ਯੋਗੀ ਨੂੰ ਕਾਲਾ ਝੰਡਾ ਦਿਖਾਉਣ ਵਾਲੇ ਨੌਜਵਾਨ ਨੂੰ ਭਾਜਪਾਈਆਂ ਨੇ ਬੁਰੀ ਤਰ੍ਹਾਂ ਕੁੱਟਿਆ

11/19/2017 11:31:10 AM

ਮੇਰਠ— ਬਾਡੀ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਪ੍ਰਚਾਰ ਜਨ ਸਭਾਵਾਂ ਕਰ ਰਹੇ ਹਨ। ਇਸੇ ਦਰਮਿਆਨ ਉਹ ਸ਼ਨੀਵਾਰ ਨੂੰ ਮੇਰਠ 'ਚ ਇਕ ਜਨ ਸਭਾ ਨੂੰ ਸੰਬੋਧਨ ਕਰਨ ਪੁੱਜੇ ਪਰ ਇਸ ਸਭਾ 'ਚ ਇਕ ਨੌਜਵਾਨ ਨੂੰ ਕੁਝ ਭਾਜਪਾਈਆਂ ਨੇ ਬੁਰੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ, ਕਿਉਂਕਿ ਨੌਜਵਾਨ ਮੰਚ ਦੇ ਨੇੜੇ ਜਾ ਕੇ ਮੁੱਖ ਮੰਤਰੀ ਨੂੰ ਕਾਲੇ ਝੰਡੇ ਦਿਖਾ ਰਿਹਾ ਸੀ। ਦਰਅਸਲ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਦੀ ਜਨਸਭਾ 'ਚ ਭੱਜ-ਦੌੜ ਦੀ ਸਥਿਤੀ ਬਣ ਗਈ। ਮੰਚ 'ਤੇ ਮੌਜੂਦ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੂੰ ਇਕ ਨੌਜਵਾਨ ਨੇ ਕਾਲੇ ਝੰਡੇ ਦਿਖਾਏ। ਇਸ ਤੋਂ ਬਾਅਦ ਅਚਾਨਕ ਭਾਜਪਾ ਵਰਕਰ ਅਤੇ ਸਮਰਥਕ ਉੱਥੇ ਪੁੱਜ ਗਏ ਅਤੇ ਨੌਜਵਾਨ ਨੂੰ ਰੋਕਣ ਦੀ ਕੋਸ਼ਿਸ਼ ਕਰਨ ਲੱਗੇ, ਜਿਸ ਤੋਂ ਬਾਅਦ ਮਾਮਲਾ ਵਿਗੜਦਾ ਗਿਆ।ਭਾਜਪਾ ਸਮਰਥਕਾਂ ਨੇ ਨੌਜਵਾਨ ਨੂੰ ਬੁਰੀ ਤਰ੍ਹਾਂ ਕੁੱਟਿਆ। ਮਾਮਲੇ ਦਾ ਵੀਡੀਓ ਸਾਹਮਣੇ ਆਇਆ ਹੈ। ਜੰਮ ਕੇ ਲੱਤਾਂ-ਮੁੱਕੇ ਚੱਲ ਰਹੇ ਸਨ, ਜਦੋਂ ਕਿ ਪੁਲਸ ਨੌਜਵਾਨ ਨੂੰ ਬਚਾ ਕੇ ਕੱਢਣ ਦੀ ਕੋਸ਼ਿਸ਼ 'ਚ ਲੱਗੀ ਸੀ। ਕਾਫੀ ਕੋਸ਼ਿਸ਼ ਤੋਂ ਬਾਅਦ ਨੌਜਵਾਨ ਨੂੰ ਛੁਡਵਾਇਆ ਜਾ ਸਕਿਆ। ਉੱਥੇ ਹੀ ਇਸ ਘਟਨਾ ਨੂੰ ਲੈ ਕੇ ਪੁਲਸ ਦੀ ਕਾਰਜਸ਼ੈਲੀ 'ਤੇ ਵੀ ਸਵਾਲ ਉੱਠੇ ਹਨ। ਕਿਸ ਤਰ੍ਹਾਂ ਨੌਜਵਾਨ ਕਾਲੇ ਝੰਡੇ ਨਾਲ ਮੰਚ ਨੇੜੇ ਪੁੱਜਣ 'ਚ ਕਾਮਯਾਬ ਹੋਏ, ਇਸ ਦੀ ਚਰਚਾ ਨੇ ਪੁਲਸ ਨੂੰ ਕਟਘਰੇ 'ਚ ਖੜ੍ਹਾ ਕੀਤਾ ਹੈ। ਫਿਲਹਾਲ 4 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ।