ਜ਼ਮਾਨਤ ਦੀ ਸ਼ਰਤ ’ਤੇ SC ਦਾ ਅਹਿਮ ਫੈਸਲਾ, ਸਿਆਸੀ ਸਰਗਰਮੀਆਂ ’ਤੋਂ ਰੋਕ ਮੌਲਿਕ ਅਧਿਕਾਰਾਂ ਦੀ ਉਲੰਘਣਾ

03/26/2024 7:00:33 PM

ਨਵੀਂ ਦਿੱਲੀ, (ਭਾਸ਼ਾ)- ਸੁਪਰੀਮ ਕੋਰਟ ਨੇ ਇੱਕ ਵਿਅਕਤੀ ’ਤੇ ਓਡਿਸ਼ਾ ਹਾਈ ਕੋਰਟ ਵੱਲੋਂ ਲਾਈ ਗਈ ਜ਼ਮਾਨਤ ਦੀ ਇਸ ਸ਼ਰਤ ਨੂੰ ਰੱਦ ਕਰ ਦਿੱਤਾ ਹੈ ਕਿ ਉਹ ਕਿਸੇ ਵੀ ਸਿਆਸੀ ਸਰਗਰਮੀ ’ਚ ਸ਼ਾਮਲ ਨਹੀਂ ਹੋਵੇਗਾ। ਸਿਖਰਲੀ ਅਦਾਲਤ ਨੇ ਜ਼ਮਾਨਤ ਦੀ ਸ਼ਰਤ ਨੂੰ ਇਹ ਕਹਿੰਦਿਆਂ ਰੱਦ ਕਰ ਦਿੱਤਾ ਕਿ ਇਹ ਉਸ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੋਵੇਗੀ।

ਜਸਟਿਸ ਬੀ. ਆਰ. ਗਵਈ ਤੇ ਜਸਟਿਸ ਸੰਦੀਪ ਮਹਿਤਾ ਦੀ ਬੈਂਚ ਨੇ ਇਹ ਹੁਕਮ ਬਰਹਮਪੁਰ ​​ਨਗਰ ਨਿਗਮ ਦੇ ਸਾਬਕਾ ਮੇਅਰ ਸ਼ਿਵਸ਼ੰਕਰ ਦਾਸ ਵੱਲੋਂ ਹਾਈ ਕੋਰਟ ਦੇ 18 ਜਨਵਰੀ ਦੇ ਹੁਕਮਾਂ ਵਿਰੁੱਧ ਦਾਇਰ ਪਟੀਸ਼ਨ ’ਤੇ ਦਿੱਤਾ। ਹਾਈ ਕੋਰਟ ਨੇ ਦਾਸ ਦੀ ਜ਼ਮਾਨਤ ਦੀ ਸ਼ਰਤ ਵਾਪਸ ਲੈਣ ਦੀ ਮੰਗ ਨੂੰ ਰੱਦ ਕਰ ਦਿੱਤਾ ਸੀ। ਉਸ ਦੀ ਜ਼ਮਾਨਤ ਦੀ ਸ਼ਰਤ ’ਚ ਕਿਹਾ ਗਿਆ ਸੀ ਕਿ ਉਹ ਜਨਤਕ ਤੌਰ ’ਤੇ ਰੋਈ ਵੀ ਅਣਸੁਖਾਵੀਂ ਸਥਿਤੀ ਪੈਦਾ ਨਹੀਂ ਕਰੇਗਾ ਅਤੇ ਸਿੱਧੇ ਜਾਂ ਅਸਿੱਧੇ ਤੌਰ ’ਤੇ ਕਿਸੇ ਸਿਆਸੀ ਸਰਗਰਮੀ ਵਿੱਚ ਸ਼ਾਮਲ ਨਹੀਂ ਹੋਵੇਗਾ। ਹਾਈ ਕੋਰਟ ਨੇ ਅਗਸਤ 2022 ’ਚ ਦਾਸ ਨੂੰ ਜ਼ਮਾਨਤ ’ਤੇ ਰਿਹਾਅ ਕਰਨ ਦਾ ਹੁਕਮ ਦਿੰਦੇ ਹੋਏ ਇਹ ਸ਼ਰਤ ਲਾਈ ਸੀ।

Rakesh

This news is Content Editor Rakesh