ਉੱਤਰਾਖੰਡ 'ਚ ਬਰਫ਼ ਖਿਸਕਣ ਕਾਰਨ ਲਪੇਟ 'ਚ ਆਏ 29 ਪਰਬਤਾਰੋਹੀਆਂ 'ਚੋਂ 10 ਦੀ ਮੌਤ

10/04/2022 3:42:55 PM

ਦੇਹਰਾਦੂਨ (ਭਾਸ਼ਾ)- ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ 'ਚ ਦ੍ਰੋਪਦੀ ਕਾ ਡਾਂਡਾ ਚੋਟੀ 'ਤੇ ਮੰਗਲਵਾਰ ਨੂੰ ਬਰਫ਼ ਖਿਸਕਣ ਕਾਰਨ ਨਹਿਰੂ ਪਰਬਤਾਰੋਹੀ ਸੰਸਥਾ ਦੇ 29 ਪਰਬਤਾਰੋਹੀ ਫਸ ਗਏ। ਉਨ੍ਹਾਂ ਨੂੰ ਬਚਾਉਣ ਲਈ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਉੱਤਰਕਾਸ਼ੀ ਦੇ ਆਫ਼ਤ ਪ੍ਰਬੰਧਨ ਅਧਿਕਾਰੀ ਦੇਵੇਂਦਰ ਪਟਵਾਲ ਨੇ ਦੱਸਿਆ ਕਿ 8 ਪਰਬਤਾਰੋਹੀਆਂ ਨੂੰ ਉਨ੍ਹਾਂ ਦੀ ਟੀਮ ਦੇ ਮੈਂਬਰਾਂ ਨੇ ਬਚਾ ਲਿਆ, ਉੱਥੇ ਹੀ 10 ਪਰਬਤਾਰੋਹੀਆਂ ਦੀ ਮੌਤ ਹੋ ਗਈ ਹੈ ਅਤੇ ਬਾਕੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 10 ਪਰਬਤਾਰੋਹੀਆਂ ਦੀ ਮੌਤ ਦੀ ਜਾਣਕਾਰੀ ਨਹਿਰੂ ਪਰਬਤਾਰੋਹੀ ਸੰਸਥਾ (ਨਿਮ) ਦੇ ਪ੍ਰਿੰਸੀਪਲ ਅਮਿਤ ਬਿਸ਼ਟ ਨੇ ਦਿੱਤੀ ਹੈ।

 

ਉਨ੍ਹਾਂ ਕਿਹਾ ਕਿ ਟੀਮ 'ਚ ਨਹਿਰੂ ਇੰਸਟੀਚਿਊਟ ਆਫ਼ ਮਾਊਂਟੇਨੀਅਰਿੰਗ (ਐੱਨ.ਆਈ.ਐੱਮ.) ਤੋਂ ਸਿਖਿਆਰਥੀ ਪਰਬਤਾਰੋਹੀ ਅਤੇ ਉਨ੍ਹਾਂ ਦੇ ਟ੍ਰੇਨਰ ਸ਼ਾਮਲ ਹਨ। ਦ੍ਰੋਪਦੀ ਕਾ ਡਾਂਡਾ 5,006 ਮੀਟਰ ਦੀ ਉਚਾਈ 'ਤੇ ਸਥਿਤ ਹੈ। ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਟਵੀਟ ਕੀਤਾ ਕਿ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ, ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ, ਇੰਡੋ-ਤਿੱਬਤੀਅਨ ਬਾਰਡਰ ਪੁਲਸ ਅਤੇ ਨਹਿਰੂ ਪਰਬਤਾਰੋਹੀ ਸੰਸਥਾ ਦੇ ਪਰਬਤਾਰੋਹੀਆਂ ਦੀ ਟੀਮ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ। ਮੁੱਖ ਮੰਤਰੀ ਧਾਮੀ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਵੀ ਗੱਲ ਕੀਤੀ ਹੈ ਅਤੇ ਬਚਾਅ ਕਾਰਜ ਨੂੰ ਤੇਜ਼ ਕਰਨ ਲਈ ਫ਼ੌਜ ਦੀ ਮਦਦ ਮੰਗੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha