ਹਿਮਾਚਲ ਪ੍ਰਦੇਸ਼ ਦੇ ਸਾਬਕਾ CM ਵੀਰਭੱਦਰ ਸਿੰਘ ਦੇ ਦਿਹਾਂਤ 'ਤੇ ਸੂਬੇ 'ਚ 3 ਦਿਨਾਂ ਦਾ ਸੋਗ

07/08/2021 10:42:45 AM

ਸ਼ਿਮਲਾ- ਹਿਮਾਚਲ ਪ੍ਰਦੇਸ਼ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਮਰਹੂਮ ਵੀਰਭੱਦਰ ਸਿੰਘ ਦੇ ਸਨਮਾਨ 'ਚ ਵੀਰਵਾਰ ਨੂੰ ਸੂਬੇ 'ਚ ਤਿੰਨ ਦਿਨਾ ਸੋਗ ਦਾ ਐਲਾਨ ਕੀਤਾ। ਅਧਿਕਾਰਤ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਸੀਨੀਅਰ ਕਾਂਗਰਸ ਨੇਤਾ ਵੀਰਭੱਦਰ ਸਿੰਘ ਦਾ ਲੰਬੀ ਬੀਮਾਰੀ ਤੋਂ ਬਾਅਦ ਵੀਰਵਾਰ ਤੜਕੇ ਦਿਹਾਂਤ ਹੋ ਗਿਆ। ਉਹ 87 ਸਾਲ ਦੇ ਸਨ। ਇੰਦਰਾ ਗਾਂਧੀ ਮੈਡੀਕਲ ਕਾਲਜ (ਆਈ.ਜੀ.ਐੱਮ.ਸੀ.) 'ਚ ਉਨ੍ਹਾਂ ਨੇ ਤੜਕੇ 3.40 ਵਜੇ ਆਖ਼ਰੀ ਸਾਹ ਲਿਆ। ਅਧਿਕਾਰੀ ਨੇ ਦੱਸਿਆ ਕਿ 8 ਤੋਂ ਲੈ ਕੇ 10 ਜੁਲਾਈ ਦਰਮਿਆਨ ਕਿਸੇ ਅਧਿਕਾਰਤ ਮਨੋਰੰਜਨ ਪ੍ਰੋਗਰਾਮ ਦਾ ਆਯੋਜਨ ਨਹੀਂ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ 'ਵੀਰਭੱਦਰ ਸਿੰਘ' ਦਾ ਦਿਹਾਂਤ, ਲੰਬੇ ਸਮੇਂ ਤੋਂ ਸਨ ਬੀਮਾਰ

ਸੀਨੀਅਰ ਕਾਂਗਰਸ ਨੇਤਾ 8 ਅਪ੍ਰੈਲ 1983 ਤੋਂ 26 ਦਸੰਬਰ 2017 ਤੱਕ 6 ਵਾਰ ਸੂਬੇ ਦੇ ਮੁੱਖ ਮੰਤਰੀ ਰਹੇ। ਉਹ ਮਾਰਚ 1998 ਤੋਂਮਾਰਚ 2003 ਤੱਕ ਵਿਰੋਧੀ ਧਿਰ ਦੇ ਨੇਤਾ ਵੀ ਰਹੇ। ਉਨ੍ਹਾਂ ਨੇ ਕੇਂਦਰ ਸਰਕਾਰ 'ਚ ਸੈਰ-ਸਪਾਟਾ ਅਤੇ ਨਾਗਰਿਕ ਹਵਾਬਾਜ਼ੀ ਰਾਜ ਮੰਤਰੀ ਅਤੇ ਉਦਯੋਗ ਰਾਜ ਮੰਤਰੀ ਦਾ ਅਹੁਦਾ ਵੀ ਸੰਭਾਲਿਆ। ਸਿੰਘ ਨੇ ਕੇਂਦਰੀ ਇਸਪਾਤ ਖੇਤਰ ਅਤੇ ਕੇਂਦਰੀ ਸੂਖਮ, ਲਘੁ ਅਤੇ ਮੱਧਮ ਉੱਦਮ (ਐੱਮ.ਐੱਸ.ਐੱਮ.ਈ.) ਮੰਤਰੀ ਦੇ ਰੂਪ 'ਚ ਵੀ ਕੰਮ ਕੀਤਾ। ਦਸੰਬਰ 2017 'ਚ ਉਹ ਸੋਲਨ ਜ਼ਿਲ੍ਹੇ ਦੇ ਅਰਕੀ ਵਿਧਾਨ ਸਭਾ ਖੇਤਰ ਤੋਂ 13ਵੀਂ ਵਿਧਾਨ ਸਭਾ ਲਈ ਫਿਰ ਤੋਂ ਚੁਣੇ ਗਏ ਸਨ। ਉਨ੍ਹਾਂ ਨੇ ਰਾਜ ਵਿਧਾਨ ਸਭਾ 'ਚ ਜ਼ੁਬਲ-ਕੋਟਖਈ, ਰੋਹਰੂ ਅਤੇ ਸ਼ਿਮਲਾ ਪੇਂਡੂ ਖੇਤਰ ਦਾ ਪ੍ਰਤੀਨਿਧੀਤੱਵ ਕੀਤਾ। ਉਹ ਕਈ ਵਾਰ ਹਿਮਾਚਲ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਵੀ ਰਹੇ। ਉਨ੍ਹਾਂ ਦਾ ਜਨਮ 23 ਜੂਨ 1934 ਨੂੰ ਹੋਇਆ ਸੀ।

ਇਹ ਵੀ ਪੜ੍ਹੋ : ਜੰਮੂ ਕਸ਼ਮੀਰ : 2 ਵੱਖ-ਵੱਖ ਜਗ੍ਹਾ ਮੁਕਾਬਲੇ 'ਚ ਸੁਰੱਖਿਆ ਫ਼ੋਰਸਾਂ ਨੇ 4 ਅੱਤਵਾਦੀ ਕੀਤੇ ਢੇਰ

DIsha

This news is Content Editor DIsha