ਜਲਦੀ ਹੀ ਬਦਲਣ ਵਾਲੀ ਹੈ ਸਰਕਾਰੀ ਕਰਮਚਾਰੀਆਂ ਦੀ ਰਿਟਾਇਰਮੈਂਟ ਦੀ ਉਮਰ, ਸਰਕਾਰ ਕਰ ਰਹੀ ਤਿਆਰੀ

09/21/2019 5:09:03 PM

ਨਵੀਂ ਦਿੱਲੀ — ਮੋਦੀ ਸਰਕਾਰ ਜਲਦੀ ਹੀ ਸਰਕਾਰੀ ਕਰਮਚਾਰੀਆਂ ਦੀ ਰਿਟਾਇਰਮੈਂਟ ਦੀ ਉਮਰ ਬਦਲ ਸਕਦੀ ਹੈ। ਰਿਟਾਇਰਮੈਂਟ ਦੀ ਉਮਰ ਦੋ ਤਰੀਕਿਆਂ ਨਾਲ ਤੈਅ ਹੋ ਸਕਦੀ ਹੈ। ਪਹਿਲਾਂ ਤਾਂ ਜੇਕਰ ਕਰਮਚਾਰੀ ਨੇ ਆਪਣੀ 33 ਸਾਲ ਦੀ ਸੇਵਾ ਪੂਰੀ ਕਰ ਲਈ ਹੋਵੇ ਜਾਂ ਫਿਰ ਕਰਮਚਾਰੀ ਦੀ ਉਮਰ 60 ਸਾਲ ਹੋ ਗਈ ਹੋਵੇ।
ਕੇਂਦਰ ਸਰਕਾਰ ਇਸ ਤਰਕ 'ਤੇ ਕੰਮ ਕਰ ਰਹੀ ਹੈ ਕਿ ਜਾਂ ਤਾਂ ਕਰਮਚਾਰੀ ਦੀ ਉਮਰ 60 ਸਾਲ ਹੋ ਜਾਏ ਅਤੇ ਜਾਂ ਫਿਰ 33 ਸਾਲ ਦੀ ਨੌਕਰੀ ਪੂਰੀ ਹੋ ਗਈ ਹੋਵੇ ਜਿਹੜੀ ਮਿਆਦ ਕਰਮਚਾਰੀ ਪਹਿਲਾਂ ਪੂਰੀ ਕਰ ਲਵੇ ਉਸੇ ਆਧਾਰ 'ਤੇ ਰਿਟਾਇਰਮੈਂਟ ਹੋ ਜਾਣੀ ਚਾਹੀਦੀ ਹੈ। ਰਿਟਾਇਰਮੈਂਟ ਦੀ ਇਸ ਵਿਵਸਥਾ ਨਾਲ ਸਰਕਾਰ ਨੂੰ ਹੀ ਨਹੀਂ ਸਗੋਂ ਦੂਜੇ ਕਰਮਚਾਰੀਆਂ ਅਤੇ ਨਵੀਂ ਆ ਰਹੀ ਨੌਜਵਾਨ ਪੀੜੀ ਨੂੰ ਵੀ ਇਸ ਦਾ ਲਾਭ ਮਿਲੇਗਾ।

ਸੱਤਵੇਂ ਤਨਖਾਹ ਕਮਿਸ਼ਨ ਵਿਚ ਵੀ ਕੀਤਾ ਗਿਆ ਸੀ ਜ਼ਿਕਰ 

ਸੱਤਵੇਂ ਤਨਖਾਹ ਕਮਿਸ਼ਨ 'ਚ ਰਿਟਾਇਰਮੈਂਟ ਦੀ ਉਮਰ ਬਦਲਣ ਦਾ ਜ਼ਿਕਰ ਕੀਤਾ ਗਿਆ ਹੈ। ਮਾਮਲੇ 'ਚ ਡੀ.ਓ.ਪੀ.ਟੀ. ਦੇ ਸੂਤਰਾਂ ਦਾ ਕਹਿਣਾ ਹੈ ਕਿ ਇਸ ਪ੍ਰਸਤਾਵ 'ਤੇ ਕੰਮ ਸ਼ੁਰੂ ਹੋ ਗਿਆ ਹੈ। ਜੇਕਰ ਇਹ ਰਿਟਾਇਰਮੈਂਟ ਸਕੀਮ ਲਾਗੂ ਹੋ ਜਾਂਦੀ ਹੈ, ਤਾਂ ਇਸ ਦੇ ਕਈ ਲਾਭ ਹੋ ਸਕਦੇ ਹਨ।

