ਅੱਜ ਤੋਂ ਦੇਸ਼ ਭਰ 'ਚ ਬਦਲ ਰਹੇ ਹਨ ਇਹ ਨਿਯਮ, ਤੁਹਾਡੀ ਜੇਬ 'ਤੇ ਪਵੇਗਾ ਸਿੱਧਾ ਅਸਰ

11/01/2019 11:06:27 AM

ਨਵੀਂ ਦਿੱਲੀ — ਦੇਸ਼ ਭਰ 'ਚ 1 ਨਵੰਬਰ ਯਾਨੀ ਕਿ ਅੱਜ ਤੋਂ ਕਈ ਨਵੇਂ ਬੈਂਕਿੰਗ ਨਿਯਮ ਲਾਗੂ ਹੋਣ ਵਾਲੇ ਹਨ। ਇਨ੍ਹਾਂ ਬਦਲੇ ਹੋਏ ਨਿਯਮਾਂ ਦਾ ਸਿੱਧਾ ਅਸਰ  ਦੇਸ਼ ਦੀ ਜਨਤਾ ਅਤੇ ਵਿੱਤੀ ਬਜਟ 'ਤੇ ਪੈਣ ਵਾਲਾ ਹੈ। 1 ਨਵੰਬਰ ਨੂੰ ਸਟੇਟ ਬੈਂਕ ਆਫ ਇੰਡੀਆ(SBI) ਨੇ ਡਿਪਾਜ਼ਿਟ 'ਤੇ ਵਿਆਜ ਦਰਾਂ 'ਚ ਬਦਲਾਅ ਕਰ ਦਿੱਤਾ ਹੈ। ਇਸ ਤੋਂ ਇਲਾਵਾ ਅੱਜ ਤੋਂ ਹੀ ਗਾਹਕਾਂ ਜਾਂ ਮਰਚੈਂਟ ਤੋਂ ਐਮ.ਡੀ.ਆਰ.(MDR) ਵੀ ਨਹੀਂ ਵਸੁਲਿਆ ਜਾਵੇਗਾ। ਇਸ ਦੇ ਨਾਲ ਹੀ ਕੁਝ ਸੂਬਿਆਂ 'ਚ ਬੈਂਕਾਂ ਦੇ ਕੰਮਕਾਜ ਦੇ ਸਮੇਂ 'ਚ ਵੀ ਬਦਲਾਅ ਹੋਇਆ ਹੈ।

SBI ਡਿਪਾਜ਼ਿਟ 'ਤੇ ਵਿਆਜ ਦੀਆਂ ਦਰਾਂ ਬਦਲੀਆਂ

SBI ਬੈਂਕ ਦੇ ਗਾਹਕਾਂ ਲਈ 1 ਨਵੰਬਰ ਤੋਂ ਵਿਆਜ ਦੀ ਦਰ ਬਦਲ ਗਈ ਹੈ। 1 ਲੱਖ ਰੁਪਏ ਦੇ ਡਿਪਾਜ਼ਿਟ 'ਤੇ ਵਿਆਜ ਦੀ ਦਰ 3.50 ਤੋਂ ਘਟ ਕੇ 3.25 ਰਹਿ ਗਈ ਹੈ। ਇਸ ਦੇ ਨਾਲ ਹੀ 1 ਲੱਖ ਰੁਪਏ ਤੋਂ ਉੱਪਰ ਦੇ ਡਿਪਾਜ਼ਿਟ 'ਤੇ ਪਹਿਲਾਂ ਦੀ ਤਰ੍ਹਾਂ ਹੀ ਵਿਆਜ ਮਿਲਦਾ ਰਹੇਗਾ। ਹਾਲਾਂਕਿ ਸਟੇਟ ਬੈਂਕ ਪਹਿਲਾਂ ਹੀ ਇਕ ਲੱਖ ਤੋਂ ਉੱਪਰ ਦੇ ਡਿਪਾਜ਼ਿਟ ਵਾਲੇ ਬੈਂਕ ਖਾਤੇ ਦੀ ਵਿਆਜ ਦਰ ਨੂੰ ਰੇਪੋ ਦਰ ਨਾਲ ਜੋੜਣ ਦਾ ਐਲਾਨ ਕਰ ਚੁੱਕਾ ਹੈ। ਇਸ ਸਮੇਂ ਰੇਪੋ ਦਰ 3 ਫੀਸਦੀ ਹੈ।

