ਟੈਰਰ ਫੰਡਿੰਗ ਮਾਮਲਾ; SIA ਨੇ ਅੱਤਵਾਦੀ ਮੁਹੰਮਦ ਹੁਸੈਨ ਖਤੀਬ ਨੂੰ ਦਿੱਤਾ 30 ਦਿਨਾਂ ਦਾ ਅਲਟੀਮੇਟਮ

05/08/2023 11:59:03 AM

ਜੰਮੂ (ਅਰੁਣ)- ਪਾਕਿਸਤਾਨ ਵਿਚ ਬੈਠ ਕੇ ਜੰਮੂ-ਕਸ਼ਮੀਰ ਵਿਚ ਭਿਆਨਕ ਸਰਗਰਮੀਆਂ ਨੂੰ ਉਤਸ਼ਾਹ ਦੇ ਰਹੇ ਸਥਾਨਕ ਅੱਤਵਾਦੀਆਂ ’ਤੇ ਸ਼ਿੰਕਜਾ ਕੱਸਦੇ ਹੋਏ ਜੰਮੂ-ਕਸ਼ਮੀਰ ਪੁਲਸ ਦੀ ਸੂਬਾ ਜਾਂਚ ਏਜੰਸੀ (ਐੱਸ. ਆਈ. ਏ.) ਨੇ ਡੋਡਾ ਜ਼ਿਲ੍ਹੇ ਵਿਚ ਹਿਜਬੁਲ ਮੁਜਾਹਿਦੀਨ ਦੇ ਇਕ ਅੱਤਵਾਦੀ ਖਿਲਾਫ਼ ਕਾਰਵਾਈ ਕੀਤੀ ਹੈ। ਅਧਿਕਾਰਤ ਜਾਣਕਾਰੀ ਮੁਤਾਬਕ ਪਾਕਿਸਤਾਨ ਵਿਚ ਬੈਠੇ ਮੂਲ ਰੂਪ 'ਚ ਭੱਦਰਵਾਹ ਕਸਬੇ ਦੇ ਵਾਸੀ ਮੁਹੰਮਦ ਹੁਸੈਨ ਖਤੀਬ ਨੂੰ ਟੈਰਰ ਫੰਡਿੰਗ ਮਾਮਲੇ 'ਚ ਮੁਕੱਦਮੇ ਦਾ ਸਾਹਮਣਾ ਕਰਨ ਲਈ ਅਦਾਲਤ ਵਿਚ ਪੇਸ਼ ਹੋਣ ਲਈ 30 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ ਅਤੇ ਇਸ ਵਿਚ ਅਸਫਲ ਰਹਿਣ ਦੀ ਸੂਰਤ ਵਿਚ ਉਸ ਦੀ ਜਾਇਦਾਦ ਕੁਰਕ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਖਤੀਬ ਬੀਤੇ ਸਾਲ ਇਕ ਟੈਰਰ ਫੰਡਿੰਗ ਮਾਮਲੇ ਵਿਚ ਵਿਸ਼ੇਸ਼ ਐੱਸ. ਆਈ. ਏ. ਵਲੋਂ ਲੋੜੀਂਦਾ ਹੈ, ਜਿਸ 'ਚ ਸ਼ਾਮਲ ਜੰਮੂ-ਕਸ਼ਮੀਰ ਦੀ ਸਾਬਕਾ ਸੂਬਾਈ ਸਰਕਾਰ ਦਾ ਇਕ ਸਾਬਕਾ ਮੰਤਰੀ ਮੌਜੂਦਾ ਸਮੇਂ 'ਚ ਜੰਮੂ ਦੀ ਕੋਟ ਭਲਵਾਲ ਕੇਂਦਰੀ ਜੇਲ੍ਹ ਵਿਚ ਬੰਦ ਹੈ। ਨੇਚਰ-ਮੈਨਕਾਈਂਡ ਫ੍ਰੈਂਡਲੀ ਗਲੋਬਲ ਪਾਰਟੀ ਦੇ ਪ੍ਰਧਾਨ ਉਕਤ ਸਾਬਕਾ ਮੰਤਰੀ ਨੂੰ ਬੀਤੇ ਸਾਲ 9 ਅਪ੍ਰੈਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਬੀਤੀ 24 ਸਤੰਬਰ ਨੂੰ ਐੱਸ. ਆਈ. ਏ. ਨੇ ਤੀਜੇ ਐਡੀਸ਼ਨਲ ਸੈਸ਼ਨ ਜੱਜ ਜੰਮੂ ਦੀ ਅਦਾਲਤ 'ਚ ਸਾਬਕਾ ਮੰਤਰੀ ਅਤੇ ਖਤੀਬ ਸਮੇਤ 3 ਵਿਅਕਤੀਆਂ ਖਿਲਾਫ਼ ਦੋਸ਼ ਪੱਤਰ ਦਾਇਰ ਕੀਤਾ ਅਤੇ ਬਾਅਦ ਵਿਚ 9 ਹੋਰ ਦੋਸ਼ੀਆਂ ਖਿਲਾਫ 3 ਪੂਰਕ ਦੋਸ਼ ਪੱਤਰ ਦਾਇਰ ਕੀਤੇ ਗਏ। ਕੁਲ ਦੋਸ਼ੀਆਂ 'ਚੋਂ 9 ਲੋਕ ਮੁਕੱਦਮੇ ਦਾ ਸਾਹਮਣਾ ਕਰ ਰਹੇ ਹਨ ਜਦਕਿ ਖਤੀਬ ਸਮੇਤ 3 ਅਜੇ ਵੀ ਫਰਾਰ ਹਨ। ਐੱਸ. ਆਈ. ਏ. ਮੁਤਾਬਕ ਸਾਬਕਾ ਮੰਤਰੀ ਕਥਿਤ ਤੌਰ ’ਤੇ ਐਨਕ੍ਰਿਪਟਿਡ ਸੋਸ਼ਲ ਮੀਡੀਆ ਮਾਧਿਅਮਾਂ ਰਾਹੀਂ ਖਤੀਬ ਦੇ ਸੰਪਰਕ ਵਿਚ ਸੀ ਅਤੇ ਪੈਸੇ ਦੀ ਵਿਵਸਥਾ ਲਈ ਉਸ ਨੇ ਗੁਪਤ ਰੂਪ ਵਿਚ ਦੁਬਈ ਦੀ ਯਾਤਰਾ ਵੀ ਕੀਤੀ।

Tanu

This news is Content Editor Tanu