ਨਹੀਂ ਰਹੀ ਲੱਖਾਂ ਦਿਲਾਂ ''ਤੇ ਰਾਜ ਕਰਨ ਵਾਲੀ ਅੰਮਾ, ਜਾਣੋ ਅਭਿਨੇਤਰੀ ਬਣਨ ਤੋਂ ਲੈ ਕੇ ਹੁਣ ਤੱਕ ਦਾ ਸਫਰ

12/06/2016 9:10:47 PM

ਨਵੀਂ ਦਿੱਲੀ — ਤਾਮਿਲਨਾਡੂ ਦੀ ਮੁੱਖ-ਮੰਤਰੀ ਅਤੇ ਲੱਖਾਂ ਦਿਲਾਂ ''ਤੇ ਰਾਜ ਕਰਨ ਵਾਲੀ ਜੈਲਲਿਤਾ ਦਾ ਦਿਲ ਦਾ ਦੌਰਾ ਪੈਣ ਕਾਰਨ ਅੱਜ ਦੇਹਾਂਤ ਹੋ ਗਿਆ। ਪਿਛਲੇ 72 ਦਿਨਾਂ ਤੋਂ ਜੈਲਲਿਤਾ ਦਾ ਚੇਨਈ ਦੇ ਅਪੋਲੋ ਹਸਪਤਾਲ ''ਚ ਇਲਾਜ ਚੱਲ ਰਿਹਾ ਸੀ। ਫੇਫੜਿਆਂ ''ਚ ਜਕੜਨ ਕਾਰਨ ਉਨ੍ਹਾਂ ਨੂੰ ਵੈਂਟੀਲੇਟਰ ''ਤੇ ਰੱਖਿਆ ਗਿਆ ਸੀ। ਤਬੀਅਤ ਖਰਾਬ ਹਣ ਕਾਰਨ ਉਨ੍ਹਾਂ ਅੱਜ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ। ਜੈਲਲਿਤਾ ਇਕ ਅਜਿਹੀ ਸ਼ਖਸੀਅਤ, ਜਿਨ੍ਹਾਂ ਨੇ ਇਕ ਖੂਬਸੂਰਤ ਅਭਿਨੇਤਰੀ ਤੋਂ ਲੈ ਕੇ ਰਾਜਨੀਤੀ ਦੇ ਅਖਾੜੇ ਤੱਕ ਹਰ ਜਗ੍ਹਾ ਆਪਣੀ ਹਕੂਮਤ ਕਾਇਮ ਰੱਖੀ। ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਜੈਲਲਿਤਾ ਤੋਂ ਅੰਮਾ ਬਣ ਕੇ ਲੋਕਾਂ ਦੇ ਦਿਲਾਂ ''ਤੇ ਰਾਜ ਕਰਨ ਵਾਲੀ ਇਸ ਮਹਿਲਾ ਦੇ ਅਨੋਖੇ ਸਫਰ ਬਾਰੇ...

