''ਪਾਕਿ ਦਾ ਅੱਤਵਾਦ ਉਸ ਨੂੰ ਚੰਗਾ ਗੁਆਂਢੀ ਨਹੀਂ ਬਣਨ ਦਿੰਦਾ''

06/26/2019 11:51:20 PM

ਲੰਡਨ— ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਬੁੱਧਵਾਰ ਨੂੰ ਕਿਹਾ ਕਿ ਪਾਕਿਸਤਾਨ ਦੇ ਸਹਿਯੋਗ ਨਾਲ 'ਵੱਡੇ ਪੈਮਾਨੇ 'ਤੇ ਅੱਤਵਾਦ ਦਾ ਵਧਦਾ ਉਦਯੋਗ' ਉਥੋਂ ਦੀ ਸਰਕਾਰ ਨੂੰ 'ਇਕ ਆਮ ਗੁਆਂਢੀ' ਵਾਂਗ ਵਿਵਹਾਰ ਕਰਨ ਤੋਂ ਰੋਕਦਾ ਹੈ। ਲੰਡਨ ਦੇ ਕੋਲ ਬਕਿੰਘਮਸ਼ਾਇਰ 'ਚ 'ਯੂਕੇ ਇੰਡੀਆ-ਵੀਕ' ਦੇ ਹਿੱਸੇ ਦੇ ਤੌਰ 'ਤੇ ਆਯੋਜਿਤ 'ਲੀਡਰਸ ਸਮਿਟ' ਨੂੰ ਨਵੀਂ ਦਿੱਲੀ ਤੋਂ ਵੀਡੀਓ ਲਿੰਕ ਦੇ ਰਾਹੀਂ ਸੰਬੋਧਿਤ ਕਰਦੇ ਹੋਏ ਜੈਸ਼ੰਕਰ ਨੇ ਅੰਤਰਰਾਸ਼ਟਰੀ ਕਾਨੂੰਨ ਆਧਾਰਿਤ ਵਿਵਸਥਾ 'ਚ ਅੜਿਕਾ ਪਾਉਣ ਵਾਲੇ ਦੇਸ਼ਾਂ ਦੀ ਨਿੰਦਾ ਕਰਨ ਲਈ ਬ੍ਰਿਟੇਨ ਜਿਹੇ ਮੁਲਕਾਂ ਤੋਂ ਹੋਰ ਸਰਗਰਮ ਹੋਣ ਦਾ ਸੱਦਾ ਦਿੱਤਾ ਕਿਉਂਕਿ ਪਾਕਿਸਤਾਨ ਅੱਜ ਜੋ ਕਰ ਰਿਹਾ ਹੈ ਉਸ ਨਾਲ ਬ੍ਰਿਟੇਨ ਸਣੇ ਬਾਕੀ ਦੁਨੀਆ ਬਹੁਤ ਪ੍ਰਭਾਵਿਤ ਹੁੰਦੀ ਹੈ।

ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇਸ਼ ਦੇ ਸਹਿਯੋਗ ਨਾਲ ਵੱਡੇ ਪੈਮਾਨੇ 'ਤੇ ਅੱਤਵਾਦ ਦਾ ਉਦਯੋਗ ਵਧਦਾ ਹੈ ਕਿਉਂਕਿ ਇਹ ਦੇਸ਼ ਸੋਚਦਾ ਹੈ ਕਿ ਇਹ ਗੁਆਂਢੀ ਦੇ ਖਿਲਾਫ ਇਕ ਜ਼ਰੂਰੀ ਤਰੀਕਾ ਹੈ। ਇਹ ਭਾਰਤ ਨੂੰ ਕਦੇ ਸਵਿਕਾਰ ਨਹੀਂ ਹੈ ਤੇ ਜ਼ਿਆਦਾ ਤੋਂ ਜ਼ਿਆਦਾ ਦੇਸ਼ ਇਸ ਵਿਚਾਰ ਤੋਂ ਸਹਿਮਤ ਹਨ। ਜੈਸ਼ੰਕਰ ਨੇ ਕਿਹਾ ਕਿ ਮੇਰਾ ਖਿਆਲ ਹੈ ਕਿ ਅੱਜ ਵੱਡੀ ਸਮੱਸਿਆ ਇਹ ਹੈ ਕਿ ਕੀ ਪਾਕਿਸਤਾਨ ਇਕ ਆਮ ਦੇਸ਼ ਹੈ ਤੇ ਇਕ ਆਮ ਗੁਆਂਢੀ ਦੇ ਰੂਪ 'ਚ ਵਿਵਹਾਰ ਕਰਨ ਲਈ ਤਿਆਰ ਹੈ। ਮੈਂ ਨਹੀਂ ਸਮਝਦਾ ਕਿ ਅੱਜ ਦੁਨੀਆ 'ਚ ਕਿਤੇ ਵੀ ਤੁਹਾਨੂੰ ਅਜਿਹਾ ਦੇਸ਼ ਮਿਲੇਗਾ ਜਿਸ ਨੇ ਅੱਤਵਾਦੀ ਕਾਰਵਾਈਆਂ ਦਾ ਉਦਯੋਗ ਤਿਆਰ ਕੀਤਾ ਹੋਵੇ। ਕਨੈਕਟੀਵਿਟੀ ਦੱਖਣੀ ਏਸ਼ੀਆ ਦੇ ਕੇਂਦਰ 'ਚ ਹੈ ਪਰ ਪਾਕਿਸਤਾਨ ਭਾਰਤ ਨਾਲ ਸਬੰਧਿਤ ਕਨੈਕਟੀਵਿਟੀ ਦਾ ਵਿਰੋਧ ਕਰ ਰਿਹਾ ਹੈ। ਤਾਂ ਚੁਣੌਤੀ ਇਹ ਹੈ ਕਿ ਜੇਕਰ ਇਕ ਦੇਸ਼ ਅੱਤਵਾਦ ਦੀ ਵਰਤੋਂ ਕਰਦਾ ਹੈ, ਆਮ ਵਤੀਰਾ ਨਹੀਂ ਕਰਦਾ, ਕਨੈਕਟੀਵਿਟੀ ਨੂੰ ਰੋਕਦਾ ਹੈ ਤਾਂ ਭਾਰਤ ਅਜਿਹੇ ਮੁਲਕ ਨਾਲ ਕਿਵੇਂ ਕੰਮ ਕਰ ਸਕਦਾ ਹੈ।

ਮੰਤਰੀ ਨੇ ਕਿਹਾ ਕਿ ਉਹ ਨਿਰਾਸ਼ਾਵਾਦੀ ਦ੍ਰਿਸ਼ਟੀਕੋਣ ਅਖਤਿਆਰ ਨਹੀਂ ਕਰਦੇ ਹਨ ਤੇ ਭਾਰਤ ਪਾਕਿਸਤਾਨ ਦੇ ਵਿਚਾਲੇ ਚੰਗੇ ਰਿਸ਼ਤਿਆਂ ਤੋਂ ਵਧ ਕੇ ਉਨ੍ਹਾਂ ਲਈ ਹੋਰ ਕੋਈ ਖੁਸ਼ੀ ਨਹੀਂ ਹੋ ਸਕਦੀ ਪਰ ਮੌਜੂਦਾ ਹਾਲਾਤ 'ਚ ਸਾਡੇ ਸਾਹਮਣੇ ਇਹ ਸ਼ਾਇਦ ਸਭ ਤੋਂ ਮੁਸ਼ਕਿਲ ਚੁਣੌਤੀ ਹੈ। ਜੈਸ਼ੰਕਰ ਨੇ ਕਿਹਾ ਕਿ ਭਾਰਤ ਮੁੱਦੇ 'ਤੇ ਮਜ਼ਬੂਤ ਗਲੋਬਲ ਸਹਿਮਤੀ ਦੀ ਉਮੀਦ ਕਰਦਾ ਹੈ ਤਾਂ ਕਿ ਪਾਕਿਸਤਾਨ 'ਤੇ ਸਹੀ ਚੀਜ਼ਾਂ ਕਰਨ ਲਈ ਦਬਾਅ ਪਾਇਆ ਜਾ ਸਕੇ ਤੇ ਸਮਝਾਇਆ ਜਾ ਸਕੇ।

Baljit Singh

This news is Content Editor Baljit Singh