ਭਾਰਤੀ ਮੀਡੀਆ ਨੂੰ ਨਸੀਹਤ ਦੇਣ ਵਾਲੇ ਚੀਨ ਨੂੰ ਤਾਈਵਾਨ ਨੇ ਕਿਹਾ, 'ਦਫਾ ਹੋ ਜਾਵੋ'

10/09/2020 2:24:20 AM

ਤਾਇਪੇ - ਚੀਨ ਦੇ ਦੂਤਘਰ ਵੱਲੋਂ ਬੁੱਧਵਾਰ ਨੂੰ ਭਾਰਤ ਦੀ ਮੀਡੀਆ ਨੂੰ ਕੁਝ ਨਸੀਹਤਾਂ ਦਿੱਤੀਆਂ ਗਈਆਂ ਸਨ। ਚੀਨੀ ਦੂਤਘਰ ਨੇ ਭਾਰਤ ਦੀ ਮੀਡੀਆ ਨੂੰ ਆਖਿਆ ਸੀ ਕਿ ਉਹ ਵਨ ਚਾਈਨਾ ਪਾਲਸੀ ਦਾ ਸਨਮਾਨ ਕਰੇ ਅਤੇ ਤਾਈਵਾਨ ਨੈਸ਼ਨਲ ਡੇ ਦੀ ਕਵਰੇਜ਼ 'ਤੇ ਚੀਨ ਨੇ ਆਪਣੀ ਨਰਾਜ਼ਗੀ ਜਤਾਈ ਸੀ। ਹੁਣ ਤਾਈਵਾਨ ਵੱਲੋਂ ਚੀਨ ਨੂੰ ਜਵਾਬ ਦਿੱਤਾ ਗਿਆ ਹੈ। ਤਾਈਵਾਨ ਦੇ ਨੈਸ਼ਨਲ ਡੇ ਕਵਰੇਜ਼ ਨੂੰ ਲੈ ਕੇ ਚੀਨ ਵੱਲੋਂ ਭਾਰਤੀ ਮੀਡੀਆ ਨੂੰ ਚਿਤਾਵਨੀ ਭਰੀ ਨਸੀਹਤ ਦਾ ਤਾਈਵਾਨੀ ਵਿਦੇਸ਼ ਮੰਤਰੀ ਨੇ ਕਰਾਰਾ ਜਵਾਬ ਦਿੱਤਾ ਹੈ। ਤਾਈਵਾਨ ਦੇ ਵਿਦੇਸ਼ ਮੰਤਰਾਲੇ ਨੇ ਭਾਰਤ ਦੇ ਲੋਕਤੰਤਰ ਅਤੇ ਆਜ਼ਾਦ ਪ੍ਰੈੱਸ ਦਾ ਜ਼ਿਕਰ ਕਰਦੇ ਹੋਏ ਆਖਿਆ ਕਿ ਕਮਿਊਨਿਸਟ ਚਾਈਨਾ ਨੂੰ ਤਾਈਵਾਨ ਦੇ ਭਾਰਤੀ ਦੋਸਤ ਇਕ ਹੀ ਜਵਾਬ ਦੇਣਗੇ ਕਿ- ਦਫਾ ਹੋ ਜਾਵੋ।