ਗਾਹਕਾਂ ਜਾਂ ਕਾਰੋਬਾਰੀਆਂ ਤੋਂ MDR ਨਹੀਂ ਵਸੂਲਿਆ ਜਾਵੇਗਾ

ਵਿੱਤ ਮੰਤਰਾਲੇ ਨੇ ਪੇਮੈਂਟ ਦੇ ਨਿਯਮਾਂ 'ਚ ਬਦਲਾਅ ਕਰ ਦਿੱਤਾ ਹੈ। ਇਹ ਨਿਯਮ 50 ਕਰੋੜ ਰੁਪਏ ਤੋਂ ਜ਼ਿਆਦਾ ਦੇ ਟਰਨਓਵਰ ਵਾਲੇ ਕਾਰੋਬਾਰੀਆਂ 'ਤੇ ਲਾਗੂ ਹੋਵੇਗਾ। ਇਸ ਦੇ ਤਹਿਤ ਕਾਰੋਬਾਰੀਆਂ ਲਈ ਡਿਜੀਟਲ ਪੇਮੈਂਟ ਲੈਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਹਾਲਾਂਕਿ ਗਾਹਕਾਂ ਜਾਂ ਕਾਰੋਬਾਰੀਆਂ ਤੋਂ ਇਸ ਦੇ ਬਦਲੇ MDR ਜਾਂ ਕਿਸੇ ਤਰ੍ਹਾਂ ਦਾ ਚਾਰਜ ਨਹੀਂ ਵਸੂਲਿਆ ਜਾਵੇਗਾ। 

ਮਹਾਰਾਸ਼ਟਰ 'ਚ ਬਦਲਿਆ ਬੈਂਕ ਖੁੱਲ੍ਹਣ ਅਤੇ ਬੰਦ ਹੋਣ ਦਾ ਸਮਾਂ

ਮਹਾਰਾਸ਼ਟਰ ਦੇ ਸਾਰੇ PSU ਬੈਂਕਾਂ ਲਈ 1 ਨਵੰਬਰ ਨੂੰ ਨਵਾਂ ਟਾਈਮਟੇਬਲ ਲਾਗੂ ਹੋਵੇਗਾ। ਇਸ ਨਵੇਂ ਟਾਈਮ ਟੇਬਲ ਮੁਤਾਬਕ ਰਿਹਾਇਸ਼ੀ ਇਲਾਕੇ ਦੇ ਬੈਂਕ ਸਵੇਰੇ 9 ਵਜੇ ਤੋਂ ਸ਼ਾਮ ਦੇ 4 ਵਜੇ ਤੱਕ ਖੁੱਲ੍ਹੇ ਰਹਿਣਗੇ। ਇਸ ਦੇ ਨਾਲ ਹੀ ਬੈਂਕਾਂ 'ਚ ਵਿੱਤੀ ਕੰਮਕਾਜ ਸਵੇਰੇ 11 ਵਜੇ ਤੋਂ ਸ਼ਾਮ 6 ਵਜੇ ਤੱਕ ਹੋਣਗੇ। ਕੁਝ ਬੈਂਕ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਖੁੱਲ੍ਹੇ ਰਹਿਣਗੇ। ਇਸ ਤੋਂ ਇਲਾਵਾ ਕੁਝ ਇਲਾਕਿਆਂ 'ਚ ਵਿੱਤੀ ਕੰਮਕਾਜ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਹੋਣਗੇ।

