਰਨ, ਪਾਰਕਿੰਗ ਫੀਸ ਵਿਚ ਵਾਧਾ ਅਤੇ ਮੈਟਰੋ ਤੇ ਬੱਸਾਂ ਦੇ ਫੇਰੇ ਵਧਾਉਣ ਦੇ ਫੈਸਲੇ ਸ਼ਾਮਲ ਹਨ । ਵਰਣਨਯੋਗ ਹੈ ਕਿ ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਸਮੋਗ ਦਾ ਕਹਿਰ ਵਧ ਰਿਹਾ ਹੈ। ਲੋਕਾਂ ਨੂੰ ਸਾਹ ਲੈਣ ਵਿਚ ਪਰੇਸ਼ਾਨੀ ਹੋ ਰਹੀ ਹੈ। ਸਮੋਗ ਕਾਰਨ ਬੁੱਧਵਾਰ ਦੀ ਸਵੇਰ ਨਵੀਂ ਦਿੱਲੀ ਵਿਚ ਲਗਭਗ 53 ਰੇਲ ਗੱਡੀਆਂ ਲੇਟ ਹੋ ਗਈਆਂ, 5 ਦਾ ਸਮਾਂ ਬਦਲਿਆ ਗਿਆ। ਓਧਰ, ਇਕ ਰੇਲ ਗੱਡੀ ਨੂੰ ਰੱਦ ਵੀ ਕੀਤਾ ਗਿਆ ਹੈ। ਅਜਿਹਾ ਦੱਸਿਆ ਜਾ ਰਿਹਾ ਹੈ ਕਿ ਗੁਆਂਢੀ ਸੂਬਿਆਂ ਵਿਚ ਖੇਤਾਂ ਵਿਚ ਪਰਾਲੀ ਸਾੜੇ ਜਾਣ ਕਾਰਨ ਜੋ ਧੂੰਆਂ ਉਠਦਾ ਹੈ, ਉਹ ਦਿੱਲੀ ਤੱਕ ਆਉਂਦਾ ਹੈ। ਇਸੇ ਕਾਰਨ ਰਾਜਧਾਨੀ 'ਗੈਸ ਚੈਂਬਰ' ਵਿਚ ਤਬਦੀਲ ਹੋ ਗਈ ਹੈ।