ਵਿਅਕਤੀ ਨੇ ਪਤਨੀ, ਭਰਾ ਅਤੇ ਭਰਜਾਈ ਨੂੰ ਉਤਾਰਿਆ ਮੌਤ ਦੇ ਘਾਟ

04/20/2018 4:01:16 PM

ਜੈਸਲਮੇਰ— ਜੈਸਲਮੇਰ ਦੇ ਫਲਸੂੰਡ ਥਾਣਾ ਇਲਾਕੇ 'ਚ ਵੀਰਵਾਰ ਰਾਤੀ ਇਕ ਵਿਅਕਤੀ ਨੇ ਆਪਣੇ ਭਰਾ, ਭਰਜਾਈ ਅਤੇ ਪਤਨੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਦੋਸ਼ੀ ਨੇ ਖੁਦਕੁਸ਼ੀ ਕਰਨ ਲਈ ਖੂਹ 'ਚ ਛਾਲ ਮਾਰੀ ਪਰ ਉਹ ਬਚ ਗਿਆ। ਦੋਸ਼ੀ ਦੀਆਂ 2 ਬੇਟੀਆਂ ਦਾ ਸ਼ੁੱਕਰਵਾਰ ਨੂੰ ਵਿਆਹ ਹੋਣ ਵਾਲਾ ਸੀ। ਵਾਰਦਾਤ ਦੇ ਬਾਅਦ ਪਿੰਡ 'ਚ ਤਨਾਅ ਦਾ ਮਾਹੌਲ ਹੈ। ਖੁਸ਼ੀਆਂ ਮਾਤਮ 'ਚ ਬਦਲ ਗਈਆਂ। ਦੋਸ਼ੀ ਦੀ ਮਾਨਸਿਕ ਸਥਿਤੀ ਖਰਾਬ ਦੱਸੀ ਜਾ ਰਹੀ ਹੈ।
ਵਾਰਦਾਤ ਫਲਸੂੰਡ ਥਾਣਾ ਇਲਾਕੇ ਦੇ ਬਲਾੜ ਪਿੰਡ ਪੰਚਾਇਤ ਦੇ ਰੂਪਸਰ ਪਿੰਡ 'ਚ ਹੋਈ। ਉਥੇ ਦਲਾਰਾਮ ਦੀਆਂ 2 ਬੇਟੀਆਂ ਦਾ ਸ਼ੁੱਕਰਵਾਰ ਨੂੰ ਬਾਰਾਤ ਆਉਣ ਵਾਲੀ ਸੀ ਪਰ ਇਸ ਤੋਂ ਪਹਿਲੇ ਹੀ ਵੀਰਵਾਰ ਰਾਤ ਨੂੰ ਦਲਾਰਾਮ ਨੇ ਘਰ 'ਚ ਸੌ ਰਹੀ ਪਤਨੀ ਕਮਲਾ, ਭਰਾ ਰੇਤਵਰਾਮ ਅਤੇ ਭਰਜਾਈ ਹਰੀਆ ਦਾ ਤੇਜ਼ਧਾਰ ਹਥਿਆਰ ਨਾਲ ਵੱਢ ਕੇ ਕਤਲ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਦਲਾਰਾਮ ਨੇ ਆਤਮ-ਹੱਤਿਆ ਦੇ ਇਰਾਦੇ ਨਾਲ ਘਰ ਨੇੜੇ ਬਣੇ ਇਕ ਪੁਰਾਣੇ ਖੂਹ 'ਚ ਛਾਲ ਮਾਰ ਦਿੱਤੀ। ਰਾਤ ਨੂੰ ਵਾਰਦਾਤ ਦੀ ਜਾਣਕਾਰੀ ਕਿਸੇ ਨੂੰ ਨਹੀਂ ਹੋ ਸਕੀ। ਸਵੇਰੇ ਘਟਨਾ ਦੀ ਜਾਣਕਾਰੀ ਮਿਲਦੇ ਹੀ ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ ਨੇ ਫਲਸੂੰਡ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਸੂਚਨਾ 'ਤੇ ਪੁਲਸ ਮੌਕੇ 'ਤੇ ਪੁੱਜੀ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਖੂਹ 'ਚ ਡਿੱਗੇ ਦਲਾਰਾਮ ਨੂੰ ਬਾਹਰ ਕੱਢਿਆ ਅਤੇ ਉਹ ਜ਼ਿੰਦਾ ਮਿਲਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਉਥੇ ਦਲਾਰਾਮ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਜੋਧਪੁਰ ਦੇ ਮਥੁਰਾਦਾਸ ਮਾਥੁਰ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ ਹੈ। ਪੁਲਸ ਕਤਲ 'ਚ ਵਰਤੇ ਗਏ ਹਥਿਆਰ ਦੀ ਤਲਾਸ਼ ਕਰ ਰਹੀ ਹੈ। ਰਿਸ਼ਤੇਦਾਰਾਂ ਦੇ ਬਿਆਨ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਦਲਾਰਾਮ ਦੀ ਮਾਨਸਿਕ ਸਥਿਤੀ ਠੀਕ ਨਹੀਂ ਹੈ। ਉਸ ਦਾ ਜੋਧਪੁਰ ਦੇ ਮਥੁਰਾਦਾਸ ਮਾਥੁਰ ਹਸਪਤਾਲ 'ਚ ਮਾਨਸਿਕ ਰੋਗ ਦਾ ਇਲਾਜ ਵੀ ਚੱਲ ਰਿਹਾ ਸੀ।