ਦੋ ਸਾਲ ਦੀ ਉਮਰ ''ਚ ਸਿਰ ਤੋਂ ਉੱਠ ਗਿਆ ਸੀ ਪਿਤਾ ਦਾ ਸਾਇਆ
ਕਰਨਾਟਕਾ ਦੇ ਮੈਸੂਰ ਸ਼ਹਿਰ ''ਚ ਇਕ ਅਈਯਰ ਪਰਿਵਾਰ ''ਚ ਜਨਮ ਲੈਣ ਵਾਲੀ ਜੈਲਲਿਤਾ ਜੈਰਾਮ ਦਾ ਜਨਮ 24 ਫਰਵਰੀ 1948 ਨੂੰ ਹੋਇਆ ਸੀ। ਕੇਵਲ ਦੋ ਸਾਲ ਦੀ ਉਮਰ ''ਚ ਹੀ ਜੈਲਲਿਤਾ ਨੇ ਆਪਣੇ ਪਿਤਾ ਦਾ ਸਾਇਆ ਸਿਰ ਤੋਂ ਗੁਆ ਦਿੱਤਾ। ਗਰੀਬੀ ''ਚ ਆਪਣਾ ਬਚਪਨ ਬਿਤਾਉਂਦੇ ਹੋਏ ਜੈਲਲਿਤਾ ਦੀ ਮਾਂ ਉਨ੍ਹਾਂ ਨੂੰ ਲੈ ਕੇ ਬੈਂਗਲੂਰੂ ਆਪਣੇ ਮਾਤਾ-ਪਿਤਾ ਕੋਲ ਆ ਗਈ। ਤਦ ਉਨ੍ਹਾਂ ਦੀ ਮਾਂ ਨੇ ਫਿਲਮੀ ਦੁਨੀਆਂ ''ਚ ਕਦਮ ਰੱਖਿਆ ਅਤੇ ਤਮਿਲ ਫਿਲਮਾਂ ''ਚ ਕੰਮ ਕਰਨਾ ਸ਼ੁਰੂ ਕਰ ਕੀਤਾ। 
ਪੜ੍ਹਾਈ ''ਚ ਵੀ ਅੱਵਲ ਰਹੀ ਹੈ ਜੈਲਲਿਤਾ
ਜੈਲਲਿਤਾ ਦੇ ਘਰ ਦਾ ਮਾਹੌਲ ਪੜ੍ਹਾਈ-ਲਿਖਾਈ ਵਾਲਾ ਸੀ ਅਤੇ ਜੈਲਲਿਤਾ ਨੂੰ ਪੜ੍ਹਾਈ ''ਚ ਬਹੁਤ ਰੁਚੀ ਸੀ। ਉਸ ਸਮੇਂ ਗਰੀਬੀ ਦੇ ਬਾਵਜੂਦ ਜੈਲਲਿਤਾ ਨੇ ਆਪਣੀ ਆਰੰਭਿਕ ਸਿੱਖਿਆ ਪਹਿਲਾਂ ਬੈਂਗਲੂਰੂ ਅਤੇ ਫਿਰ ਚੇਨਈ ''ਚ ਪੂਰੀ ਕੀਤੀ। ਚੇਨਈ ''ਚ ਸਟੇਲਾ ਮਾਰਿਸ ਕਾਲਜ ''ਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਜੈਲਲਿਤਾ ਨੇ ਸਰਕਾਰੀ ਵਜ਼ੀਫੇ ਨਾਲ ਅੱਗੇ ਪੜ੍ਹਾਈ ਪੂਰੀ ਕੀਤੀ। 
15 ਸਾਲ ਦੀ ਉਮਰ ''ਚ ਰੱਖਿਆ ਫਿਲਮੀ ਦੁਨੀਆਂ ''ਚ ਕਦਮ 
