''ਆਪ'' ਵਿਧਾਇਕ ਦੇਵੇਂਦਰ ਸਹਿਰਾਵਤ ਦੀ ਪਟੀਸ਼ਨ ''ਤੇ ਸ਼ੁੱਕਰਵਾਰ ਨੂੰ ਸੁਣਵਾਈ ਕਰੇਗਾ SC

06/27/2019 1:30:49 PM

ਨਵੀਂ ਦਿੱਲੀ— ਸੁਪਰੀਮ ਕੋਰਟ ਆਮ ਆਦਮੀ ਪਾਰਟੀ (ਆਪ) ਦੇ ਬਾਗੀ ਵਿਧਾਇਕ ਦੇਵੇਂਦਰ ਸਹਿਰਾਵਤ ਦੀ ਪਟੀਸ਼ਨ 'ਤੇ ਸ਼ੁੱਕਰਵਾਰ ਨੂੰ ਸੁਣਵਾਈ ਕਰਨ ਲਈ ਰਾਜੀ ਹੋ ਗਿਆ ਹੈ। ਇਸ ਪਟੀਸ਼ਨ 'ਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ 'ਚ ਕਥਿਤ ਤੌਰ 'ਤੇ ਸ਼ਾਮਲ ਹੋਣ ਨੂੰ ਲੈ ਕੇ ਦਿੱਲੀ ਵਿਧਾਨ ਸਭਾ ਸਕੱਤਰੇਤ ਵਲੋਂ ਉਨ੍ਹਾਂ ਨੂੰ ਅਯੋਗ ਠਹਿਰਾਏ ਜਾਣ ਦੇ ਨੋਟਿਸ ਨੂੰ ਚੁਣੌਤੀ ਦਿੱਤੀ ਗਈ ਹੈ। ਜੱਜ ਸੰਜੀਵ ਖੰਨਾ ਅਤੇ ਜੱਜ ਬੀ.ਆਰ. ਗਵਈ ਦੀ ਬੈਂਚ ਨੇ ਸਹਿਰਾਵਤ ਵਲੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਸੋਲੀ ਸੋਰਾਬਜੀ ਨੂੰ ਵੀਰਵਾਰ ਨੂੰ ਕਿਹਾ ਕਿ ਮਾਮਲੇ 'ਤੇ ਸੁਣਵਾਈ ਸ਼ੁੱਕਰਵਾਰ ਨੂੰ ਕੀਤੀ ਜਾਵੇਗੀ। ਬੈਂਚ ਨੇ ਸੋਰਾਬਜੀ ਨੂੰ ਪਟੀਸ਼ਨ ਦੀ ਇਕ ਕਾਪੀ ਦਿੱਲੀ ਵਿਧਾਨ ਸਭਾ ਦੀ ਸਪੀਕਰ ਅਤੇ ਆਮ ਆਦਮੀ ਪਾਰਟੀ (ਆਪ) ਸਮੇਤ ਸਾਰੇ ਪੱਖਕਾਰਾਂ ਨੂੰ ਭੇਜਣ ਨੂੰ ਕਿਹਾ।

ਜ਼ਿਕਰਯੋਗ ਹੈ ਕਿ ਦੇਵੇਂਦਰ ਨੂੰ ਵਿਧਾਨ ਸਭਾ ਸਪੀਕਰ ਨੇ ਮੈਂਬਰਤਾ ਤੋਂ ਅਯੋਗ ਕਰਨ ਦਾ ਨੋਟਿਸ ਦਿੱਤਾ ਸੀ। ਦਰਅਸਲ 'ਆਪ' ਦੇ ਬੁਲਾਰੇ ਅਤੇ ਵਿਧਾਇਕ ਸੌਰਭ ਭਾਰਦਵਾਜ ਦੀ ਸ਼ਿਕਾਇਤ 'ਤੇ ਵਿਧਾਨ ਸਭਾ ਸਪੀਕਰ ਨੇ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਸੀ। ਬਿਜਵਾਸਨ ਤੋਂ ਵਿਧਾਇਕ ਦੇਵੇਂਦਰ ਅਤੇ ਗਾਂਧੀਨਗਰ ਤੋਂ ਵਿਧਾਇਕ ਅਨਿਲ ਵਾਜਪਾਈ ਨੂੰ ਜਾਰੀ ਨੋਟਿਸ 'ਚ ਵਿਧਾਨ ਸਪੀਕਰ ਨੇ ਪੁੱਛਿਆ ਸੀ ਕਿ ਤੁਸੀਂ ਭਾਜਪਾ 'ਚ ਸ਼ਾਮਲ ਹੋ ਗਏ, ਅਜਿਹੇ 'ਚ ਕਿਉਂ ਨਾ ਤੁਹਾਡੀ ਵਿਧਾਨ ਸਭਾ ਮੈਂਬਰਤਾ ਰੱਦ ਕਰ ਦਿੱਤੀ ਜਾਵੇ? ਲੋਕ ਸਭਾ ਚੋਣਾਂ ਦੌਰਾਨ 'ਆਪ' ਦੇ ਬਾਗ਼ੀ ਵਿਧਾਇਕਾਂ ਵਲੋਂ ਭਾਜਪਾ ਦਾ ਹੱਥ ਫੜਨ ਨੂੰ ਲੈ ਕੇ ਸੌਰਭ ਭਾਰਦਵਾਜ ਨੇ ਇਸ ਦੀ ਲਿਖਤੀ 'ਚ ਵਿਧਾਨ ਸਭਾ ਸਪੀਕਰ ਨੂੰ ਸ਼ਿਕਾਇਤ ਕੀਤੀ ਸੀ।

DIsha

This news is Content Editor DIsha