ਭਾਰਤੀ ਅਖਬਾਰਾਂ ਵਿਚ ਐਡ ਤੋਂ ਖਫਾ ਚੀਨ
ਬੁੱਧਵਾਰ ਨੂੰ ਤਾਈਵਾਨ ਨੇ ਨੈਸ਼ਨਲ ਡੇ ਨੂੰ ਲੈ ਕੇ ਭਾਰਤੀ ਅਖਬਾਰਾਂ ਵਿਚ ਇਕ ਪੇਜ਼ ਦੀ ਐਡ ਦਿੱਤੀ ਸੀ। ਇਸ ਨਾਲ ਬੌਖਲਾਏ ਚੀਨੀ ਦੂਤਘਰ ਨੇ ਭਾਰਤੀ ਮੀਡੀਆ ਆਓਟਲੈੱਟਸ ਨੂੰ ਚਿਤਾਵਨੀ ਦਿੱਤੀ ਸੀ। ਚੀਨੀ ਦੂਤਘਰ ਨੇ ਆਖਿਆ ਸੀ ਕਿ ਦੁਨੀਆ ਵਿਚ ਸਿਰਫ ਇਕ ਚੀਨ ਹੈ ਅਤੇ ਵਨ ਚਾਈਨਾ ਪਾਲਸੀ ਦਾ ਸਨਮਾਨ ਕੀਤਾ ਜਾਵੇ। ਚੀਨੀ ਦੂਤਘਰ ਮੁਤਾਬਕ ਤਾਈਵਾਨ, ਚੀਨ ਦਾ ਹਿੱਸਾ ਹੈ ਇਸ ਲਈ ਤਾਈਵਾਨ ਨੂੰ ਅਲੱਗ ਦੇਸ਼ ਨਾ ਦੱਸੇ ਅਤੇ ਤਾਈਵਾਨ ਦੇ ਨੇਤਾ ਨੂੰ ਰਾਸ਼ਟਰਪਤੀ ਨਾ ਕਹੇ। ਇਸ ਤੋਂ ਬਾਅਦ ਤਾਈਵਾਨ ਦੇ ਵਿਦੇਸ਼ ਮੰਤਰੀ ਜੋਸੇਫ ਵੂ ਨੇ ਵਿਦੇਸ਼ ਮੰਤਰਾਲੇ ਦੇ ਅਧਿਕਾਰਕ ਟਵਿੱਟਰ ਪੇਜ਼ 'ਤੇ ਲਿਖਿਆ ਕਿ ਭਾਰਤ ਧਰਤੀ 'ਤੇ ਸਭ ਤੋਂ ਵੱਡਾ ਲੋਕਤੰਤਰ ਹੈ, ਜਿਥੇ ਜਿਉਂਦੀ ਪ੍ਰੈੱਸ ਅਤੇ ਆਜ਼ਾਦ ਲੋਕ ਹਨ। ਪਰ ਲੱਗਦਾ ਹੈ ਕਿ ਕਮਿਊਨਿਸਟ ਚੀਨ ਇਸ 'ਤੇ ਸੈਂਸਰਸ਼ਿਪ ਲਾਗੂ ਕਰਨਾ ਚਾਹੁੰਦਾ ਹੈ।

ਦੂਜੇ ਪਾਸੇ ਭਾਰਤੀ ਮੀਡੀਆ ਵੱਲੋਂ ਚੀਨ ਦੀ ਇਸ ਹਰਕਤ 'ਤੇ ਸਖਤ ਪ੍ਰਤੀਕਿਰਿਆ ਜਤਾਈ ਗਈ ਹੈ। ਟਵਿੱਟਰ ਅਤੇ ਫੇਸਬੁੱਕ 'ਤੇ ਕਈ ਵੱਡੇ ਪੱਤਰਕਾਰਾਂ ਨੇ ਚੀਨ ਦੀ ਇਸ ਕੋਸ਼ਿਸ਼ ਦੀ ਨਿੰਦ ਕੀਤੀ ਹੈ ਅਤੇ ਆਖਿਆ ਹੈ ਕਿ ਚੀਨ ਆਪਣੇ ਦਖਲ ਨੂੰ ਸਰਕਾਰੀ ਅਖਬਾਰ ਗਲੋਬਲ ਟਾਈਮਸ ਤੱਕ ਸੀਮਤ ਰੱਖੇ। ਹਾਲਾਂਕਿ ਅਜੇ ਤੱਕ ਭਾਰਤ ਸਰਕਾਰ ਵੱਲੋਂ ਇਸ 'ਤੇ ਕੋਈ ਅਧਿਕਾਰਕ ਪ੍ਰਤੀਕਿਰਿਆ ਨਹੀਂ ਆਈ ਹੈ।

Khushdeep Jassi

This news is Content Editor Khushdeep Jassi