5 ਤੋਂ 15 ਜੂਨ ਤਕ ਚੱਲੇਗਾ 17ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ : ਸੂਤਰ

05/26/2019 3:42:10 PM

ਨਵੀਂ ਦਿੱਲੀ— 2019 ਦੀਆਂ ਲੋਕ ਸਭਾ ਚੋਣਾਂ 'ਚ ਨਰਿੰਦਰ ਮੋਦੀ ਦੀ ਲੀਡਰਸ਼ਿਪ ਵਿਚ ਭਾਜਪਾ ਅਗਵਾਈ ਵਾਲੀ ਐੱਨ. ਡੀ. ਏ. ਸਰਕਾਰ ਨੇ ਇਤਿਹਾਸਕ ਜਿੱਤ ਦਰਜ ਕੀਤੀ। ਇਸ ਜਿੱਤ ਮਗਰੋਂ 17ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ 5 ਤੋਂ 15 ਜੂਨ ਤਕ ਚਲੇਗਾ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਭਾਸ਼ਣ ਤੋਂ ਇਸ ਦੀ ਸ਼ੁਰੂਆਤ ਹੋਵੇਗੀ। ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ। ਦੱਸਣਯੋਗ ਹੈ ਕਿ 16ਵੀਂ ਲੋਕ ਸਭਾ ਦਾ ਕਾਰਜਕਾਲ 3 ਜੂਨ ਨੂੰ ਖਤਮ ਹੋ ਰਿਹਾ ਹੈ। ਰਾਸ਼ਟਰਪਤੀ ਨੇ ਕੱਲ ਯਾਨੀ ਕਿ ਸ਼ਨੀਵਾਰ ਨੂੰ16ਵੀਂ ਲੋਕ ਸਭਾ ਨੂੰ ਭੰਗ ਕਰ ਦਿੱਤਾ ਹੈ ਅਤੇ ਵੱਡੀ ਲੀਡ ਨਾਲ ਜਿੱਤ ਕਰਨ ਵਾਲੇ ਨਰਿੰਦਰ ਮੋਦੀ 30 ਮਈ ਨੂੰ ਸਹੁੰ ਚੁੱਕਣਗੇ।

ਇਹ 3 ਅੰਗ ਸੰਸਦ ਦੇ ਮਜ਼ਬੂਤ ਥੰਮ੍ਹ—
ਭਾਰਤੀ ਸੰਸਦ ਦੇ ਤਿੰਨ ਮਜ਼ਬੂਤ ਥੰਮ੍ਹ ਰਾਸ਼ਟਰਪਤੀ, ਰਾਜ ਸਭਾ ਅਤੇ ਲੋਕ ਸਭਾ ਹੁੰਦੇ ਹਨ। ਸੰਸਦ ਦਾ ਸੰਚਾਲਨ ਨਵੀਂ ਦਿੱਲੀ ਸਥਿਤ ਸੰਸਦ ਭਵਨ ਤੋਂ ਹੁੰਦਾ ਹੈ। ਰਾਸ਼ਟਰਪਤੀ ਕੋਲ ਦੋਹਾਂ 'ਚੋਂ ਕਿਸੇ ਵੀ ਸਦਨ ਨੂੰ ਬੁਲਾਉਣ, ਮੁਲਤਵੀ ਕਰਨ ਅਤੇ ਲੋਕ ਸਭਾ ਨੂੰ ਭੰਗ ਕਰਨ ਦੀ ਸ਼ਕਤੀ ਹੁੰਦੀ ਹੈ। ਲੋਕ ਸਭਾ ਵਿਚ ਦੇਸ਼ ਦੀ ਜਨਤਾ ਵਲੋਂ ਚੁਣੇ ਗਏ ਪ੍ਰਤੀਨਿਧੀ ਹੁੰਦੇ ਹਨ। ਇਨ੍ਹਾਂ ਦੀ ਗਿਣਤੀ 545 ਹੈ। ਜੇਕਰ ਗੱਲ ਰਾਜ ਸਭਾ ਦੀ ਕੀਤੀ ਜਾਵੇ ਤਾਂ ਇਹ ਇਕ ਸਥਾਈ ਸਦਨ ਹੈ। ਇਸ ਵਿਚ ਮੈਂਬਰਾਂ ਦੀ ਗਿਣਤੀ 250 ਹੈ। ਰਾਜ ਸਭਾ ਦੇ ਮੈਂਬਰ 6 ਸਾਲਾਂ ਲਈ ਚੁਣੇ ਜਾਂਦੇ ਹਨ। ਰਾਜ ਸਭਾ ਦੇ ਇਕ ਤਿਹਾਈ ਮੈਂਬਰ ਹਰੇਕ 2 ਸਾਲ ਵਿਚ ਸੇਵਾਮੁਕਤ ਹੋ ਜਾਂਦੇ ਹਨ।

Tanu

This news is Content Editor Tanu