ਜੈਲਲਿਤਾ ਜਦ 15 ਸਾਲਾਂ ਦੀ ਸੀ, ਤਦ ਉਨ੍ਹਾਂ ਦਾ ਫਿਲਮੀ ਕੈਰੀਅਰ ਸ਼ੁਰੂ ਹੋਇਆ। ਉਸ ਦੌਰ ਦੇ ਇਕ ਨਿਰਮਾਤਾ ਦੀ ਨਜ਼ਰ ਉਨ੍ਹਾਂ ''ਤੇ ਪਈ ਅਤੇ ਮਾਂ ਦੇ ਪਹਿਲਾਂ ਤੋਂ ਹੀ ਫਿਲਮੀ ਦੁਨੀਆਂ ''ਚ ਹੋਣ ਕਾਰਨ ਜੈਲਲਿਤਾ ਨੇ ਫਿਲਮ ''ਚ ਕੰਮ ਕਰਨ ਲਈ ਹਾਂ ਕਰ ਦਿੱਤੀ। ਜੈਲਲਿਤਾ ਨਾ ਸਿਰਫ ਪੜ੍ਹਾਈ ''ਚ ਬਲਕਿ, ਸੰਗੀਤ ਅਤੇ ਡਾਂਸ ''ਚ ਵੀ ਰੁਚੀ ਰੱਖਦੀ ਸੀ। ਸਿਰਫ 15 ਸਾਲ ਦੀ ਉਮਰ ''ਚ ਜੈਲਲਿਤਾ ਨੇ ਅੰਗਰੇਜ਼ੀ ਫਿਲਮ ਏਪਿਸਲ ''ਚ ਹੀਰੋਇਨ ਦੀ ਭੂਮਿਕਾ ਅਦਾ ਕੀਤੀ। ਅਭਿਨੇਤਰੀ ਦੀ ਭੂਮਿਕਾ ''ਚ ਵੇਖਦੇ ਹੀ ਵੇਖਦੇ ਲੋਕਾਂ ਦੇ ਦਿਲਾਂ ''ਤੇ ਛਾ ਗਈ। ਇਸ ਤੋਂ ਬਾਅਦ ਜੈਲਲਿਤਾ ਨੇ ਤਮਿਲ ਤੋਂ ਇਲਾਵਾ ਤੇਲਗੂ, ਕੰਨੜ ਅਤੇ ਹਿੰਦੀ ਫਿਲਮਾਂ ਦੀ ਪ੍ਰਸਿੱਧ ਹਸਤੀ ਬਣ ਗਈ। 
ਲੱਗਭਗ 300 ਫਿਲਮਾਂ ''ਚ ਕੀਤਾ ਕੰਮ 
ਕੰਨੜ, ਤਮਿਲ, ਅੰਗਰੇਜ਼ੀ ਅਤੇ ਹਿੰਦੀ ਭਾਸ਼ਾ ''ਚ ਜੈਲਲਿਤਾ ਨੇ ਲੱਗਭਗ 300 ਫਿਲਮਾਂ ''ਚ ਕੰਮ ਕੀਤਾ। ਕੰਨੜ ਭਾਸ਼ਾ ''ਚ ਉਨ੍ਹਾਂ ਦੀ ਪਹਿਲੀ ਫਿਲਮ ਚਿੰਨਾਡਾ ਗੋਂਬੇ ਹੈ ਜੋ 1964 ''ਚ ਪ੍ਰਦਰਸ਼ਿਤ ਹੋਈ। ਜੈਲਲਿਤਾ ਤਮਿਲ ਦੀ ਪਹਿਲੀ ਅਜਿਹੀ ਅਭਿਨੇਤਰੀ ਸੀ ਜਿਨ੍ਹਾਂ ਨੇ ਸਕਰਟ ਪਾ ਕੇ ਭੂਮਿਕਾ ਨਿਭਾਈ ਸੀ। ਜੈਲਲਿਤਾ ਤਮਿਲ ਫਿਲਮਾਂ ਦੀ ਸਭ ਤੋਂ ਪ੍ਰਸਿੱਧ ਅਦਾਕਾਰਾ ਸੀ। ਇਹ ਘੱਟ ਹੀ ਲੋਕਾਂ ਨੂੰ ਪਤਾ ਹੋਵੇਗਾ ਕਿ 20 ਸਾਲ ਦੇ ਆਪਣੇ ਫਿਲਮੀ ਸਫਰ ''ਚ ਜੈਲਲਿਤਾ ਨੇ ਨਾ ਸਿਰਫ ਇਕ ਹੀ ਹਿੰਦੀ ਫਿਲਮ ਕੀਤੀ ਅਤੇ ਉਹ ਸੀ ਨਿਰਦੇਸ਼ਕ ਟੀ. ਪ੍ਰਕਾਸ਼ਰਾਵ ਦੀ ਫਿਲਮ ਇੱਜ਼ਤ। ਜੈਲਲਿਤਾ ਦੀ ਇਹ ਸਭ ਤੋਂ ਚਰਚਿਤ ਫਿਲਮ ਸੀ ਅਤੇ ਇਸ ਫਿਲਮ ''ਚ ਉਨ੍ਹਾਂ ਨਾਲ ਹੀਰੋ ਦੀ ਭੂਮਿਕਾ ''ਚ ਬਾਲੀਵੁੱਡ ਦੇ ਸੁਪਰਸਟਾਰ ਧਰਮਿੰਦਰ ਸਨ। 
