''ਮਨਮੋਹਨ ਸਰਕਾਰ ਨੇ ਸਰਜੀਕਲ ਸਟਰਾਈਕ ਕੀਤੀ ਸੀ ਤਾਂ ਦੱਸਿਆ ਕਿਉਂ ਨਹੀਂ''

12/02/2018 6:22:21 PM

ਜੈਪੁਰ (ਭਾਸ਼ਾ)— ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਨੂੰ ਸਵਾਲ ਚੁੱਕਿਆ ਕਿ ਜੇਕਰ ਮਨਮੋਹਨ ਸਿੰਘ ਸਰਕਾਰ ਨੇ ਸਰਜੀਕਲ ਸਟਰਾਈਕ ਕੀਤੀ ਸੀ ਤਾਂ ਉਸ ਨੂੰ ਲੁਕਾ ਕੇ ਕਿਉਂ ਰੱਖਿਆ ਗਿਆ। ਇਸ ਦੇ ਨਾਲ ਹੀ ਰਾਜਨਾਥ ਨੇ ਕਿਹਾ ਕਿ ਕਾਂਗਰਸ ਲਈ ਮੰਦਰ ਅਤੇ ਗਊ ਚੋਣਾਵੀ ਸਟੰਟ ਹੋ ਸਕਦਾ ਹੈ ਪਰ ਭਾਜਪਾ ਲਈ ਇਹ ਸੱਭਿਆਚਾਰਕ ਜੀਵਨ ਦਾ ਹਿੱਸਾ ਹੈ। ਇੱਥੇ ਦੱਸ ਦੇਈਏ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਉਦੈਪੁਰ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਜੀਕਲ ਸਟਰਾਈਕ ਵਰਗੇ ਫੌਜੀ ਫੈਸਲੇ ਨੂੰ ਵੀ ਸਿਆਸੀ ਜਾਇਦਾਦ ਬਣਾ ਦਿੱਤਾ, ਜਦਕਿ ਇਹ ਹੀ ਕੰਮ ਮਨਮੋਹਨ ਸਿੰਘ ਸਰਕਾਰ ਨੇ ਵੀ 3 ਵਾਰ ਕੀਤਾ ਸੀ। ਇਸ ਬਾਰੇ ਪੁੱਛੇ ਜਾਣ 'ਤੇ ਰਾਜਨਾਥ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ''ਅੱਜ ਦੱਸ ਰਹੇ ਹਨ ਉਹ। ਉਦੋਂ ਦੇਸ਼ ਨੂੰ ਕਿਉਂ ਨਹੀਂ ਦੱਸਿਆ ਗਿਆ? ਜੇਕਰ ਸਾਡੀ ਫੌਜ ਨੇ ਆਪਣੇ ਸਾਹਸ ਦਾ ਪਰਿਚੈ ਦਿੱਤਾ ਸੀ ਤਾਂ ਕੀ ਦੇਸ਼ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੋਣੀ ਚਾਹੀਦੀ ਸੀ। ਕਿਸ ਦਾ ਡਰ ਸੀ? ਮੈਂ ਇਸ ਸਵਾਲ ਦਾ ਜਵਾਬ ਚਾਹੁੰਦਾ ਹਾਂ।''

ਮੈਂ ਕਹਿਣਾ ਚਾਹਾਂਗਾ ਕਿ ਸਿਆਸਤ ਸਿਰਫ ਸਰਕਾਰ ਬਣਾਉਣ ਲਈ ਨਹੀਂ ਹੁੰਦੀ, ਸਿਆਸਤ ਦੇਸ਼ ਬਣਾਉਣ ਲਈ ਵੀ ਹੁੰਦੀ ਹੈ। ਇਸ ਦੇ ਨਾਲ ਹੀ ਰਾਜਨਾਥ ਨੇ ਭਰੋਸਾ ਜਤਾਇਆ ਕਿ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਸਾਫ ਹੋ ਰਹੀ ਹੈ। ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਿਦੇ ਹੋਏ ਉਨ੍ਹਾਂ ਕਿਹਾ ਕਿ ਇਹ ਲੋਕ ਹਿੰਦੂ ਅਤੇ ਹਿੰਦੂਤੱਵ ਦੀ ਕੀ ਗੱਲ ਕਰਨਗੇ? 2007 ਵਿਚ ਰਾਮਸੇਤੂ ਮਾਮਲੇ ਵਿਚ ਸੁਪਰੀਮ ਕੋਰਟ ਵਿਚ ਹਲਫਨਾਮੇ 'ਚ ਖੁਦ ਹੀ ਭਗਵਾਨ ਰਾਮ ਨੂੰ ਕਾਲਪਨਿਕ ਕਿਹਾ ਸੀ।