ਸੁਸ਼ੀਲ ਮੋਦੀ ਦੇ ਪੁੱਤਰ ਦੀ ਅਨੋਖੀ ਪਹਿਲ,ਬਿਨਾਂ ਦਾਜ ਦੇ ਵਿਆਹ, ਨਾ ਕੋਈ ਰੋਟੀ ਤੇ ਨਾ ਕੋਈ ਚਾਹ

12/04/2017 12:31:17 PM

ਪਟਨਾ—ਬਿਹਾਰ ਸਰਕਾਰ ਦੀ ਦਾਜ ਅਤੇ ਬਾਲ ਵਿਆਹ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਭਾਜਪਾ ਦੇ ਸੀਨੀਅਰ ਨੇਤਾ ਤੇ ਬਿਹਾਰ ਦੇ ਉਪ ਮੁੱਖ ਮੰਤਰੀ ਸੁਸ਼ੀਲ  ਮੋਦੀ ਦੇ ਪੁੱਤਰ ਉਤਕਰਸ਼ ਤੇ ਯਾਮਿਨੀ ਦੇ ਵਿਆਹ ਦੀ ਖਾਸ ਗੱਲ ਸੀ ਕਿ ਇਸ ਵਿਆਹ 'ਚ ਨਾ ਤਾਂ ਬੈਂਡ-ਵਾਜਿਆਂ ਨਾਲ ਬਾਰਾਤ ਨਿਕਲੀ ਅਤੇ ਨਾ ਹੀ ਦਾਜ ਲਿਆ। ਵਿਆਹ ਦਾ ਸਮਾਗਮ ਦਿਨ ਵੇਲੇ ਹੋਣ ਨਾਲ ਬਿਜਲੀ ਯੰਤਰਾਂ ਅਤੇ ਹੋਰ ਸਜਾਵਟ 'ਤੇ ਹੋਣ ਵਾਲੀ ਫਜ਼ੂਲ-ਖਰਚੀ ਵੀ ਨਹੀਂ ਹੋਈ। ਵਿਆਹ 'ਚ ਨੱਚਣ-ਗਾਉਣ (ਡੀ. ਜੇ.) ਦੀ ਪ੍ਰੰਪਰਾ ਨੂੰ ਤੋੜਦੇ ਹੋਏ ਮੁੰਬਈ ਤੋਂ ਆਈ ਇਕ ਟੋਲੀ ਨੇ ਵੈਦਿਕ ਮੰਤਰਾਂ ਦਾ ਸੰਗੀਤਮਈ ਉਚਾਰਣ ਕੀਤਾ। ਇਸ ਨਾਲ ਪੂਰਾ ਮਾਹੌਲ ਭਗਤੀਮਈ ਹੋ ਗਿਆ। ਅਜਿਹਾ ਪਹਿਲੀ ਵਾਰ ਦੇਖ ਕੇ ਬਿਹਾਰ ਦੇ ਲੋਕਾਂ ਲਈ ਆਪਣੇ ਆਪ 'ਚ ਇਕ ਅਨੋਖਾ ਤਜਰਬਾ ਸੀ। ਇਸ ਸਮਾਗਮ 'ਚ ਮਹਿਮਾਨਾਂ ਲਈ ਸ਼ਾਨਦਾਰ ਖਾਣੇ ਦੀ ਥਾਂ ਪ੍ਰਸਾਦ ਦੇ ਤੌਰ 'ਤੇ ਸਿਰਫ 4-4 ਲੱਡੂ ਦਿੱਤੇ ਗਏ। ਇਸ ਦੇ ਨਾਲ ਹੀ ਵਿਆਹ 'ਚ ਮਹਿਮਾਨਾਂ ਨੂੰ ਕੋਈ ਤੋਹਫਾ ਲੈ ਕੇ ਨਾ ਆਉਣ ਦੀ ਵੀ ਬੇਨਤੀ ਕੀਤੀ ਗਈ ਸੀ।
ਡਿਜੀਟਲ ਸੱਦਾ ਕਾਰਡ 'ਤੇ ਵੱਡੀ ਗਿਣਤੀ 'ਚ ਆਏ ਬਹੁਤ ਹੀ ਪ੍ਰਮੁੱਖ ਮਹਿਮਾਨਾਂ ਦੀ ਦਿਨ ਦੇ ਉਜਾਲੇ 'ਚ ਫੁੱਲਾਂ ਦੀ ਵਰਖਾ ਤੇ ਵੈਦਿਕ ਮੰਤਰਾਂ ਦੇ ਉਚਾਰਣ ਦੌਰਾਨ ਭਾਜਪਾ ਦੇ ਸੀਨੀਅਰ ਨੇਤਾ ਸੁਸ਼ੀਲ ਕੁਮਾਰ ਮੋਦੀ ਦੇ ਪੁੱਤਰ ਉਤਕਰਸ਼ ਤਥਾਗਤ ਦੇ ਅੱਜ ਹੋਏ ਅਨੋਖੇ ਵਿਆਹ 'ਚ ਰਾਸ਼ਟਰੀ ਜਨਤਾ ਦਲ (ਰਾਜਦ) ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਸਮੇਤ ਕਈ ਮਹਾਰਥੀ ਆਗੂ ਸ਼ਾਮਲ ਹੋਏ। 