ਐੱਮ. ਜੀ ਰਾਮਚੰਦਰਨ ਨਾਲ ਰਿਸ਼ਤੇ ਰਹੇ ਵਿਵਾਦਾਂ ''ਚ 
ਆਪਣੇ ਫਿਲਮੀ ਸਫਰ ''ਚ ਜੈਲਲਿਤਾ ਸੁਪਰਸਟਾਰ ਰਹੇ ਐੱਮ. ਜੀ ਰਾਮਚੰਦਰਨ ਨਾਲ ਰਿਸ਼ਤਿਆਂ ਦੀਆਂ ਖਬਰਾਂ ਕਾਰਨ ਖੂਬ ਚਰਚਾ ''ਚ ਰਹੀ। ਇਸ ਦੌਰ ''ਚ ਐੱਮ. ਜੀ ਰਾਮਚੰਦਰਨ ਨਾਲ ਰਿਸ਼ਤਿਆਂ ਨੂੰ ਲੈ ਕੇ ਜੈਲਲਿਤਾ ਨੂੰ ਖੂਬ ਜ਼ਲਾਲਤ ਦਾ ਸਾਹਮਣਾ ਕਰਨਾ ਪਿਆ। ਅਜਿਹਾ ਕਿਹਾ ਜਾਂਦਾ ਹੈ ਕਿ ਐੱਮ. ਜੀ ਅਤੇ ਜੈਲਲਿਤਾ ਇਕ-ਦੂਸਰੇ ਨਾਲ ਪਿਆਰ ਕਰਦੇ ਸਨ। ਪਰ ਐੱਮ. ਜੀ ਦਾ ਵਿਆਹ ਪਹਿਲਾਂ ਹੀ ਹੋ ਚੁੱਕਾ ਸੀ ਅਤੇ ਉਹ ਦੋ ਬੱਚਿਆਂ ਦੇ ਪਿਤਾ ਵੀ ਸਨ। ਇਸ ਦੌਰਾਨ ਜੈਲਲਿਤਾ ਦੀ ਉਮਰ 16 ਸਾਲ ਸੀ, ਉੱਥੇ ਹੀ ਐੱਮ. ਜੀ ਉਮਰ 42 ਸਾਲ ਸੀ। ਐੱਮ. ਜੀ ਦੇ ਦੇਹਾਂਤ ''ਤੇ ਵੀ ਜੈਲਲਿਤਾ ਨੂੰ ਖੂਬ ਬੇਇੱਜ਼ਤੀ ਸਹਿਣੀ ਪਈ ਸੀ। ਐੱਮ. ਜੀ ਦੀ ਪਤਨੀ ਜਾਨਕੀ ਨੇ ਜੈਲਲਿਤਾ ਨੂੰ ਐੱਮ. ਜੀ ਦੀ ਮ੍ਰਿਤਕ ਦੇਹ ਤੋਂ ਦੂਰ ਰੱਖਿਆ ਸੀ। 
ਐੱਮ. ਜੀ ਦੇ ਨਾਲ ਹੀ ਰੱਖਿਆ ਸੀ ਰਾਜਨੀਤੀ ''ਚ ਕਦਮ 
ਸਾਲ 1982 ''ਚ ਜੈਲਲਿਤਾ ਨੇ ਆਲ ਇੰਡੀਆ ਅੰਨਾ ਦ੍ਰਵਿੜ ਕੜਗਮ (ਅੰਨਾ ਦ੍ਰਮੁਕ) ਦੀ ਮੈਂਬਰਤਾ ਗ੍ਰਹਿਣ ਕਰਦੇ ਹੋਏ ਐੱਮ. ਜੀ ਨਾਲ ਆਪਣੇ ਰਾਜਨੀਤਕ ਜੀਵਨ ਦੀ ਸ਼ੁਰੂਆਤ ਕੀਤੀ। 