ਭਾਰਤ ''ਤੇ ਹਮਲੇ ਦੀ ਤਿਆਰੀ ''ਚ ਸਨ ਅੱਤਵਾਦੀ, ਇਸ ਲਈ ਕੀਤੀ ਸਰਜੀਕਲ ਸਟਰਾਈਕ : ਸਰਕਾਰ

03/17/2017 9:20:40 PM

ਨਵੀਂ ਦਿੱਲੀ— ਕੇਂਦਰੀ ਰੱਖਿਆ ਰਾਜਮੰਤਰੀ ਸੁਭਾਸ਼ ਭਾਮਰੇ ਨੇ ਸ਼ੁੱਕਰਵਾਰ ਨੂੰ ਲੋਕਸਭਾ ''ਚ ਕਿਹਾ ਕਿ ਪੀ.ਓ.ਕੇ. ''ਚ ਅੱਤਵਾਦੀ ਭਾਰਤ ''ਚ ਹਮਲੇ ਲਈ ਤਿਆਰ ਬੈਠੇ ਸਨ, ਇਸ ਗੱਲ ਦੇ ਪੁਖਤਾ ਸਬੂਤ ਮਿਲਣ ਦੇ ਬਾਅਦ ਭਾਰਤੀ ਫੌਜ ਨੇ ਐੱਲ.ਓ.ਸੀ. ਪਾਰ ਸਰਜੀਕਲ ਸਟਰਾਈਕ ਕੀਤੀ। ਉਨ੍ਹਾਂ ਨੇ ਕਿਹਾ ਕਿ ਭਾਰਤ ਕੋਲ ਇਸ ਦੀ ਪੁਖਤਾ ਜਾਣਕਾਰੀ ਹੋਣ ਕਾਰਨ ਹੀ ਇਸ ਸਰਜੀਕਲ ਸਟਰਾਈਕ ਨੂੰ ਬਖੂਬੀ ਅੰਜਾਮ ਦਿੱਤਾ ਗਿਆ ਅਤੇ ਭਾਰਤੀ ਜਵਾਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਜ਼ਿਕਰਯੋਗ ਹੈ ਕਿ 18 ਸਤੰਬਰ 2016 ਨੂੰ ਹੋਏ ਉੜੀ ਹਮਲੇ ਦੇ 10 ਦਿਨ ਬਾਅਦ 28 ਅਤੇ 29 ਸਤੰਬਰ ਦੀ ਰਾਤ ਭਾਰਤੀ ਫੌਜ ਨੇ ਕੰਟਰੋਲ ਲਾਈਨ ਦੇ ਪਾਰ ਸਰਜੀਕਲ ਸਟਰਾਈਕ ਕੀਤੀ, ਜਿਸ ''ਚ 40 ਤੋਂ ਜ਼ਿਆਦਾ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ। 

449 ਵਾਰ ਹੋਈ ਜੰਗਬੰਦੀ ਦੀ ਉਲੰਘਣਾ

ਸੁਭਾਸ਼ ਭਾਮਰੇ ਨੇ ਕਿਹਾ, ਅਸੀਂ ਹਮੇਸ਼ਾ ਹੀ ਆਪਣੇ ਗੁਆਂਢੀਆਂ ਨਾਲ ਸ਼ਾਂਤੀ ਚਾਹੁੰਦੇ ਹਾਂ ਪਰ ਪਿਛਲੇ ਕਈ ਸਾਲਾਂ ਤੋਂ ਭਾਰਤ ਨੂੰ ਜ਼ਬਰਦਸਤੀ ਜੰਗ ''ਚ ਘਸੀਟਿਆ ਗਿਆ ਸੀ। ਭਾਰਤ ਦੀ ਫੌਜ ਦੁਨੀਆਂ ਦੀਆਂ ਬਿਹਤਰੀਨ ਫੌਜਾਂ ''ਚੋਂ ਇਕ ਹੈ। ਸਰਕਾਰ ਨੇ ਸੰਸਦ ''ਚ ਦੱਸਿਆ ਕਿ ਪਿਛਲੇ ਸਾਲ ਫੌਜ ''ਤੇ 15 ਹਮਲੇ ਕੀਤੇ ਗਏ ਸਨ, ਜਿਸ ''ਚ 68 ਜਵਾਨ ਸ਼ਹੀਦ ਹੋਏ ਸਨ। ਇਸ ਦੌਰਾਨ 449 ਵਾਰ ਜੰਗਬੰਦੀ ਦਾ ਉਲੰਘਣ ਹੋਇਆ। 27 ਵਾਰ ਘੁਸਪੈਠ ਦੀਆਂ ਕੋਸ਼ਿਸ਼ਾਂ ''ਚ 37 ਅੱਤਵਾਦੀ ਮਾਰੇ ਗਏ। 2017 ''ਚ 30 ਵਾਰ ਜੰਗਬੰਦੀ ਦਾ ਉਲੰਘਣ ਕੀਤਾ ਗਿਆ ਅਤੇ 6 ਵਾਰ ਘੁਸਪੈਠ ਦੀਆਂ ਕੋਸ਼ਿਸ਼ਾਂ ਅਸਫਲ ਕੀਤੀਆਂ ਗਈਆਂ। 

