2025 ਤੱਕ ਭਾਰਤ ''ਚ ਜੜ੍ਹੋ ਉਖਾੜ ਸੁੱਟਾਂਗੇ ਟੀ.ਬੀ.- ਪੀ.ਐੱਮ. ਮੋਦੀ

03/13/2018 1:30:11 PM

ਨਵੀਂ ਦਿੱਲੀ— ਇੱਥੇ 'ਟੀ.ਬੀ. ਸਮਿਟ' ਦਾ ਉਦਘਾਟਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਟੀ.ਬੀ. ਨੂੰ ਖਤਮ ਕਰਨ ਲਈ ਚੁੱਕਿਆ ਗਿਆ ਹਰ ਕਦਮ ਸਿੱਧੇ-ਸਿੱਧੇ ਗਰੀਬਾਂ ਦੇ ਜੀਵਨ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਟੀ.ਬੀ. ਦੇ ਮਰੀਜ਼ਾਂ ਦੀ ਸਹੀ ਪਛਾਣ ਹੋਣੀ ਚਾਹੀਦੀ ਹੈ। ਅਜਿਹੇ ਕੇਸ ਬਾਰੇ ਸਮੇਂ 'ਤੇ ਪਤਾ ਲੱਗਣਾ ਚਾਹੀਦਾ ਤਾਂ ਕਿ ਉਨ੍ਹਾਂ ਦਾ ਸਮੇਂ 'ਤੇ ਇਲਾਜ ਵੀ ਹੋ ਸਕੇ। ਪੀ.ਐੱਮ. ਮੋਦੀ ਨੇ ਕਿਹਾ ਕਿ ਮਰੀਜ਼ਾਂ ਨੂੰ ਜੋ ਦਵਾਈ ਦਿੱਤੀ ਜਾ ਰਹੀ ਹੈ, ਉਹ ਪ੍ਰਭਾਵੀ ਹੈ ਜਾਂ ਨਹੀਂ? ਟੀ.ਬੀ. ਦਵਾਈ ਪ੍ਰਤੀਰੋਧੀ ਤਾਂ ਨਹੀਂ ਹੈ? ਇਨ੍ਹਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਦੇ ਹੋਏ ਸਰਕਾਰ ਵਿਆਪਕ ਪੱਧਰ 'ਤੇ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਅਜੇ ਤੱਕ ਟੀ.ਬੀ. ਨੂੰ ਰੋਕਣ 'ਚ ਸਫ਼ਲ ਨਹੀਂ ਹੋਏ ਹਾਂ। 10-15 ਸਾਲ ਬਾਅਦ ਵੀ ਨਤੀਜੇ ਨਾ ਮਿਲਣ 'ਤੇ ਸਾਨੂੰ ਆਪਣਾ ਨਜ਼ਰੀਆ ਬਦਲਣਾ ਹੋਵੇਗਾ। ਸਾਨੂੰ ਸਥਿਤੀ ਦਾ ਵਿਸ਼ਲੇਸ਼ਣ ਕਰਨ ਦੀ ਜ਼ਰੂਰਤ ਹੈ।

ਇਸ ਦੌਰਾਨ ਪੀ.ਐੱਮ. ਮੋਦੀ ਨੇ ਐਲਾਨ ਕੀਤਾ ਕਿ ਅਸੀਂ 2025 ਤੱਕ ਭਾਰਤ ਤੋਂ ਟੀ.ਬੀ. ਨੂੰ ਖਤਮ ਕਰਨ ਦਾ ਟੀਚਾ ਤੈਅ ਕੀਤਾ ਹੈ। ਦੇਸ਼ 'ਚ ਟੀ.ਬੀ. ਮੁਕਤ ਕਰਨ ਵਾਲਾ ਪ੍ਰੋਗਰਾਮ ਅੱਗੇ ਵਧ ਰਿਹਾ ਹੈ। ਉਨ੍ਹਾਂ ਨੇ ਭਰੋਸਾ ਜ਼ਾਹਰ ਕੀਤਾ ਕਿ ਅਸੀਂ ਇਕ ਸਾਲ ਦੇ ਅੰਦਰ ਹੀ 90 ਫੀਸਦੀ ਸਫ਼ਲਤਾ ਪ੍ਰਾਪਤ ਕਰਨ 'ਚ ਸਮਰੱਥ ਹੋਣਗੇ।