1983 ''ਚ ਉਨ੍ਹਾਂ ਨੂੰ ਪਾਰਟੀ ਦਾ ਪ੍ਰੋਪੇਗੇਂਡਾ ਸਕੱਤਰ ਨਿਯੁਕਤ ਕੀਤਾ ਗਿਆ। ਬਾਅਦ ''ਚ ਜੈਲਲਿਤਾ ਰਾਜ ਵਿਧਾਨਸਭਾ ਦੀ ਉੱਪ-ਚੋਣ ਜਿੱਤ ਕੇ ਵਿਧਾਨਸਭਾ ਦੀ ਮੈਂਬਰ ਬਣ ਗਈ। ਇਸ ਤੋਂ ਬਾਅਦ ਉਹ 1984 ਤੋਂ 1989 ਤੱਕ ਤਾਮਿਲਨਾਡੂ ਤੋਂ ਰਾਜਸਭਾ ਦੀ ਮੈਂਬਰ ਰਹੀ। ਸਾਲ 1984 ''ਚ ਐੱਮ. ਜੀ ਰਾਮਚੰਦਰਨ ਜਯਾ ਨੇ ਮੁੱਖ-ਮੰਤਰੀ ਦੀ ਗੱਦੀ ਸੰਭਾਲਣੀ ਚਾਹੀ, ਪਰ ਤਦ ਰਾਮਚੰਦਰਨ ਨੇ ਉਨ੍ਹਾਂ ਨੂੰ ਪਾਰਟੀ ਦੇ ਉੱਪ ਨੇਤਾ ਦੇ ਅਹੁਦੇ ਤੋਂ ਹਟਾ ਦਿੱਤਾ। 
ਤਦ ਦੋ ਧੜਿਆਂ ''ਚ ਵੰਡੀ ਗਈ ਪਾਰਟੀ 
ਸਾਲ 1987 ''ਚ ਐੱਮ. ਜੀ ਦੇ ਦੇਹਾਂਤ ਤੋਂ ਬਾਅਦ ਅੰਨਾ ਦ੍ਰਮੁਕ ਦੋ ਧੜਿਆਂ ''ਚ ਵੰਡੀ ਗਈ। ਇਕ ਪਾਸੇ ਦੀ ਨੇਤਾ ਜਿੱਥੇ ਐੱਮ. ਜੀ ਵਿਧਵਾ ਪਤਨੀ ਜਾਨਕੀ ਸੀ ਅਤੇ ਦੂਸਰੇ ਪਾਸੇ ਜੈਲਲਿਤਾ। ਉਸ ਸਮੇਂ ਜੈਲਲਿਤਾ ਨੇ ਖੁਦ ਨੂੰ ਰਾਮਚੰਦਰਨ ਦੀ ਵਿਰਾਸਤ ਦਾ ਉੱਤਰਾਧਿਕਾਰੀ ਘੋਸ਼ਿਤ ਕਰ ਦਿੱਤਾ। ਸਾਲ 1989 ''ਚ ਉਨ੍ਹਾਂ ਦੀ ਪਾਰਟੀ ਨੇ ਰਾਜਸਭਾ ''ਚ 27 ਸੀਟਾਂ ਜਿੱਤੀਆਂ ਅਤੇ ਉਹ ਤਾਮਿਲਨਾਡੂ ਦੀ ਪਹਿਲੀ ਵਿਰੋਦੀ ਧਿਰ ਦੀ ਨੇਤਾ ਚੁਣੀ ਗਈ। ਸਾਲ 1991 ''ਚ ਰਾਜੀਵ ਗਾਂਧੀ ਦੀ ਹੱਤਿਆ ਤੋਂ ਬਾਅਦ ਸੂਬੇ ''ਚ ਹੋਈਆਂ ਚੋਣਾਂ ''ਚ ਉਨ੍ਹਾਂ ਦੀ ਪਾਰਟੀ ਨੇ ਕਾਂਗਰਸ ਨਾਲ ਮਿਲ ਕੇ ਚੋਣਾਂ ਲੜੀਆਂ ਅਤੇ ਸਰਕਾਰ ਬਣਾਈ। 
ਸਭ ਤੋਂ ਘੱਟ ਉਮਰ ਦੀ ਮੁੱਖ-ਮੰਤਰੀ ਬਣੀ 
ਉਹ ਜੂਨ 1991 ਤੋਂ 12 ਮਈ ਤੱਕ ਸੂਬੇ ਦੀ ਪਹਿਲੀ ਮੁੱਖ-ਮੰਤਰੀ ਅਤੇ ਸੂਬੇ ਦੀ ਸਭ ਤੋਂ ਘੱਟ ਉਮਰ ਦੀ ਮੁੱਖ-ਮੰਤਰੀ ਬਣੀ। ਇਸ ਤੋਂ ਬਾਅਦ 1996 ''ਚ ਉਨ੍ਹਾਂ ਦੀ ਪਾਰਟੀ ਚੋਣਾਂ ਹਾਰ ਗਈ ਅਤੇ ਉਹ ਖੁਦ ਵੀ ਚੋਣ ਹਾਰ ਗਈ। ਇਸ ਹਾਰ ਤੋਂ ਬਾਅਦ ਸਰਕਾਰ ਵਿਰੋਧੀ ਜਨਸਭਾਵਾਂ ਅਤੇ ਉਨ੍ਹਾਂ ਦੇ ਮੰਤਰੀਆਂ ਵਿਰੁੱਧ ਭ੍ਰਿਸ਼ਟਾਚਾਰ ਦੇ ਕਈ ਮਾਮਲੇ ਉਜਾਗਰ ਹੋਏ। ਪਹਿਲੀ ਵਾਰ ਮੁੱਖ-ਮੰਤਰੀ ਰਹਿੰਦੇ ਹੋਏ ਉਨ੍ਹਾਂ ''ਤੇ ਕਈ ਗੰਭੀਰ ਦੋਸ਼ ਲੱਗੇ। ਭ੍ਰਿਸ਼ਟਾਚਾਰ ਦੇ ਮਾਮਲਿਆਂ ਅਤੇ ਕੋਰਟ ਤੋਂ ਸਜ਼ਾ ਹੋਣ ਦੇ ਬਾਵਜੂਦ ਵੀ ਉਹ ਆਪਣੀ ਪਾਰਟੀ ਨੂੰ ਚੋਣਾਂ ਜਿਤਾਉਣ ''ਚ ਸਫਲ ਰਹੀ। ਹਾਲਾਂਕਿ ਗੰਭੀਰ ਦੋਸ਼ਾਂ ਕਾਰਨ ਉਨ੍ਹਾਂ ਨੂੰ ਇਸ ਦੌਰਾਨ ਕਾਫੀ ਮੁਸ਼ਕਿਲ ਦੌਰ ''ਚੋਂ ਲੰਘਣਾ ਪਿਆ, ਪਰ 2001 ''ਚ ਉਹ ਫਿਰ ਇਕ ਵਾਰ ਤਾਮਿਲਨਾਡੂ ਦੀ ਮੁੱਖ-ਮੰਤਰੀ ਬਣਨ ''ਚ ਸਫਲ ਹੋਈ। 
ਸਾਲ 2002 ''ਚ ਫਿਰ ਸੰਭਾਲੀ ਮੁੱਖ-ਮੰਤਰੀ ਦੀ ਕੁਰਸੀ 
ਜਦ ਜੈਲਲਿਤਾ ਨੂੰ ਮਦਰਾਸ ਹਾਈਕੋਰਟ ਤੋਂ ਰਾਹਤ ਮਿਲੀ ਤਾਂ ਇਕ ਵਾਰ ਫਿਰ 2002 ''ਚ ਉਹ ਮੁੱਖ-ਮੰਤਰੀ ਬਣੀ। ਇਸ ਤੋਂ ਬਾਅਦ ਅਪ੍ਰੈਲ 2011 ''ਚ ਜਦ 11 ਦਲਾਂ ਦੇ ਗਠਜੋੜ ਨੇ 14ਵੀਂ ਰਾਜ ਵਿਧਾਨਸਭਾ ''ਚ ਬਹੁਮਤ ਹਾਸਿਲ ਕੀਤਾ ਤਾਂ ਉਹ ਤੀਸਰੀ ਵਾਰ ਮੁੱਖ-ਮੰਤਰੀ ਬਣੀ। ਉਨ੍ਹਾਂ 16 ਮਈ 2011 ਨੂੰ ਮੁੱਖ-ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਅਤੇ ਤਦ ਤੋਂ ਉਹ ਸੂਬੇ ਦੀ ਮੁੱਖ-ਮੰਤਰੀ ਸਨ। ਉਨ੍ਹਾਂ ਦੇ ਪਾਰਟੀ ਵਰਕਰ ਉਨ੍ਹਾਂ ਨੂੰ ਅੰਮਾ ਦੇ ਨਾਂ ਤੋਂ ਸੰਬੋਧਿਤ ਕਰਦੇ ਸਨ।