‘ਅਸੀਂ ਬਿਸ਼ਨੋਈ-ਵਿਸ਼ਨੋਈ ਨੂੰ ਖ਼ਤਮ ਕਰ ਦਿਆਂਗੇ’, ਸਲਮਾਨ ਖ਼ਾਨ ਨੂੰ ਮਿਲਣ ਮਗਰੋਂ ਮੁੱਖ ਮੰਤਰੀ ਨੇ ਦਿੱਤਾ ਵੱਡਾ ਬਿਆਨ

04/17/2024 5:56:51 AM

ਐਂਟਰਟੇਨਮੈਂਟ ਡੈਸਕ– ਗਲੈਕਸੀ ਅਪਾਰਟਮੈਂਟ ਦੇ ਬਾਹਰ ਗੋਲੀਬਾਰੀ ਤੋਂ ਬਾਅਦ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਮੰਗਲਵਾਰ ਨੂੰ ਬਾਲੀਵੁੱਡ ਦੇ ਭਾਈਜਾਨ ਸਲਮਾਨ ਖ਼ਾਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਸੀ. ਐੱਮ. ਸ਼ਿੰਦੇ ਨੇ ਗੋਲੀਬਾਰੀ ਦੀ ਘਟਨਾ ਦੇ ਮੱਦੇਨਜ਼ਰ ਸਲਮਾਨ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਖ਼ਤ ਸੁਰੱਖਿਆ ਦਾ ਭਰੋਸਾ ਦਿੱਤਾ। ਸ਼ਿੰਦੇ ਨੇ ਜੇਲ ’ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਵੀ ਚਿਤਾਵਨੀ ਦਿੱਤੀ ਹੈ। ਸੀ. ਐੱਮ. ਏਕਨਾਥ ਸ਼ਿੰਦੇ ਨੇ ਮੀਡੀਆ ਨੂੰ ਦੱਸਿਆ, ‘‘ਮੈਂ ਸਲਮਾਨ ਖ਼ਾਨ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਉਨ੍ਹਾਂ ਦੇ ਨਾਲ ਹੈ। ਮੈਂ ਪੁਲਸ ਨੂੰ ਇਸ ਮਾਮਲੇ ’ਚ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ। ਇਸ ਮਾਮਲੇ ’ਚ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।’’

ਸਲਮਾਨ ਖ਼ਾਨ ਦੇ ਘਰ ਦੇ ਬਾਹਰ ਹੋਈ ਗੋਲੀਬਾਰੀ ’ਚ ਲਾਰੈਂਸ ਬਿਸ਼ਨੋਈ ਗੈਂਗ ਦਾ ਹੱਥ ਦੱਸਿਆ ਜਾ ਰਿਹਾ ਹੈ। ਜਦੋਂ ਸੀ. ਐੱਮ. ਸ਼ਿੰਦੇ ਨੂੰ ਇਸ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ‘‘ਮਹਾਰਾਸ਼ਟਰ ’ਚ ਅਜੇ ਵੀ ਗੈਂਗ ਬਚੇ ਹੋਏ ਹਨ। ਅਸੀਂ ਉਨ੍ਹਾਂ ਸਾਰਿਆਂ ਨੂੰ ਉਖਾੜ ਸੁੱਟਾਂਗੇ। ਇਥੇ ਗੈਂਗ ਤੇ ਗੁੰਡਿਆਂ ਨੂੰ ਆਪਣੀ ਮਰਜ਼ੀ ਅਨੁਸਾਰ ਚੱਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਹ ਮਹਾਰਾਸ਼ਟਰ ਹੈ, ਇਥੇ ਕੋਈ ਗੈਂਗ ਨਹੀਂ ਬਚੀ ਹੈ। ਅਸੀਂ ਗ੍ਰਿਫ਼ਤਾਰ ਕੀਤੇ ਗਏ ਸਾਰੇ ਗੈਂਗ ਤੇ ਗੁੰਡਿਆਂ ਨੂੰ ਜੜ੍ਹੋਂ ਪੁੱਟ ਦੇਵਾਂਗੇ। ਮੈਂ ਪੁਲਸ ਕਮਿਸ਼ਨਰ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਵੀ ਕਿਹਾ ਹੈ।’’

ਇਹ ਖ਼ਬਰ ਵੀ ਪੜ੍ਹੋ : ਹਾਏ ਓਏ ਰੱਬਾ ਇੰਨਾ ਕਹਿਰ! 1 ਦਿਨ ਦੇ ਬੱਚੇ ਦੀ ਸੜਕ ਹਾਦਸੇ ’ਚ ਦਰਦਨਾਕ ਮੌਤ

