ਕਈ ਰਾਜਾਂ ''ਚ ਕੈਸ਼ ਦੀ ਕਮੀ, ਸ਼ਿਵਰਾਜ ਨੇ ਕਿਹਾ- ਇਸ ਦੇ ਪਿੱਛੇ ਸਾਜਿਸ਼

04/17/2018 10:29:16 AM

ਨਵੀਂ ਦਿੱਲੀ— ਗੁਜਰਾਤ, ਬਿਹਾਰ ਅਤੇ ਮੱਧ ਪ੍ਰਦੇਸ਼ 'ਚ ਨਕਦੀ ਦਾ ਸੰਕਟ ਪੈਦਾ ਹੋ ਗਿਆ ਹੈ। ਨਿਊਜ ਏਜੰਸੀ ਅਨੁਸਾਰ, ਇਕ ਬੈਂਕ ਅਫ਼ਸਰ ਦਾ ਕਹਿਣਾ ਹੈ ਕਿ ਰਿਜ਼ਰਵ ਬੈਂਕ ਵੱਲੋਂ ਨਕਦੀ ਦਾ ਪ੍ਰਵਾਹ ਘੱਟਣ ਕਾਰਨ ਇਹ ਹਾਲਾਤ ਪੈਦਾ ਹੋਏ ਹਨ। ਇਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਾਜ ਸਰਕਾਰਾਂ ਵੀ ਆਰ.ਬੀ.ਆਈ. ਦੇ ਸੰਪਰਕ 'ਚ ਹੈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਸ ਦੇ ਪਿੱਛੇ ਸਾਜਿਸ਼ ਹੋਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਕਿਹਾ ਕਿ ਬਾਜ਼ਾਰ ਤੋਂ 2 ਹਜ਼ਾਰ ਰੁਪਏ ਦੇ ਨੋਟ ਗਾਇਬ ਹੋ ਰਹੇ ਹਨ। ਇਸ ਬਾਰੇ ਉਨ੍ਹਾਂ ਨੇ ਕੇਂਦਰ ਸਰਕਾਰ ਨਾਲ ਗੱਲ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਇਸ ਨਾਲ ਸਖਤੀ ਨਾਲ ਨਿਪਟੇਗੀ।

ਮੱਧ ਪ੍ਰਦੇਸ਼ ਦੇ ਸ਼ਾਜਾਪੁਰ 'ਚ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ,''ਨੋਟਬੰਦੀ ਤੋਂ ਪਹਿਲਾਂ 15 ਲੱਖ ਕਰੋੜ ਰੁਪਏ ਦੀ ਨਕਦੀ ਚਲਨ 'ਚ ਸੀ। ਨੋਟਬੰਦੀ ਤੋਂ ਬਾਅਦ ਇਹ ਵਧ ਕੇ 16 ਲੱਖ 50 ਹਜ਼ਾਰ ਕਰੋੜ ਰੁਪਏ ਹੋ ਗਈ ਪਰ ਬਾਜ਼ਾਰ ਤੋਂ 2 ਹਜ਼ਾਰ ਦਾ ਨੋਟ ਗਾਇਬ ਹੋ ਰਿਹਾ ਹੈ।'' ਮੁੱਖ ਮੰਤਰੀ ਰਾਜ 'ਚ ਕੁਝ ਥਾਂਵਾਂ 'ਤੇ ਏ.ਟੀ.ਐੱਮ. 'ਚ ਪੈਸਿਆਂ ਦੀ ਕਮੀ ਦੀਆਂ ਖਬਰਾਂ ਦਾ ਜ਼ਿਕਰ ਕਰ ਰਹੇ ਸਨ। ਮੁੱਖ ਮੰਤਰੀ ਨੇ ਕਿਹਾ,''ਪਰ 2-2 ਹਜ਼ਾਰ ਦੇ ਨੋਟ ਕਿੱਥੇ ਜਾ ਰਹੇ ਹਨ, ਕੌਣ ਦਬਾ ਕੇ ਰੱਖ ਰਿਹਾ ਹੈ ਕੌਣ ਨਕਦੀ ਦੀ ਕਮੀ ਪੈਦਾ ਕਰ ਰਿਹਾ ਹੈ। ਇਹ ਯੋਜਨਾ ਹੈ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਕਿ ਪਰੇਸ਼ਾਨੀਆਂ ਪੈਦਾ ਹੋਣ। ਸਰਕਾਰ ਇਸ ਨਾਲ ਸਖਤੀ ਨਾਲ ਨਿਪਟੇਗੀ। ਸ਼ਿਵਰਾਜ ਸਿੰਘ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਇਹ ਮੁੱਦਾ ਕੇਂਦਰ ਸਰਕਾਰ ਦੇ ਸਾਹਮਣੇ ਵੀ ਚੁੱਕਿਆ ਹੈ।