ਤਾਮਿਲਨਾਡੂ ''ਚ ਕੋਰੋਨਾ ਦੇ ਮਾਮਲੇ 2.74 ਲੱਖ ਦੇ ਕਰੀਬ, ਸਿਹਤਯਾਬ ਹੋਏ ਲੋਕਾਂ ਦੀ ਗਿਣਤੀ ਵਧੀ

08/05/2020 9:06:48 PM

ਚੇਨੱਈ- ਤਾਮਿਲਨਾਡੂ ਵਿਚ ਕੋਰੋਨਾ ਵਾਇਰਸ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ ਅਤੇ ਬੁੱਧਵਾਰ ਨੂੰ 5,175 ਰਿਕਾਰਡ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਵਾਇਰਸ ਪੀੜਤਾਂ ਦੀ ਗਿਣਤੀ 2.74 ਲੱਖ ਦੇ ਨੇੜੇ ਪਹੁੰਚ ਗਈ ਹੈ ਪਰ ਰਾਹਤ ਦੀ ਗੱਲ ਇਹ ਹੈ ਕਿ ਰਿਕਵਰੀ ਦੀ ਦਰ ਹੁਣ 78 ਫੀਸਦੀ ਨੂੰ ਪਾਰ ਕਰ ਗਈ ਹੈ।

ਸੂਬੇ ਵਿਚ ਸੰਕਰਮਿਤ ਮਰੀਜ਼ਾਂ ਦੀ ਰਿਕਵਰੀ ਦਰ ਵੱਧ ਕੇ 78.55 ਫੀਸਦੀ ਹੋ ਗਈ ਹੈ ਜੋ ਕਿ ਮੰਗਲਵਾਰ ਨੂੰ 77.82 ਫੀਸਦੀ ਰਹੀ ਸੀ ਜਦਕਿ ਮੌਤ ਦਰ ਘੱਟ ਕੇ 1.63 ਫੀਸਦੀ ਰਹਿ ਗਈ ਹੈ। ਅਧਿਕਾਰਤ ਸੂਤਰਾਂ ਮੁਤਾਬਕ ਸੂਬੇ ਵਿਚ ਸੰਕਰਮਿਤ ਲੋਕਾਂ ਦੀ ਗਿਣਤੀ 2,73,460 ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ 112 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 4,461 ਹੋ ਗਈ ਹੈ।

ਸੂਤਰਾਂ ਮੁਤਾਬਕ ਇਸ ਸਮੇਂ ਦੌਰਾਨ 6,031 ਹੋਰ ਮਰੀਜ਼ ਠੀਕ ਹੋਏ ਹਨ ਅਤੇ ਸਿਹਤਯਾਬ ਹੋਏ ਕੁੱਲ ਮਰੀਜ਼ਾਂ ਦੀ ਗਿਣਤੀ ਵੱਧ ਕੇ 2,14,815 ਹੋ ਗਈ ਹੈ। ਸੂਬੇ ਵਿਚ ਇਸ ਸਮੇਂ 54,184 ਕਿਰਿਆਸ਼ੀਲ ਮਾਮਲੇ ਦਰਜ ਹਨ। ਸਾਰੇ ਮਰੀਜ਼ਾਂ ਦਾ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੇ ਮਾਮਲੇ ਵਿਚ ਤਾਮਿਲਨਾਡੂ ਦੇਸ਼ ਵਿਚ ਮਹਾਰਾਸ਼ਟਰ ਤੋਂ ਬਾਅਦ ਦੂਜੇ ਨੰਬਰ ‘ਤੇ ਹਨ।

Sanjeev

This news is Content Editor Sanjeev