ਰਸੌਈ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਵੀ ਹੋਇਆ ਵਾਧਾ

ਅੱਜ ਤੋਂ ਰਸੌਈ ਗੈਸ ਸਿਲੰਡਰ ਦੀ ਕੀਮਤ 'ਚ ਵੀ ਵਾਧਾ ਹੋ ਗਿਆ ਹੈ। ਲਗਾਤਾਰ ਤੀਜੇ ਮਹੀਨੇ ਰਸੌਈ ਗੈਸ ਦੀਆਂ ਕੀਮਤਾਂ 'ਚ ਵਾਧਾ ਦਰਜ ਕੀਤਾ ਗਿਆ ਹੈ। ਦੇਸ਼ ਦੇ ਪ੍ਰਮੁੱਖ ਮਹਾਨਗਰਾਂ 'ਚ ਬਿਨਾਂ ਸਬਸਿਡੀ ਵਾਲਾ ਗੈਸ ਸਿਲੰਡਰ ਕਰੀਬ 77 ਰੁਪਏ ਮਹਿੰਗਾ ਹੋਇਆ ਹੈ।
ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ 14.2 ਕਿਲੋਗ੍ਰਾਮ ਵਾਲੇ ਸਿਲੰਡਰ ਦੀ ਕੀਮਤ 'ਚ 1 ਨਵੰਬਰ ਤੋਂ 76.5 ਰੁਪਏ ਦਾ ਵਾਧਾ ਕੀਤਾ ਗਿਆ ਹੈ। ਕੀਮਤ ਵਧਣ ਦੇ ਬਾਅਦ ਦਿੱਲੀ 'ਚ 1 ਨਵੰਬਰ ਤੋਂ ਬਿਨਾਂ ਸਬਸਿਡੀ ਵਾਲੇ 14.2 ਕਿਲੋਗ੍ਰਾਮ ਦੇ ਸਿਲੰਡਰ ਦੀ ਕੀਮਤ 681.50 ਰੁਪਏ ਹੋ ਗਈ ਹੈ।19 ਕਿਲੋ ਵਾਲੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 'ਚ 119 ਰੁਪਏ ਦਾ ਵਾਧਾ ਹੋਇਆ ਹੈ। ਨਵੀਂ ਕੀਮਤ ਲਾਗੂ ਹੋਣ ਦੇ ਬਾਅਦ ਇਸ ਸਿਲੰਡਰ ਦੀ ਕੀਮਤ  1204 ਰੁਪਏ ਹੋ ਗਈ ਹੈ। ਇਸ ਤੋਂ ਪਹਿਲਾਂ ਅਕਤੂਬਰ 'ਚ ਇਹ ਸਿਲੰਡਰ 1085 ਰੁਪਏ 'ਚ ਮਿਲ ਰਿਹਾ ਸੀ। ਇਸ ਤੋਂ ਇਲਾਵਾ 5 ਕਿਲੋ ਵਾਲਾ ਸਿਲੰਡਰ ਹੁਣ 264.50 ਰੁਪਏ 'ਚ ਮਿਲੇਗਾ।

ਅੱਜ ਤੋਂ ਦਿੱਲੀ 'ਚ 14.2 ਕਿਲੋ ਦੇ ਬਿਨਾਂ ਸਬਸਿਡੀ ਵਾਲੇ ਸਿਲੰਡਰ ਲਈ ਤੁਹਾਨੂੰ 681.50 ਰੁਪਏ ਦਾ ਭੁਗਤਾਨ ਕਰਨਾ ਪਵੇਗਾ। ਕੋਲਕਾਤਾ 'ਚ ਇਸ ਦੀ ਮੌਜੂਦਾ ਕੀਮਤ 706 ਰੁਪਏ ਹੈ। ਇਸ ਦੇ ਨਾਲ ਹੀ ਮੁੰਬਈ ਅਤੇ ਚੇਨਈ 'ਚ 14.2 ਕਿਲੋ ਦੇ ਬਿਨਾਂ ਸਬਸਿਡੀ ਵਾਲੇ ਸਿਲੰਡਰ ਦਾ ਭਾਅ ਕ੍ਰਮਵਾਰ 651 ਅਤੇ 696 ਰੁਪਏ ਹੈ। ਇਸ ਦੇ ਨਾਲ ਹੀ 19 ਕਿਲੋਗ੍ਰਾਮ ਵਾਲੇ ਸਿਲੰਡਰ ਦੀ ਕੀਮਤ ਦਿੱਲੀ 'ਚ 1204 ਰੁਪਏ ਹੋ ਗਈ ਹੈ। ਕੋਲਕਾਤਾ 'ਚ 1258 ਰੁਪਏ, ਮੁੰਬਈ 'ਚ 1151.50 ਰੁਪਏ ਅਤੇ ਚੇਨਈ 'ਚ ਇਸ ਦੀ ਕੀਮਤ 1319 ਰੁਪਏ ਹੋ ਗਈ ਹੈ।