- ਬੈਕਲਾਗ ਦੀ ਸਮੱਸਿਆ ਦੂਰ ਹੋ ਜਾਵੇਗੀ।
- ਇਸ ਨਾਲ ਤਰੱਕੀ ਦੇ ਨਵੇਂ ਮੌਕੇ ਪੈਦਾ ਹੋਣਗੇ ਨਵੀਆਂ ਨੌਕਰੀਆਂ ਦਾ ਰਸਤਾ ਸਾਫ ਹੋ ਜਾਵੇਗਾ।
- ਕਰਮਚਾਰੀ ਜਿਹੜੇ ਲੰਮੇ ਸਮੇਂ ਤੋਂ ਤਰੱਕੀ ਆਸ ਰੱਖ ਕੇ ਬੈਠੇ ਹਨ ਉਨ੍ਹਾਂ ਨੂੰ ਮੌਕਾ ਮਿਲੇਗਾ।

ਸੁਰੱਖਿਆ ਫੋਰਸ 'ਤੇ ਪਵੇਗਾ ਅਸਰ

ਸਰਕਾਰ ਦੇ ਇਸ ਫੈਸਲੇ ਦਾ ਸਭ ਤੋਂ ਜ਼ਿਆਦਾ ਅਸਰ ਸੁਰੱਖਿਆ ਫੋਰਸ 'ਤੇ ਪਵੇਗਾ। ਇਹ ਇਸ ਲਈ ਕਿਉਂਕਿ ਫੌਜੀਆਂ ਅਤੇ ਹੋਰ ਸੁਰੱਖਿਆ ਫੋਰਸ ਦੀ ਔਸਤਨ ਲਗਭਗ 22 ਸਾਲ ਦੀ ਉਮਰ 'ਚ ਜੁਆਇਨਿੰਗ ਹੋ ਜਾਂਦੀ ਹੈ। ਇਸ ਨਾਲ ਉਨ੍ਹਾਂ ਦੀ 33 ਸਾਲ ਦੀ ਸੇਵਾ ਮਿਆਦ 55 ਸਾਲ 'ਚ ਹੀ ਪੂਰੀ ਹੋ ਜਾਵੇਗੀ। 

ਯੋਜਨਾ ਨੂੰ ਕਈ ਪੜਾਵਾਂ 'ਚ ਲਾਗੂ ਕੀਤਾ ਜਾਵੇਗਾ

ਇਹ ਯੋਜਨਾ ਕਈ ਪੜਾਵਾਂ 'ਚ ਲਾਗੂ ਕੀਤੀ ਜਾਏਗੀ। ਇਸ ਦੇ ਵਿੱਤੀ ਪ੍ਰਬੰਧਾਂ ਬਾਰੇ ਇਕ ਰਿਪੋਰਟ ਬਣਾਈ ਜਾ ਰਹੀ ਹੈ ਅਤੇ ਰਿਟਾਇਰਮੈਂਟ ਦੇ ਨਵੇਂ ਨਿਯਮ ਵਿੱਤ ਮੰਤਰਾਲੇ ਦੀ ਮਨਜ਼ੂਰੀ ਤੋਂ ਬਾਅਦ ਅਗਲੇ ਵਿੱਤੀ ਸਾਲ ਤੋਂ ਲਾਗੂ ਕੀਤੇ ਜਾਣਗੇ। ਇਹ ਯੋਜਨਾ ਆਈ.ਏ.ਐੱਸ., ਆਈ.ਪੀ.ਐਸ. ਤੋਂ ਲੈ ਕੇ ਕੇਂਦਰ ਸਰਕਾਰ ਤੱਕ ਦੀਆਂ ਸਾਰੀਆਂ ਸ਼੍ਰੇਣੀਆਂ ਦੀਆਂ ਨੌਕਰੀਆਂ ਨੂੰ ਸ਼ਾਮਲ ਕਰਦੀ ਹੈ।