ਸੀ. ਐੱਮ. ਸ਼ਿੰਦੇ ਨੇ ਕਿਹਾ, ‘‘ਆਪਣੇ ਲੋਕਾਂ ਦੀ ਦੇਖਭਾਲ ਕਰਨਾ ਸਾਡਾ ਫਰਜ਼ ਹੈ। ਮੈਂ ਇਸ ’ਤੇ ਟਿੱਪਣੀ ਨਹੀਂ ਕਰਨਾ ਚਾਹੁੰਦਾ ਕਿ ਕੀ ਹੋਇਆ, ਪਿਛਲੀ ਸਰਕਾਰ ’ਚ ਪਰ ਅਸੀਂ ਉਨ੍ਹਾਂ ਸਾਰੇ ਗਿਰੋਹਾਂ ਤੇ ਗੁੰਡਿਆਂ ਨੂੰ ਜੜ੍ਹੋਂ ਪੁੱਟ ਦੇਵਾਂਗੇ, ਜੋ ਸੂਬੇ ਦੇ ਕਿਸੇ ਵੀ ਵਿਅਕਤੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ। ਅਸੀਂ ਸੂਬੇ ’ਚ ਕਿਸੇ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨ ਵਾਲੇ ਸਾਰੇ ਗੈਂਗ ਤੇ ਗੁੰਡਿਆਂ ਵਿਰੁੱਧ ਨਿਰਣਾਇਕ ਕਾਰਵਾਈ ਕਰਾਂਗੇ। ਅਸੀਂ ਇਸ ਬਿਸ਼ਨੋਈ-ਵਿਸ਼ਨੋਈ ਨੂੰ ਖ਼ਤਮ ਕਰ ਦੇਵਾਂਗੇ। ਇਹ ਹੈ ਮੁੰਬਈ ਪੁਲਸ, ਇਹ ਹੈ ਮਹਾਰਾਸ਼ਟਰ। ਅਸੀਂ ਇਥੇ ਕਿਸੇ ਦੀ ਗੁੰਡਾਗਰਦੀ ਨੂੰ ਜਾਰੀ ਨਹੀਂ ਰੱਖਣ ਦੇਵਾਂਗੇ।’’

ਲਾਰੈਂਸ ਗੈਂਗ ਨੇ ਸਲਮਾਨ ਨੂੰ ਧਮਕੀ ਦਿੱਤੀ ਸੀ
ਜ਼ਿਕਰਯੋਗ ਹੈ ਕਿ ਸਲਮਾਨ ਖ਼ਾਨ ਨੂੰ ਲਾਰੈਂਸ ਗੈਂਗ ਵਲੋਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਧਮਕੀਆਂ ਤੋਂ ਬਾਅਦ ਸਲਮਾਨ ਖ਼ਾਨ ਬੇਹੱਦ ਸਖ਼ਤ ਸੁਰੱਖਿਆ ’ਚ ਰਹਿ ਰਹੇ ਹਨ ਪਰ ਭਾਰੀ ਸੁਰੱਖਿਆ ਦੇ ਬਾਵਜੂਦ 14 ਅਪ੍ਰੈਲ ਨੂੰ ਸਵੇਰੇ 4.50 ਵਜੇ 2 ਅਣਪਛਾਤੇ ਲੋਕਾਂ ਨੇ ਸਲਮਾਨ ਖ਼ਾਨ ਦੇ ਗਲੈਕਸੀ ਅਪਾਰਟਮੈਂਟ ਦੇ ਬਾਹਰ ਕਈ ਰਾਊਂਡ ਫਾਇਰ ਕੀਤੇ। ਇਸ ਦੌਰਾਨ ਬਾਂਦਰਾ ’ਚ ਸਲਮਾਨ ਖ਼ਾਨ ਦੇ ਗਲੈਕਸੀ ਅਪਾਰਟਮੈਂਟ ਦੇ ਬਾਹਰ 2 ਅਣਪਛਾਤੇ ਲੋਕਾਂ ਨੇ ਹਵਾ ’ਚ 3 ਤੋਂ 4 ਰਾਊਂਡ ਫਾਇਰ ਕੀਤੇ। ਦੋਵੇਂ ਸ਼ੂਟਰ ਬਾਈਕ ’ਤੇ ਆਏ ਤੇ ਫਿਰ ਹਵਾ ’ਚ ਫਾਇਰਿੰਗ ਕਰਦਿਆਂ ਫਰਾਰ ਹੋ ਗਏ। ਇਸ ਹਮਲੇ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੇ ਲਈ ਸੀ, ਜਿਸ ਨੇ ਸਲਮਾਨ ਖ਼ਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਮੁੰਬਈ ਪੁਲਸ ਨੇ ਗੋਲੀ ਚਲਾਉਣ ਵਾਲੇ ਦੋਵਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh