NCP ''ਚ ਵੱਡਾ ਬਦਲਾਅ, ਸੁਪ੍ਰਿਆ ਸੂਲੇ ਤੇ ਪ੍ਰਫੁੱਲ ਪਟੇਲ ਬਣੇ ਰਕਾਂਪਾ ਦੇ ਕਾਰਜਕਾਰੀ ਪ੍ਰਧਾਨ

06/11/2023 12:54:45 PM

ਨਵੀਂ ਦਿੱਲੀ, (ਭਾਸ਼ਾ)- ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ. ਸੀ. ਪੀ.) ਦੇ ਮੁਖੀ ਸ਼ਰਦ ਪਵਾਰ ਨੇ ਸੁਪ੍ਰਿਆ ਸੂਲੇ ਅਤੇ ਪ੍ਰਫੁੱਲ ਪਟੇਲ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਐਲਾਨਿਆ ਹੈ।

ਇਸ ਐਲਾਨ ਨੂੰ ਪਾਰਟੀ ਵਿੱਚ ਪੀੜ੍ਹੀ-ਦਰ-ਪੀੜ੍ਹੀ ਤਬਦੀਲੀ ਦੇ ਨਾਲ-ਨਾਲ ਪਵਾਰ ਦੇ ਭਤੀਜੇ ਅਜੀਤ ਪਵਾਰ ਜੋ ਆਪਣੇ ਬਾਗੀ ਸੁਭਾਅ ਲਈ ਜਾਣੇ ਜਾਂਦੇ ਹਨ, ਨੂੰ ਲਾਂਭੇ ਕੀਤੇ ਜਾਣ ਵਜੋਂ ਵੇਖਿਆ ਜਾ ਰਿਹਾ ਹੈ। ਪਵਾਰ ਨੇ ਇੱਥੇ ਪਾਰਟੀ ਦੀ 25ਵੀਂ ਵਰ੍ਹੇਗੰਢ ਦੇ ਮੌਕੇ ਕਾਰਜਕਾਰੀ ਪ੍ਰਧਾਨਾਂ ਦੇ ਨਾਵਾਂ ਦਾ ਐਲਾਨ ਕੀਤਾ। ਰਾਕਾਂਪਾ ਦੇ ਸੀਨੀਅਰ ਆਗੂ ਅਜੀਤ ਪਵਾਰ ਦੀ ਮੌਜੂਦਗੀ ਵਿੱਚ ਇਹ ਐਲਾਨ ਕੀਤਾ ਗਿਆ।

ਪਵਾਰ ਅਤੇ ਪੀ. ਏ. ਸੰਗਮਾ ਨੇ 1999 ਵਿੱਚ ਪਾਰਟੀ ਦੀ ਸਥਾਪਨਾ ਕੀਤੀ ਸੀ। ਪਵਾਰ ਨੇ ਅਜੀਤ ਪਵਾਰ, ਛਗਨ ਭੁਜਬਲ, ਸੁਨੀਲ ਤਤਕਰੇ, ਫੌਜੀਆ ਖਾਨ ਸਮੇਤ ਹੋਰ ਸੀਨੀਅਰ ਨੇਤਾਵਾਂ ਦੀ ਮੌਜੂਦਗੀ ’ਚ ਕਿਹਾ ਕਿ ਪ੍ਰਫੁੱਲ ਪਟੇਲ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਦੀ ਜ਼ਿੰਮੇਵਾਰੀ ਸੰਭਾਲਣਗੇ। ਸੁਪ੍ਰਿਆ ਸੂਲੇ ਵੀ ਪਾਰਟੀ ਦੀ ਕਾਰਜਕਾਰੀ ਪ੍ਰਧਾਨ ਹੋਵੇਗੀ।

ਇਸ ਐਲਾਨ ਤੋਂ ਬਾਅਦ ਉਦਾਸ ਨਜ਼ਰ ਆ ਰਹੇ ਅਜੀਤ ਪਵਾਰ ਮੀਡੀਆ ਨਾਲ ਗੱਲਬਾਤ ਕੀਤੇ ਬਿਨਾਂ ਹੀ ਪਾਰਟੀ ਦਫ਼ਤਰ ਤੋਂ ਚਲੇ ਗਏ। ਅਜੀਤ ਪਵਾਰ ਨੇ 2019 ਵਿੱਚ ਸਭ ਨੂੰ ਹੈਰਾਨ ਕਰ ਦਿੱਤਾ ਸੀ। ਉਦੋਂ ਉਨ੍ਹਾਂ ਭਾਜਪਾ ਨਾਲ ਹੱਥ ਮਿਲਾਇਆ ਸੀ ਅਤੇ ਤੜਕੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਉਦੋਂ ਦੇਵੇਂਦਰ ਫੜਨਵੀਸ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ।

ਪ੍ਰਫੁੱਲ ਪਟੇਲ ਨੇ ਕਿਹਾ ਕਿ ਮੈਂ ਪਵਾਰ ਦੇ ਐਲਾਨ ਤੋਂ ਖੁਸ਼ ਹਾਂ। ਮੈਂ ਪਾਰਟੀ ਨੂੰ ਮਜ਼ਬੂਤ ​​ਕਰਨ ਲਈ ਕੰਮ ਕਰਦਾ ਰਹਾਂਗਾ। ਪਵਾਰ ਨੇ ਪਟੇਲ ਨੂੰ ਮੱਧ ਪ੍ਰਦੇਸ਼, ਗੁਜਰਾਤ, ਰਾਜਸਥਾਨ, ਝਾਰਖੰਡ, ਗੋਆ ਅਤੇ ਰਾਜ ਸਭਾ ਦਾ ਪਾਰਟੀ ਇੰਚਾਰਜ ਵੀ ਬਣਾਇਆ।

ਸੂਲੇ ਮਹਾਰਾਸ਼ਟਰ, ਹਰਿਆਣ ਤੇ ਪੰਜਾਬ ਵਿਚ ਪਾਰਟੀ ਮਾਮਲਿਆਂ ਤੋਂ ਇਲਾਵਾ ਔਰਤਾਂ, ਨੌਜਵਾਨਾਂ, ਵਿਦਿਆਰਥੀਆਂ ਅਤੇ ਲੋਕ ਸਭਾ ਨਾਲ ਜੁੜੇ ਮੁੱਦਿਆਂ ਦੀ ਇੰਚਾਰਜ ਵੀ ਹੋਵੇਗੀ। ਸੂਲੇ ਨੂੰ ਮਹਾਰਾਸ਼ਟਰ ਦਾ ਇੰਚਾਰਜ ਬਣਾਏ ਜਾਣ ਨਾਲ ਅਜੀਤ ਪਵਾਰ ਨੂੰ ਹੁਣ ਪਾਰਟੀ ਮਾਮਲਿਆਂ ਬਾਰੇ ਸੂਲੇ ਨੂੰ ਰਿਪੋਰਟ ਕਰਨੀ ਪਵੇਗੀ। ਮੰਨਿਆ ਜਾ ਰਿਹਾ ਹੈ ਕਿ ਇਹ ਇੱਕ ਅਜਿਹੀ ਕਾਰਵਾਈ ਹੈ ਜਿਸ ਨਾਲ ਅਜੀਤ ਪਾਰਟੀ ਵਿੱਚ ਬੇਚੈਨੀ ਮਹਿਸੂਸ ਕਰ ਸਕਦੇ ਹਨ।

Rakesh

This news is Content Editor Rakesh