ਦੁਲਹਨ ਲੈਣ ਗਏ ਬਰਾਤੀਆਂ ਨਾਲ ਵਾਪਰਿਆ ਦਰਦਨਾਕ ਹਾਦਸਾ, ਲਾੜੇ ਦੀ ਮਾਂ ਸਮੇਤ 6 ਲੋਕਾਂ ਦੀ ਮੌਤ

12/13/2017 8:55:10 AM

ਅੰਬਾਲਾ — ਹਰਿਆਣਾ ਦੇ ਅੰਬਾਲਾ 'ਚ ਵਿਆਹ ਦੀਆਂ ਖੁਸ਼ੀਆਂ ਮਾਤਮ 'ਚ ਬਦਲ ਗਈਆਂ। ਨੂੰਹ ਦੇ ਸਵਾਗਤ ਦਾ ਇੰਤਜ਼ਾਰ ਕਰ ਰਹੇ ਰਿਸ਼ਤੇਦਾਰਾਂ ਨੂੰ ਬਰਾਤੀਆਂ ਦੇ ਹਾਦਸੇ ਦੀ ਖਬਰ ਮਿਲਣ ਤੋਂ ਬਾਅਦ ਵਿਆਹ ਵਾਲੇ ਘਰ 'ਚ ਮਾਤਮ ਪਸਰ ਗਿਆ। ਚੰਡੀਗੜ੍ਹ-ਮਨਾਲੀ ਐੱਨ.ਐੱਚ.-21 'ਤੇ ਸੁੰਦਰਨਗਰ ਦੇ ਕੰਗੂ ਤੋਂ ਹਰਿਆਣਾ ਆ ਰਹੀ ਇਕ ਟ੍ਰੈਵਲਰ ਖੱਡ 'ਚ ਡਿੱਗਣ ਕਾਰਨ 6 ਯਾਤਰੀਆਂ ਦੀ ਮੌਤ ਹੋ ਗਈ ਜਦਕਿ 8 ਲੋਕ ਜ਼ਖਮੀ ਹੋ ਗਏ। 14 ਯਾਤਰੀਆਂ 'ਚੋਂ 4 ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 2 ਦੀ ਹਸਪਤਾਲ 'ਚ ਮੌਤ ਹੋਈ। ਮਰਨ ਵਾਲਿਆਂ 'ਚ ਲਾੜੇ ਦੀ ਮਾਂ ਵੀ ਸ਼ਾਮਲ ਹੈ।
ਜਾਣਕਾਰੀ ਅਨੁਸਾਰ ਐਤਵਾਰ ਰਾਤ ਨੂੰ ਅੰਬਾਲਾ ਦੇ ਰਹਿਣ ਵਾਲੇ ਵਿਵੇਕ ਸੇਠੀ ਦਾ ਹਿਮਾਚਲ ਦੇ ਮੰਡੀ ਜ਼ਿਲੇ ਦੇ ਸੁੰਦਰਨਗਰ 'ਚ ਵਿਆਹ ਸੀ। ਸਾਰੇ ਬਰਾਤੀ ਸੁੰਦਰਨਗਰ ਲਈ ਟੈਂਪੂ-ਟ੍ਰੈਵਲ ਅਤੇ ਹੋਰ ਗੱਡੀਆਂ 'ਚ ਰਵਾਨਾ ਹੋ ਗਏ। ਰਾਤ ਨੂੰ ਵਿਆਹ ਦਾ ਕੰਮ ਖਤਮ ਕਰਨ ਤੋਂ ਬਾਅਦ ਬਰਾਤੀ ਸੋਮਵਾਰ ਨੂੰ ਲਾੜੀ-ਲਾੜੇ ਨੂੰ ਲੈ ਕੇ ਅੰਬਾਲਾ ਵੱਲ ਵਾਪਸ ਆ ਰਹੇ ਸਨ। ਟੈਂਪੂ-ਟ੍ਰੈਵਲ 'ਚ ਦੁਲਹੇ ਦੀ ਮਾਂ ਸਮੇਤ 14 ਬਰਾਤੀ ਸਵਾਰ ਸਨ। ਕਾਂਗੂ ਦੇ ਕੋਲ ਇਕ ਕਾਰ ਤੋਂ ਪਾਸ ਲੈ ਕੇ ਜਿਵੇਂ ਹੀ ਟ੍ਰੈਵਲਰ ਅੱਗੇ ਨਿਕਲੀ ਤਾਂ ਸਾਹਮਣੇ ਤੋਂ ਇਕ ਬਾਈਕ ਅਚਾਨਕ ਸਾਹਮਣੇ ਆ ਗਈ। ਇਸ ਕਾਰਨ ਡਰਾਈਵਰ ਦਾ ਸੰਤੁਲਨ ਵਿਗੜ ਗਿਆ ਅਤੇ ਟ੍ਰੈਵਲਰ 300 ਫੁੱਟ ਡੂੰਘੀ ਖੱਡ 'ਚ ਜਾ ਡਿੱਗੀ।
ਹਾਦਸੇ 'ਚ ਧਰਮਪਾਲ, ਮਹਿੰਦਰ ਟੱਕਰ ਅਤੇ ਪਤਨੀ ਸੰਤੋਸ਼ ਰਾਣੀ, ਨੀਲਮ ਸੇਠੀ, ਸ਼ਸ਼ੀ ਓਬਰਾਏ ਸੈਕਟਰ-10 ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਹਰੀਸ਼ ਸੇਠੀ ਸੈਕਟਰ-9, ਰੀਮਾ ਦੇਵੀ, ਦਰਸ਼ਨਾ ਦੇਵੀ, ਡਰਾਈਵਰ ਵਿਕਰਮ ਸਿੰਘ ਪੂਜਾ ਵਿਹਾਰ ਕੈਂਟ ਜ਼ਖਮੀ ਹੋ ਗਏ ਹਨ। ਦਰਅਸਲ ਵਿਵੇਕ ਸੇਠੀ ਕਰੀਬ 25 ਸਾਲ ਦਾ ਹੈ ਅਤੇ ਉਸਦੀ ਛੋਟੀ ਭੈਣ ਵੀ ਹੈ। ਉਹ ਬੈਂਗਲੁਰੂ ਦੀ ਇਕ ਪ੍ਰਾਇਵੇਟ ਕੰਪਨੀ 'ਚ ਕੰਮ ਕਰਦਾ ਹੈ। ਅਜੇ ਹਾਲ 'ਚ ਹੀ ਉਸਦਾ ਰਿਸ਼ਤਾ ਹੋਣ ਤੋਂ ਬਾਅਦ ਵਿਆਹ ਤੈਅ ਹੋਇਆ ਸੀ। ਐਤਵਾਰ ਨੂੰ ਇਹ ਪਰਿਵਾਰ ਅਤੇ ਹੋਰ ਰਿਸ਼ਤੇਦਾਰ ਦੁਲਹਨ ਲੈਣ ਲਈ ਗਏ ਸਨ।
ਇਸ ਦੇ ਨਾਲ ਹਿਮਾਚਲ ਪ੍ਰਸ਼ਾਸਨ ਵਲੋਂ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 10-10 ਹਜ਼ਾਰ ਅਤੇ ਜ਼ਖਮੀਆਂ ਨੂੰ 5-5 ਅਤੇ 3-3 ਹਜ਼ਾਰ ਦੀ ਰਾਸ਼ੀ ਬਤੌਰ ਰਾਹਤ ਦਿੱਤੀ ਗਈ। ਪੁਲਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।