ਰਟਾਇਰਮੈਂਟ ਦੀ ਉਮਰ ਵੱਖਰੀ 

ਪੱਛਮੀ ਬੰਗਾਲ 'ਚ ਮੈਡੀਕਲ ਅਧਿਆਪਕ ਲਈ ਸੇਵਾਮੁਕਤੀ ਦੀ ਉਮਰ 65 ਸਾਲ, ਡਾਕਟਰ ਲਈ 62 ਸਾਲ ਅਤੇ ਹੋਰ ਅਹੁਦਿਆਂ ਲਈ 60 ਸਾਲ ਨਿਰਧਾਰਤ ਕੀਤੀ ਗਈ ਹੈ।

ਇਨ੍ਹਾਂ ਸੂਬਿਆਂ 'ਚ ਰਿਟਾਇਰਮੈਂਟ ਦੀ ਉਮਰ 60 ਸਾਲ 

60 ਸਾਲ ਦੀ ਉਮਰ ਵਿਚ ਰਿਟਾਇਰਮੈਂਟ ਆਂਧਰਾ ਪ੍ਰਦੇਸ਼, ਤ੍ਰਿਪੁਰਾ, ਕਰਨਾਟਕ, ਅਸਾਮ, ਬਿਹਾਰ, ਮੇਘਾਲਿਆ, ਮੱਧ ਪ੍ਰਦੇਸ਼, ਛੱਤੀਸਗੜ, ਨਾਗਾਲੈਂਡ, ਗੁਜਰਾਤ, ਉਤਰਾਖੰਡ, ਉੱਤਰ ਪ੍ਰਦੇਸ਼ ਅਤੇ ਸਿੱਕਮ ਵਿਚ ਸਾਰੀਆਂ ਅਸਾਮੀਆਂ ਲਈ ਹੁੰਦੀ ਹੈ।

ਇਨ੍ਹਾਂ  ਸੂਬਿਆਂ 'ਚ ਰਿਟਾਇਰਮੈਂਟ ਦੀ ਉਮਰ 58 ਸਾਲ 

ਤੇਲੰਗਾਨਾ, ਤਾਮਿਲਨਾਡੂ, ਗੋਆ, ਅਰੁਣਾਚਲ ਪ੍ਰਦੇਸ਼, ਮਹਾਰਾਸ਼ਟਰ, ਜੰਮੂ ਕਸ਼ਮੀਰ, ਮਿਜ਼ੋਰਮ, ਮਣੀਪੁਰ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਉੜੀਸਾ 'ਚ 58 ਸਾਲ ਦੀ ਉਮਰ 'ਚ ਕਰਮਚਾਰੀ ਜਾਂ ਅਧਿਕਾਰੀ ਸੇਵਾਮੁਕਤ ਹੁੰਦੇ ਹਨ।

ਇਨ੍ਹਾਂ ਸੂਬਿਆਂ 'ਚ ਰਿਟਾਇਰਮੈਂਟ ਦੀ ਉਮਰ 56 ਸਾਲ 

ਝਾਰਖੰਡ ਅਤੇ ਕੇਰਲ ਵਿਚ ਰਿਟਾਇਰਮੈਂਟ ਦੀ ਉਮਰ 56 ਸਾਲ ਰੱਖੀ ਗਈ ਸੀ।

ਵੱਖ ਵੱਖ ਅਹੁਦਿਆਂ ਲਈ ਵੱਖਰੀ ਰਿਟਾਇਰਮੈਂਟ ਦੀ ਉਮਰ

ਇਸ ਤੋਂ ਇਲਾਵਾ ਵੱਖ-ਵੱਖ ਅਹੁਦਿਆਂ ਲਈ ਵੱਖ-ਵੱਖ ਰਿਟਾਇਰਮੈਂਟ ਉਮਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਉਦਾਹਰਣ ਵਜੋਂ ਹਰਿਆਣਾ 'ਚ ਤਕਨੀਕੀ ਕਰਮਚਾਰੀਆਂ ਦੀ ਸੇਵਾਮੁਕਤੀ ਦੀ ਉਮਰ 60 ਸਾਲ ਹੈ।