ਸੁਪਰੀਮ ਕੋਰਟ ਦਾ ਵੈਕੇਸ਼ਨ ਬੈਂਚ ‘ਹਾਈਬ੍ਰਿਡ ਮੋਡ’ ’ਚ ਕਰੇਗਾ ਸੁਣਵਾਈ

05/17/2023 1:49:13 PM

ਨਵੀਂ ਦਿੱਲੀ, (ਭਾਸ਼ਾ)- ਸੁਪਰੀਮ ਕੋਰਟ ਦਾ ਛੁੱਟੀਆਂ ਵਾਲਾ ਬੈਂਚ ‘ਹਾਈਬ੍ਰਿਡ ਮੋਡ’ (ਸਿੱਧੇ ਅਤੇ ਅਸਿੱਧੇ ਦੋਵੇਂ ਤਰ੍ਹਾਂ) ’ਚ ਸੁਣਵਾਈ ਕਰੇਗਾ। ਚੀਫ਼ ਜਸਟਿਸ ਡੀ. ਵਾਈ. ਚੰਦਰਚੂੜ ਨੇ ਮੰਗਲਵਾਰ ਨੂੰ ਕਿਹਾ ਕਿ ਛੁੱਟੀਆਂ ਵਾਲਾ ਬੈਂਚ ਨਵੇਂ ਮਾਮਲਿਆਂ ਦੀ ਵੀ ਸੁਣਵਾਈ ਕਰੇਗਾ। ਸੁਪਰੀਮ ਕੋਰਟ 22 ਮਈ ਤੋਂ 2 ਜੁਲਾਈ ਤਕ ਗਰਮੀਆਂ ਦੀਆਂ ਛੁੱਟੀਆਂ ’ਤੇ ਹੈ ਅਤੇ ਸਿਰਫ਼ ਛੁੱਟੀ ਵਾਲੇ ਬੈਂਚ ਹੀ ਜ਼ਰੂਰੀ ਮਾਮਲਿਆਂ ਦੀ ਸੁਣਵਾਈ ਕਰਨਗੇ।

ਮੰਗਲਵਾਰ ਨੂੰ ਸੁਣਵਾਈ ਦੀ ਸ਼ੁਰੂਆਤ ਵਿੱਚ, ਜਸਟਿਸ ਚੰਦਰਚੂੜ ਨੇ ਕਿਹਾ ਕਿ ਛੁੱਟੀਆਂ ਵਾਲਾ ਬੈਂਚ ‘ਹਾਈਬ੍ਰਿਡ ਮੋਡ’ ਵਿੱਚ ਤਾਜ਼ਾ ਪਟੀਸ਼ਨਾਂ ਦੇ ਦਾਖਲੇ ਨਾਲ ਸਬੰਧਤ ਸੁਣਵਾਈ ਕਰੇਗਾ ਜਿੱਥੇ ਵਕੀਲ ਵਿਅਕਤੀਗਤ ਤੌਰ ’ਤੇ ਅਤੇ ਵੀਡੀਓ ਕਾਨਫਰੰਸ ਰਾਹੀਂ ਸੁਣਵਾਈ ਵਿੱਚ ਹਿੱਸਾ ਲੈ ਸਕਦੇ ਹਨ। ਬੈਂਚ ਨੇ ਕਿਹਾ, ‘‘ਜੇਕਰ ਕੋਈ ਹੋਰ ਕਿਤੇ ਜਾਣਾ ਚਾਹੁੰਦਾ ਹੈ ਅਤੇ ਉੱਥੋਂ ਸੁਣਵਾਈ ’ਚ ਹਿੱਸਾ ਲੈਣਾ ਚਾਹੁੰਦਾ ਹੈ ਤਾਂ ਤੁਹਾਡਾ ਸੁਆਗਤ ਹੈ... ਸਿਰਫ ਸ਼ਰਤ ਇਹ ਹੈ ਕਿ ਵਕੀਲ ਨੇ ਸਹੀ ਤਰ੍ਹਾਂ ਦਾ ਪਹਿਰਾਵਾ ਪਹਿਨਿਆ ਹੋਵੇ।’’ ਜਸਟਿਸ ਚੰਦਰਚੂੜ ਨੇ ਕਿਹਾ ਕਿ 300 ਤੋਂ ਵੱਧ ਤਾਜ਼ਾ ਮਾਮਲੇ, ਜੋ ਕਿ ਸੁਣਵਾਈ ਲਈ ਨਹੀਂ ਲਏ ਜਾ ਸਕੇ, ਛੁੱਟੀ ਵਾਲੇ ਬੈਂਚ ਦੇ ਸਾਹਮਣੇ ਸੂਚੀਬੱਧ ਕੀਤੇ ਜਾਣਗੇ।

Rakesh

This news is Content Editor Rakesh