ਰਾਜਧਾਨੀ ਪਟਨਾ ਦੇ ਵੈਟਰਨਰੀ ਕਾਲਜ ਮੈਦਾਨ 'ਚ ਆਯੋਜਿਤ ਸਮਾਗਮ 'ਚ ਉਤਕਰਸ਼  ਅਤੇ ਕੋਲਕਾਤਾ ਨਿਵਾਸੀ ਨਵਲਜੀ ਕੇਦਾਰਨਾਥ ਵਰਮਾ ਦੀ ਧੀ ਯਾਮਿਨੀ ਵਿਆਹ ਦੇ ਬੰਧਨ 'ਚ ਬੱਝ ਗਏ। ਇਸ ਵਿਆਹ 'ਚ ਸ਼ਾਮਲ ਹੋਣ ਲਈ ਸਾਰਿਆਂ ਨੂੰ ਵਟਸਐਪ 'ਤੇ ਡਿਜੀਟਲ ਸੱਦਾ ਕਾਰਡ ਭੇਜਿਆ ਸੀ।
ਸਮਾਰੋਹ 'ਚ ਸ਼ਾਮਲ ਹੋਏ ਮਹਿਮਾਨਾਂ 'ਚ ਖਾਸ ਆਕਰਸ਼ਣ ਸੁਸ਼ੀਲ ਮੋਦੀ ਦੇ ਸਿਆਸੀ ਵਿਰੋਧੀ ਮੰਨੇ ਜਾਣ ਵਾਲੇ ਸ਼੍ਰੀ ਲਾਲੂ ਪ੍ਰਸਾਦ ਯਾਦਵ ਰਹੇ, ਕਿਉਂਕਿ ਉਨ੍ਹਾਂ ਨੇ ਕਿਹਾ ਸੀ ਕਿ  ਉਹ ਸਿਰਫ ਡਿਜੀਟਲ ਕਾਰਡ ਦੇ ਸੱਦੇ 'ਤੇ ਸ਼ਾਮਲ ਹੋਣ ਵਾਲੇ ਨਹੀਂ ਪਰ ਸ਼੍ਰੀ ਯਾਦਵ ਨੇ ਸਿਆਸਤ 'ਚ ਇਕ ਕਦਮ ਅੱਗੇ ਵਧਦੇ ਹੋਏ ਵਿਆਹ ਵਾਲੀ ਥਾਂ 'ਤੇ ਪਹੁੰਚ ਕੇ ਲਾੜੇ-ਲਾੜੀ ਨੂੰ ਆਸ਼ੀਰਵਾਦ ਦਿੱਤਾ।
ਇਸ ਸਮਾਗਮ 'ਚ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ, ਰਾਮ ਵਿਲਾਸ ਪਾਸਵਾਨ, ਰਾਧਾਮੋਹਨ ਸਿੰਘ, ਗਿਰੀਰਾਜ ਸਿੰਘ, ਧਰਮਿੰਦਰ ਪ੍ਰਧਾਨ, ਅਨੰਤ ਕੁਮਾਰ, ਸ਼ਿਵ ਪ੍ਰਤਾਪ ਸ਼ੁਕਲ, ਰਾਮ ਕ੍ਰਿਪਾਲ ਯਾਦਵ, ਭਾਜਪਾ ਦੇ ਸੀਨੀਅਰ ਆਗੂ ਰਜੀਵ ਪ੍ਰਤਾਪ ਰੂਡੀ, ਸਈਦ ਸ਼ਹਿਨਵਾਜ਼ ਹੁਸੈਨ, ਸੰਸਦ ਮੈਂਬਰ ਰਾਜੇਸ਼ ਰੰਜਨ ਉਰਫ ਪੱਪੂ ਯਾਦਵ ਅਤੇ ਚਿਰਾਗ ਪਾਸਵਾਨ ਨਾਲ ਬਿਹਾਰ ਦੇ ਰਾਜਪਾਲ ਸਤਿਆਪਾਲ ਮਲਿਕ, ਗੋਆ ਦੀ ਰਾਜਪਾਲ ਮ੍ਰਿਦੁਲਾ ਸਿਨ੍ਹਾ, ਮੇਘਾਲਿਆ ਦੇ ਰਾਜਪਾਲ ਗੰਗਾ ਪ੍ਰਸਾਦ, ਪੱਛਮ ਬੰਗਾਲ ਦੇ ਰਾਜਪਾਲ ਕੇਸਰੀਨਾਥ ਤ੍ਰਿਪਾਠੀ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਹੋਰ ਮੰਤਰੀ, ਹਰਿਆਣਾ ਦੇ ਮੁੱਖ ਮੰਤਰੀ ਮਨਮੋਹਰ ਲਾਲ ਖੱਟੜ, ਝਾਰਖੰਡ ਦੇ ਮੁੱਖ ਮੰਤਰੀ ਰਘੁਵਰ ਦਾਸ, ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰਮ ਸਿੰਘ ਰਾਵਤ, ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ, ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜਗਨਨਾਥ ਮਿਸ਼ਰ ਅਤੇ ਜੀਤਨਰਾਮ ਮਾਂਝੀ ਸ਼ਾਮਲ ਹੋਏ।