ਸਿਆਚਿਨ ਗੰਭੀਰ ਮਸਲਾ

ਭਾਰਤ ਨੇ ਸੰਸਦ ''ਚ ਇਹ ਵੀ ਸਾਫ ਕਰ ਦਿੱਤਾ ਕਿ ਸਿਆਚਿਨ ਮੁੱਦਾ ਸਭ ਤੋਂ ਵੱਡੀ ਸਮੱਸਿਆ ਬਣਿਆ ਹੋਇਆ ਹੈ ਅਤੇ ਇਸ ''ਚ ਪਾਕਿਸਤਾਨ ਅੱਤਵਾਦੀਆਂ ਨੂੰ ਪੂਰਾ ਸਮਰਥਨ ਕਰ ਰਿਹਾ ਹੈ। ਸੁਭਾਸ਼ ਭਾਮਰੇ ਨੇ ਕਿਹਾ ਕਿ ਇਸ ਮਸਲੇ ਨੂੰ ਸੁਲਝਾਉਣ ਲਈ ਦੋਵਾਂ ਦੇਸ਼ਾਂ ਦੇ ਵਿਚਕਾਰ 13 ਵਾਰ ਗੱਲ ਹੋ ਚੁੱਕੀ ਹੈ। ਭਾਰਤ ਨੇ ਹਰ ਖਤਰੇ ਨਾਲ ਨਜਿੱਠਣ ਲਈ ਇਥੇ ਫੌਜ ਤਾਇਨਾਤ ਕੀਤੀ ਹੋਈ ਹੈ। ਨਿਗਰਾਨੀ ਲਈ ਆਧੁਨਿਕ ਤਕਨੀਕ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ। 

ਹਰ ਚੁਣੌਤੀ ਲਈ ਤਿਆਰ

ਭਾਮਰੇ ਨੇ ਕਿਹਾ ਕਿ ਭਾਰਤ ਦੀਆਂ ਰੱਖਿਆ ਤਿਆਰੀਆਂ ''ਚ ਕੋਈ ਕਮੀ ਨਹੀਂ ਹੈ ਅਤੇ ਉਹ ਇਹ ਪੱਕਾ ਕਰਨਾ ਚਾਹੁੰਦੇ ਹਨ ਕਿ ਉਹ ਬਾਰਡਰ ਪਾਰ ਅੱਤਵਾਦ, ਵੱਖਵਾਦ ਸਮੇਤ ਕਿਸੇ ਵੀ ਚੁਣੌਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹਨ। ਰੱਖਿਆ ਮੰਤਰੀ ਨੇ ਕਿਹਾ ਕਿ ਰੱਖਿਆ ਖੇਤਰ ''ਚ ਸਵਦੇਸ਼ੀ ਉਤਪਾਦਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਉਹ ਰੱਖਿਆ ਖੇਤਰ ''ਚ ਆਤਮਨਿਰਭਰਤਾ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸੇ ਦੇ ਅਨੁਰੂਪ ਭਾਕਤ ਦੀ ਰੱਖਿਆ ਖਰੀਦ ਨੀਤੀ ਵੀ ਬਣਾਈ ਗਈ ਹੈ।