ਜੰਮੂ-ਕਸ਼ਮੀਰ ਦੇ ਸੌਂਪੀਆ 'ਚ ਸੀ.ਆਰ.ਪੀ.ਐੱਫ. ਤੇ ਐੱਸ.ਓ.ਜੀ. ਕੈਂਪ 'ਤੇ ਅੱਤਵਾਦੀ ਹਮਲਾ

05/24/2017 9:10:28 PM

ਜੰਮੂ— ਜੰਮੂ-ਕਸ਼ਮੀਰ ਦੇ ਸੌਂਪੀਆ 'ਚ ਪੁਲਸ ਕੈਂਪ 'ਤੇ ਅੱਤਵਾਦੀ ਹਮਲਾ ਹੋਇਆ ਹੈ। ਅੱਤਵਾਦੀਆਂ ਨੇ ਸੀ.ਆਰ.ਪੀ.ਐੱਫ. ਤੇ ਐੱਸ.ਓ.ਜੀ. ਕੈਂਪ ਦੇ ਜਵਾਨਾਂ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਹੈ। ਹਮਲੇ 'ਚ ਇਕ ਸਥਾਨਕ ਨਾਗਰਿਕ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਇਹ ਇਲਾਕਾ ਦੱਖਣੀ ਕਸ਼ਮੀਰ ਦੇ ਸੌਂਪੀਆ 'ਚ ਇਮਾਮ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਹਾਲ ਹੀ 'ਚ ਇਸੇ ਇਲਾਕੇ 'ਚ ਅੱਤਵਾਦੀਆਂ ਨੇ ਬੈਂਕ ਲੁੱਟਣ ਦੀ ਕੋਸ਼ਿਸ਼ ਕੀਤੀ ਸੀ। ਇਸ ਵਾਰਦਾਤ ਦੇ ਬਾਅਦ ਇਲਾਕੇ 'ਚ ਅੱਤਵਾਦੀਆਂ ਦੇ ਲੁਕੇ ਹੋਣ ਦਾ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਸੀ। 
ਪੁਲਸ ਤੇ ਸੁਰੱਖਿਆ ਬਲਾਂ ਨੇ ਇਲਾਕੇ 'ਚ ਤਲਾਸ਼ੀ ਅਭਿਆਨ ਚਲਾਇਆ ਸੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ 'ਚ ਹਿਜ਼ਬੁਲ ਤੇ ਲਸ਼ਕਰ ਦੇ ਸਥਾਨਕ ਅੱਤਵਾਦੀਆਂ ਸ਼ਾਮਲ ਹੋ ਸਕਦੇ ਹਨ। ਫਿਲਹਾਲ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਦੇ ਵਿਚਕਾਰ ਮੁਕਾਬਲਾ ਜਾਰੀ ਹੈ ਤੇ ਦੋਵਾਂ ਪਾਸਿਓਂ ਗੋਲੀਬਾਰੀ ਕੀਤੀ ਜਾ ਰਹੀ ਹੈ। ਮੰਗਲਵਾਰ ਨੂੰ ਭਾਰਤੀ ਫੌਜ ਨੇ ਅੱਤਵਾਦ ਵਿਰੋਧੀ ਅਭਿਆਨ ਦੇ ਤਹਿਤ ਨੌਸ਼ਹਿਰਾ 'ਚ ਪਾਤਿਸਤਾਨੀ ਚੌਕੀਆਂ ਨੂੰ ਤਬਾਹ ਕਰਨ ਦਾ ਇਕ ਵੀਡੀਓ ਜਾਰੀ ਕੀਤਾ ਸੀ। ਜਿਸ ਨੂੰ ਨਕਾਰਦੇ ਹੋਏ ਪਾਕਿਸਤਾਨ ਨੇ ਇਕ ਭਾਰਤੀ ਚੌਕੀ ਨੂੰ ਉੱਡਾਉਣ ਦਾ ਫਰਜ਼ੀ ਵੀਡੀਓ ਜਾਰੀ ਕੀਤਾ ਹੈ।