ਥਾਈਲੈਂਡ ''ਚ ਪੀ.ਐੱਮ. ਮੋਦੀ ਨੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ

11/03/2019 3:41:03 PM

ਬੈਂਕਾਕ/ਨਵੀਂ ਦਿੱਲੀ (ਭਾਸ਼ਾ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਥਾਈਲੈਂਡ ਦੀ ਰਾਜਧਾਨੀ ਦੇ ਬੈਂਕਾਕ ਵਿਚ ਆਯੋਜਿਤ ਆਸੀਆਨ ਸਿਖਰ ਸੰਮੇਲਨ ਤੋਂ ਵੱਖ ਐਤਵਾਰ ਨੂੰ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵੇਂ ਨੇਤਾ ਅੱਤਵਾਦ ਅਤੇ ਕੱਟੜਵਾਦ ਨਾਲ ਮਿਲ ਕੇ ਮੁਕਾਬਲਾ ਕਰਨ 'ਤੇ ਸਹਿਮਤ ਹੋਏ। ਵਿਦੇਸ਼ ਮੰਤਰਾਲੇ ਦੇ ਮੁਤਾਬਕ ਭਾਰਤ ਅਤੇ ਇੰਡੋਨੇਸ਼ੀਆ ਨੇ ਰੇਖਾਂਕਿਤ ਕੀਤਾ ਕਿ ਦੋਵੇਂ ਦੇਸ਼ ਸਮੁੰਦਰੀ ਗੁਆਂਢੀ ਹਨ। ਦੋਹਾਂ ਨੇਤਾਵਾਂ ਨੇ ਹਿੰਦ-ਪ੍ਰਸ਼ਾਂਤ ਖੇਤਰ ਵਿਚ ਸ਼ਾਂਤੀ ਸੁਰੱਖਿਆ ਅਤੇ ਖੁਸ਼ਹਾਲੀ ਲਈ ਮਿਲ ਕੇ ਕੰਮ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ। 

 

ਮੰਤਰਾਲੇ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਮੋਦੀ ਨੇ ਇੰਡੋਨੇਸ਼ੀਆਈ ਰਾਸ਼ਟਰਪਤੀ ਦੇ ਤੌਰ 'ਤੇ ਦੂਜਾ ਕਾਰਜਕਾਲ ਸ਼ੁਰੂ ਕਰਨ ਦੇ ਲਈ ਵਿਡੋਡੋ ਨੂੰ ਵਧਾਈ ਦਿੱਤੀ ਅਤੇ ਦੁਨੀਆ ਦੇ ਦੋ ਸਭ ਤੋਂ ਵੱਡੇ ਲੋਕਤੰਤਰ ਅਤੇ ਬਹੁਲਵਾਦੀ ਸਮਾਜਾਂ ਦੇ ਮਿਲ ਕੇ ਕੰਮ ਕਰਨ ਦਾ ਸੰਦੇਸ਼ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਰੱਖਿਆ, ਸੁਰੱਖਿਆ, ਸੰਪਰਕ, ਕਾਰੋਬਾਰ ਅਤੇ ਨਿਵੇਸ਼ ਦੇ ਖੇਤਰ ਵਿਚ ਇੰਡੋਨੇਸ਼ੀਆ ਨਾਲ ਮਿਲ ਕੇ ਕੰਮ ਕਰਨ ਦੀ ਭਾਰਤ ਦੀ ਵਚਨਬੱਧਤਾ ਦੁਹਰਾਈ। ਬਿਆਨ ਵਿਚ ਕਿਹਾ ਗਿਆ ਕਿ ਮੋਦੀ ਨੇ ਦੋ-ਪੱਖੀ ਸੰਬੰਧਾਂ ਨੂੰ ਵਧਾਉਣ 'ਤੇ ਚਰਚਾ ਕੀਤੀ ਅਤੇ ਦਵਾਈਆਂ , ਗੱਡੀਆਂ ਤੇ ਖੇਤੀ ਉਤਪਾਦਾਂ ਸਮੇਤ ਭਾਰਤੀ ਉਤਪਾਦਾਂ ਦੀ ਇੰਡੋਨੇਸ਼ੀਆਈ ਬਾਜ਼ਾਰ ਤੱਕ ਪਹੁੰਚ ਵਧਾਉਣ ਦੀ ਲੋੜ ਨੂੰ ਰੇਖਾਂਕਿਤ ਕੀਤਾ। 

ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਮੋਦੀ ਨੇ ਭਾਰਤੀ ਕੰਪਨੀਆਂ ਵੱਲੋਂ ਇੰਡੋਨੇਸ਼ੀਆ ਵਿਚ ਜ਼ਿਕਰਯੋਗ ਨਿਵੇਸ਼ ਨੂੰ ਰੇਖਾਂਕਿਤ ਕਰਦਿਆਂ ਇੰਡੋਨੇਸ਼ੀਆਈ ਕੰਪਨੀਆਂ ਨੂੰ ਵੀ ਭਾਰਤ ਵਿਚ ਮੌਜੂਦ ਮੌਕਿਆਂ ਦਾ ਲਾਭ ਉਠਾਉਂਦੇ ਹੋਏ ਨਿਵੇਸ਼ ਦਾ ਸੱਦਾ ਦਿੱਤਾ। ਮੰਤਰਾਲੇ ਮੁਤਾਬਕ ਪੀ.ਐੱਮ. ਮੋਦੀ ਨੇ ਰਾਸ਼ਟਰਪਤੀ ਵਿਡੋਡੋ ਨੂੰ ਅਗਲੇ ਸਾਲ ਭਾਰਤ ਆਉਣ ਦਾ ਸੱਦਾ ਦਿੱਤਾ। ਜ਼ਿਕਰਯੋਗ ਹੈ ਕਿ ਇਸ ਸਾਲ ਭਾਰਤ ਅਤੇ ਇੰਡੋਨੇਸ਼ੀਆ ਡਿਪਲੋਮੈਟਿਕ ਸੰਬੰਧ ਸਥਾਪਿਤ ਹੋਣ ਦੀ 70ਵੀਂ ਵਰ੍ਹੇਗੰਢ ਮਨਾ ਰਹੇ ਹਨ।

Vandana

This news is Content Editor Vandana