'ਇਹ ਅਯੁੱਧਿਆ ਹੈ, ਇਥੇ ਜੰਗ ਨਹੀਂ ਹੁੰਦੀ'

11/11/2019 12:31:34 AM

ਲਖਨਊ (ਭਾਸ਼ਾ)- 'ਇਹ ਅਯੁੱਧਿਆ ਹੈ ਅਤੇ ਇਥੇ ਜੰਗ ਨਹੀਂ ਹੁੰਦੀ' ਤੇ ਇਹ ਧਾਰਮਿਕ ਸ਼ਹਿਰ ਪ੍ਰਾਚੀਨ ਕਾਲ ਤੋਂ ਹੀ ਪ੍ਰੇਮ ਸਦਭਾਵਨਾ ਅਤੇ ਭਾਈਚਾਰੇ ਲਈ ਜਾਣਿਆ ਜਾਂਦਾ ਰਿਹਾ ਹੈ। ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਦਾ ਅਜਿਹਾ ਮੰਨਣਾ ਹੈ। ਲਾਲ ਕੋਠੀ ਦੇ ਬਾਲਕ ਰਾਮ ਮਹੰਤ ਰਾਮਸ਼ਰਨ ਦਾਸ ਮੁਤਾਬਕ ਅਯੁੱਧਿਆ ਦਾ ਅਰਥ ਹੈ, ਜਿਥੇ ਕੋਈ ਲੜਾਕਾ ਆਪਸ 'ਚ ਇਕ-ਦੂਜੇ ਨਾਲ ਲੜਾਈ ਨਹੀਂ ਕਰਦਾ, ਯਾਨੀ ਇਥੇ ਕੋਈ ਜੰਗ ਨਹੀਂ ਕਰਦਾ। ਉਨ੍ਹਾਂ ਨੇ ਕਿਹਾ ਕਿ ਅਯੁੱਧਿਆ ਪ੍ਰਾਚੀਨ ਕਾਲ ਤੋਂ ਹੀ ਪ੍ਰੇਮ ਸਦਭਾਵਨਾ ਅਤੇ ਭਾਈਚਾਰੇ ਲਈ ਜਾਣਿਆ ਜਾਂਦਾ ਰਿਹਾ ਹੈ। ਅਯੁੱਧਿਆ ਵਾਸੀਆਂ ਦੀ ਸੋਚ ਪ੍ਰੇਮ ਭਾਵ ਵਾਲੀ, ਗੰਗਾ ਜਮੁਨਾ ਸੰਸਕ੍ਰਿਤੀ ਨੂੰ ਵਧਾਉਣ ਵਾਲੀ ਰਹੀ ਹੈ। ਲਾਲਕੋਠੀ ਅਯੁੱਧਿਆ ਵਿਚ ਗੁੱਜਰ ਸਮਾਜ ਦਾ ਸਭ ਤੋਂ ਪੁਰਾਣਾ ਮੰਦਰ ਹੈ। ਭਾਜਪਾ ਦੇ ਬੂਥ ਪ੍ਰਧਾਨ ਚੰਦ੍ਰਿਕਾ ਗੁਪਤਾ ਨੇ ਕਿਹਾ ਕਿ ਅਯੁੱਧਿਆ ਵਿਚ ਪ੍ਰੇਮ ਹੈ, ਭਾਈਚਾਰਾ ਹੈ ਖੁਸ਼ਹਾਲੀ ਹੈ, ਅਯੁੱਧਿਆ-ਇਥੇ ਜੰਗ ਨਹੀਂ ਹੋ ਸਕਦੀ, ਅਯੁੱਧਿਆ ਵਿਚ ਹਿੰਦੂ ਅਤੇ ਮੁਸਲਮਾਨ ਮਿਲ ਕੇ ਇਕੱਠੇ ਰਹਿੰਦੇ ਹਨ ਅਤੇ ਇਕੱਠੇ ਚੱਲਦੇ ਹਨ।

ਅਯੁੱਧਿਆ ਮਾਮਲੇ ਵਿਚ ਸੁਪਰੀਮ ਕੋਰਟ ਦੇ ਫੈਸਲੇ ਤੋਂ ਇਕ ਦਿਨ ਬਾਅਦ ਧਾਰਮਿਕ ਨਗਰੀ ਵਿਚ ਮਾਹੌਲ ਪੂਰੀ ਤਰ੍ਹਾਂ ਨਾਲ ਸ਼ਾਂਤ ਹੈ। ਇੰਡੀਅਨ ਯੂਨੀਅਨ ਮੁਸਲਿਮ ਲੀਗ ਉੱਤਰ ਪ੍ਰਦੇਸ਼ ਦੇ ਪ੍ਰਧਾਨ ਨਜਮੁਲ ਹਸਨ ਗਨੀ ਨੇ ਕਿਹਾ ਕਿ ਦੇਸ਼ ਆਸਥਾਵਾਂ ਨਾਲ ਨਹੀਂ, ਕਾਨੂੰਨ ਨਾਲ ਚੱਲਦਾ ਹੈ। ਨਾਲ ਹੀ ਉਨ੍ਹਾਂ ਨੇ ਖਦਸ਼ਾ ਜਤਾਇਆ ਕਿ ਆਸਥਾ ਦੇ ਨਾਮ 'ਤੇ ਆਉਣ ਵਾਲੇ ਦਿਨਾਂ ਵਿਚ ਮਥੁਰਾ, ਕਾਸ਼ੀ ਅਤੇ ਹੋਰ ਸ਼ਹਿਰਾਂ ਦੀਆਂ ਮਸਜਿਦਾਂ ਦੇ ਨਾਲ ਕਿਤੇ ਛੇੜਛਾੜ ਨਾ ਕਰ ਦਿੱਤੀ ਜਾਵੇ। ਗਨੀ ਨੇ ਕਿਹਾ ਕਿ ਅਦਾਲਤ ਦੇ ਫੈਸਲੇ ਦਾ ਸਵਾਗਤ ਹੈ।

ਭਾਜਪਾ ਨੇਤਾ ਨਿਸ਼ਿੰਦਰ ਮੋਹਨ ਮਿਸ਼ਰਾ ਨੇ ਕਿਹਾ ਕਿ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਅਯੁੱਧਿਆ ਵਿਚ ਹਿੰਦੂ ਅਤੇ ਮੁਸਲਮਾਨ ਅਮਨ ਚੈਨ ਨਾਲ ਰਹਿੰਦੇ ਆਏ ਹਨ ਅਤੇ ਅੱਗੇ ਵੀ ਰਹਿਣਗੇ। ਬਸਪਾ ਨੇਤਾ ਬਾਬੂਰਾਮ ਗੁਪਤਾ ਨੇ ਕਿਹਾ ਕਿ ਫੈਸਲੇ ਦਾ ਸਵਾਗਤ ਹੈ ਅਤੇ ਅਯੁੱਧਿਆ ਵਿਚ ਦੋਹਾਂ ਭਾਈਚਾਰਿਆਂ ਵਿਚਾਲੇ ਕਦੇ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਰਹੀ ਹੈ ਅਤੇ ਅਜੇ ਪ੍ਰੇਸ਼ਾਨੀ ਦੀ ਕੋਈ ਵੱਡੀ ਵਜ੍ਹਾ ਵੀ ਨਹੀਂ ਹੈ। ਹੋਟਲ ਕਾਰੋਬਾਰੀ ਗੋਪਾਲ ਗੁਪਤਾ ਨੇ ਕਿਹਾ ਕਿ ਅਦਾਲਤ ਵਲੋਂ ਜੋ ਫੈਸਲਾ ਆਇਆ ਹੈ, ਉਸ ਦਾ ਅਸੀਂ ਸਵਾਗਤ ਕਰਦੇ ਹਾਂ ਪਰ ਦੂਜੀ ਧਿਰ ਨੂੰ ਵੀ ਮਾਯੂਸ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਸੁਪਰੀਮ ਕੋਰਟ ਨੇ ਉਨ੍ਹਾਂ ਨਾਲ ਵੀ ਇਨਸਾਫ ਕੀਤਾ ਹੈ।

Sunny Mehra

This news is Content Editor Sunny Mehra