ਸੈਲਫੀ ਦੇ ਚੱਕਰ ’ਚ ਤਲਾਬ ’ਚ 4 ਡੁੱਬੇ, 3 ਦੀ ਮੌਤ

12/11/2019 12:28:24 AM

ਰਾਜਕੋਟ - ਗੁਜਰਾਤ ’ਚ ਰਾਜਕੋਟ ਸ਼ਹਿਰ ਦੇ ਯੂਨੀਵਰਸਿਟੀ ਖੇਤਰ ’ਚ ਮੰਗਲਵਾਰ ਨੂੰ ਸੈਲਫੀ ਲੈਣ ਦੇ ਚੱਕਰ ’ਚ 4 ਲੋਕ ਤਲਾਬ ’ਚ ਡੁੱਬ ਗਏ। ਉਨ੍ਹਾਂ ’ਚੋਂ 3 ਲੋਕਾਂ ਦੀ ਡੂੰਘੇ ਪਾਣੀ ’ਚ ਡੁੱਬ ਜਾਣ ਨਾਲ ਮੌਤ ਹੋ ਗਈ। ਸੂਚਨਾ ਮਿਲਦਿਆਂ ਹੀ ਰਾਹਤ ਕਰਮਚਾਰੀ ਮੌਕੇ ’ਤੇ ਪਹੁੰਚ ਗਏ। ਜਦੋਂ ਤਕ ਉਹ ਮੌਕੇ ’ਤੇ ਪੁੱਜੇ, ਉਸ ਤੋਂ ਪਹਿਲਾਂ ਇਕ ਕੁੜੀ ਨੂੰ ਸਥਾਨਕ ਲੋਕਾਂ ਨੇ ਬਚਾ ਕੇ ਤਲਾਬ ’ਚੋਂ ਬਾਹਰ ਕੱਢ ਲਿਆ ਸੀ।

ਫਾਇਰ ਬ੍ਰਿਗੇਡ ਅਧਿਕਾਰੀ ਰਾਹੁਲ ਭਾਈ ਜੋਸ਼ੀ ਨੇ ਦੱਸਿਆ ਕਿ ਰੈਯਾਧਾਰ ਪਿੰਡ ਦੇ ਕੋਲ ਬਾਅਦ ਦੁਪਹਿਰ ਇਕ ਕੁੜੀ ਸਮੇਤ 3 ਲੋਕ ਤਲਾਬ ਦੇ ਕੋਲ ਸੈਲਫੀ ਲੈ ਰਹੇ ਸਨ। ਇਸ ਦੌਰਾਨ ਇਕ ਲੜਕਾ ਤਲਾਬ ’ਚ ਡਿਗ ਗਿਆ, ਜਿਸ ਨੂੰ ਬਚਾਉਂਦਿਆਂ ਬਾਕੀ ਦੋ ਲੋਕ ਵੀ ਤਲਾਬ ਦੇ ਪਾਣੀ ’ਚ ਡੁੱਬ ਗਏ। ਇਸ ਦੌਰਾਨ ਉੱਥੇ ਮੱਛੀਆਂ ਲਈ ਤਲਾਬ ’ਚ ਦਾਣਾ ਪਾਉਣ ਆਏ ਤ੍ਰਿਭੁਵਨਭਾਈ ਮੇਰਜਾ ਵੀ ਉਨ੍ਹਾਂ ਨੂੰ ਬਚਾਉਣ ਲਈ ਤਲਾਬ ’ਚ ਕੁੱਦ ਗਏ ਅਤੇ ਉਹ ਵੀ ਡੂੰਘੇ ਪਾਣੀ ’ਚ ਡੁੱਬ ਗਏ।

ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਕਰਮਚਾਰੀ ਮੌਕੇ ’ਤੇ ਪਹੁੰਚ ਗਏ। ਰਾਹਤ ਕਰਮਚਾਰੀਆਂ ਨੇ ਬੜੀ ਮੁਸ਼ੱਕਤ ਨਾਲ ਤਲਾਬ ’ਚ ਡੁੱਬੇ ਤਿੰਨਾਂ ਲੋਕਾਂ ਦੀਆਂ ਲਾਸ਼ਾਂ ਬਾਹਰ ਕੱਢ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤੀਆਂ। ਲਾਸ਼ਾਂ ਦੀ ਪਛਾਣ ਰੈਯਾਧਾਰ ਨਿਵਾਸੀ ਅਜੈਭਾਈ ਜੀ. ਪਰਮਾਰ (17), ਸ਼ਕਤੀਭਾਈ ਸੋਲੰਕੀ (18) ਅਤੇ ਰਾਜਕੋਟ ਦੀ ਆਸੇਪਾਲਵ ਸੋਸਾਇਟੀ ਨਿਵਾਸੀ ਤ੍ਰਿਭੁਵਨਭਾਈ ਮੇਰਜਾ (35) ਦੇ ਰੂਪ ’ਚ ਹੋਈ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਜ਼ਰੂਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Inder Prajapati

This news is Content Editor Inder Prajapati