ਬੰਗਾਲ ''ਚ ਚੋਣਾਵੀ ਹਿੰਸਾ ਦੌਰਾਨ ਮਾਰੇ ਗਏ ਭਾਜਪਾ ਵਰਕਰਾਂ ਦੇ ਪਰਿਵਾਰ ਦੀ ਪਟੀਸ਼ਨ ''ਤੇ ਸੁਣਵਾਈ ਕਰੇਗਾ SC

05/18/2021 5:50:17 PM

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਭਾਜਪਾ ਦੇ 2 ਵਰਕਰਾਂ ਦੇ ਪਰਿਵਾਰ ਵਾਲਿਆਂ ਦੀ ਪਟੀਸ਼ਨ 'ਤੇ ਸੁਣਵਾਈ ਲਈ ਸਹਿਮਤੀ ਜਤਾਈ, ਜੋ 2 ਮਈ ਨੂੰ ਪੱਛਮੀ ਬੰਗਾਲ 'ਚ ਚੋਣਾਵੀ ਹਿੰਸਾ 'ਚ ਮਾਰੇ ਗਏ ਸਨ। ਪਟੀਸ਼ਨ 'ਚ ਸੁਪਰੀਮ ਕੋਰਟ ਦੀ ਨਿਗਰਾਨੀ 'ਚ ਜਾਂਚ ਕਰਵਾਉਣ ਅਤੇ ਮਾਮਲੇ ਨੂੰ ਸੀ.ਬੀ.ਆਈ. ਜਾਂ ਵਿਸ਼ੇਸ਼ ਜਾਂਚ ਦਲ (ਐੱਸ.ਆਈ.ਟੀ.) ਨੂੰ ਟਰਾਂਸਫਰ ਕਰਨ ਦੀ ਮੰਗ ਕੀਤੀ ਗਈ ਹੈ। ਜੱਜ ਵਿਨੀਤ ਸ਼ਰਨ ਅਤੇ ਜੱਜ ਬੀ.ਆਰ.ਗਵਈ ਦੀ ਬੈਂਚ ਨੇ ਪੱਛਮੀ ਬੰਗਾਲ ਸਰਕਾਰ ਅਤੇ ਕੇਂਦਰ ਨੂੰ ਬਿਸ਼ਵਜੀਤ ਸਰਕਾਰ ਅਤੇ ਸਵਰਨਲਤਾ ਅਧਿਕਾਰੀ ਦੀ ਪਟੀਸ਼ਨ 'ਤੇ ਨੋਟਿਸ ਜਾਰੀ ਕੀਤਾ। ਸਰਕਾਰ ਦੇ ਵੱਡੇ ਭਰਾ ਅਤੇ ਸਵਰਨਲਤਾ ਦੇ ਪਤੀ ਚੋਣਾਵੀ ਹਿੰਸਾ 'ਚ ਮਾਰੇ ਗਏ ਸਨ। ਬੈਂਚ ਨੇ ਕਿਹਾ ਕਿ ਉਹ 25 ਮਈ ਨੂੰ ਮਾਮਲੇ ਦੀ ਸੁਣਵਾਈ ਕਰੇਗੀ ਅਤੇ ਸੀਨੀਅਰ ਵਕੀਲ ਮਹੇਸ਼ ਜੇਠਮਲਾਨੀ ਨੂੰ ਕਿਹਾ ਕਿ ਪਟੀਸ਼ਨ ਦੀ ਕਾਪੀ ਰਾਜ ਸਰਕਾਰ ਦੇ ਵਕੀਲ ਨੂੰ ਸੌਂਪੀ ਜਾਵੇ। ਜੇਠਮਲਾਨੀ ਨੇ ਕਿਹਾ ਕਿ ਉਹ ਕਾਫ਼ੀ ਗੰਭੀਰ ਮਾਮਲਾ ਹੈ ਅਤੇ ਭਾਜਪਾ ਦੇ 2 ਨੇਤਾਵਾਂ ਦੇ ਕਤਲ 'ਤੇ ਰਾਜ ਸਰਕਾਰ ਕਾਰਵਾਈ ਨਹੀਂ ਕਰ ਰਹੀ ਹੈ।

ਉਨ੍ਹਾਂ ਕਿਹਾ,''ਕਤਲ ਪੱਛਮੀ ਬੰਗਾਲ 'ਚ ਚੋਣ ਨਤੀਜਿਆਂ ਦੇ ਦਿਨ ਹੋਏ। ਇਕ ਪਟੀਸ਼ਨਕਰਤਾ ਭਾਜਪਾ ਵਰਕਰ ਦਾ ਛੋਟਾ ਭਰਾ ਹੈ, ਜਿਸ ਦਾ ਕਤਲ ਹੋ ਗਿਆ ਅਤੇ ਦੂਜੀ ਪਟੀਸ਼ਨਕਰਤਾ ਮ੍ਰਿਤਕ ਦੀ ਪਤਨੀ ਹੈ।'' ਬੈਂਚ ਨੇ ਪੱਛਮੀ ਬੰਗਾਲ ਵਲੋਂ ਪੇਸ਼ ਹੋਏ ਸੀਨੀਅਰ ਸਿਧਾਰਥ ਲੁਥਰਾ ਤੋਂ ਪੁੱਛਿਆ ਕਿ ਪਟੀਸ਼ਨ ਦੀ ਕਾਪੀ ਰਾਜ ਸਰਕਾਰ ਨੂੰ ਭੇਜੀ ਗਈ ਹੈ ਜਾਂ ਨਹੀਂ, ਜਿਸ 'ਤੇ ਉਨ੍ਹਾਂ ਕਿਹਾ ਕਿ ਹਾਲੇ ਤੱਕ ਉਨ੍ਹਾਂ ਨੂੰ ਕਾਪੀ ਪ੍ਰਾਪਤ ਨਹੀਂ ਹੋਈ ਹੈ। ਇਸ ਨੇ ਜੇਠਮਲਾਨੀ ਨੂੰ ਕਿਹਾ ਕਿ ਕਾਪੀ ਭੇਜੀ ਜਾਵੇ ਅਤੇ ਮਾਮਲੇ 'ਚ ਸੁਣਵਾਈ ਦੀ ਅਗਲੀ ਤਾਰੀਖ਼ 25 ਮਈ ਤੈਅ ਕੀਤੀ।

DIsha

This news is Content Editor DIsha