ਧਰਮਿੰਦਰ, ਹੇਮਾ ਮਾਲਿਨੀ ਤੋਂ ਬਾਅਦ ਹੁਣ ਸੰਨੀ ਦਿਓਲ ਨੇ ਰੱਖਿਆ ਸਿਆਸਤ 'ਚ ਪੈਰ

04/23/2019 1:55:35 PM

ਨਵੀਂ ਦਿੱਲੀ- ਬਾਲੀਵੁੱਡ ਅਭਿਨੇਤਾ ਸੰਨੀ ਦਿਓਲ ਨੇ ਅੱਜ ਭਾਵ ਮੰਗਲਵਾਰ ਨੂੰ ਭਾਜਪਾ ਜਨਤਾ ਪਾਰਟੀ ਦਾ ਪੱਲਾ ਫੜ ਲਿਆ ਹੈ। ਅੱਜ ਉਨ੍ਹਾਂ ਨੇ ਦਿੱਲੀ 'ਚ ਸਥਿਤ ਹੈੱਡ ਕੁਆਟਰ 'ਚ ਮੈਂਬਰਸ਼ਿਪ ਪ੍ਰਾਪਤ ਕੀਤੀ। ਇੱਥੇ ਇਹ ਗੱਲ ਵੀ ਦੱਸੀ ਜਾਂਦੀ ਹੈ ਕਿ ਰਾਜਨੀਤੀ 'ਚ ਸ਼ੁਰੂਆਤ ਦੀ ਮਿਸਾਲ ਸੰਨੀ ਦਿਓਲ ਦਾ ਆਪਣਾ ਪਰਿਵਾਰ ਹੀ ਹੈ। 

ਦੱਸਣਯੋਗ ਹੈ ਕਿ ਮਸ਼ਹੂਰ ਫਿਲਮੀ ਅਭਿਨੇਤਾ, ਕਈ ਰਾਸ਼ਟਰੀ ਅਤੇ ਫਿਲਮੀ ਫੇਅਰ ਪੁਰਸਕਾਰ ਜਿੱਤ ਚੁੱਕੇ ਸੰਨੀ ਦਿਓਲ ਪੂਰੀ ਦੁਨੀਆ 'ਚ ਮਸ਼ਹੂਰ ਹਨ। ਸੰਨੀ ਦਿਓਲ ਦੇ ਪਿਤਾ ਧਰਮਿੰਦਰ ਨੇ ਵੀ ਕੁਝ ਸਮਾਂ ਪਹਿਲਾਂ ਰਾਜਨੀਤੀ 'ਚ ਪੈਰ ਰੱਖਿਆ ਸੀ। ਉਨ੍ਹਾਂ ਨੇ ਸਾਲ 2004 ਦੌਰਾਨ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਟਿਕਟ 'ਤੇ ਰਾਜਸਥਾਨ ਦੀ ਬੀਕਾਨੇਰ ਸੀਟ ਤੋਂ ਚੋਣ ਲੜੀ ਅਤੇ ਜਿੱਤ ਪ੍ਰਾਪਤ ਕੀਤੀ ਸੀ। 

ਇਸ ਤੋਂ ਇਲਾਵਾ ਧਰਮਿੰਦਰ ਦੀ ਪਤਨੀ ਅਤੇ ਬਾਲੀਵੁੱਡ ਦੀ 'ਡਰੀਮ ਗਰਲ' ਹੇਮਾ ਮਾਲਿਨੀ ਵੀ ਮਥੁਰਾ ਤੋਂ ਭਾਜਪਾ ਦੀ ਲੋਕ ਸਭਾ ਸੰਸਦ ਮੈਂਬਰ ਹੈ। ਹੇਮਾ ਮਾਲਿਨੀ ਸਾਲ 2003 ਤੋਂ 2009 ਤੱਕ ਰਾਜਸਭਾ ਦੀ ਸੰਸਦ ਮੈਂਬਰ ਰਹੀ ਹੈ ਅਤੇ ਸਾਲ 2014 'ਚ ਮਥੁਰਾ ਲੋਕ ਸਭਾ ਸੀਟ ਤੋਂ ਚੋਣ ਜਿੱਤੀ ਸੀ ਅਤੇ ਹੁਣ ਵੀ ਹੇਮਾ ਮਾਲਿਨੀ ਫਿਰ ਭਾਜਪਾ ਟਿਕਟ 'ਤੇ ਮਥੁਰਾ 'ਚ ਚੋਣ ਮੈਦਾਨ 'ਚ ਲੜ੍ਹ ਰਹੀ ਹੈ।

ਇਹ ਵੀ ਦੱਸਿਆ ਜਾਂਦਾ ਹੈ ਕਿ ਸੰਨੀ ਦਿਓਲ ਦਾ ਭਾਜਪਾ ਪਾਰਟੀ 'ਚ ਸ਼ਾਮਲ ਹੋਣ ਮੌਕੇ ਰੱਖਿਆ ਮੰਤਰੀ ਸੀਤਾਰਮਨ ਅਤੇ ਕੇਂਦਰੀ ਮੰਤਰੀ ਪਿਊਸ਼ ਗੋਇਲ ਵੀ ਪਹੁੰਚੇ। ਮਿਲੀ ਜਾਣਕਾਰੀ ਮੁਤਾਬਕ ਭਾਜਪਾ ਪਾਰਟੀ 'ਚ ਸ਼ਾਮਲ ਸੰਨੀ ਦਿਓਲ ਪੰਜਾਬ 'ਚ ਗੁਰਦਾਸਪੁਰ ਲੋਕ ਸਭਾ ਸੀਟ 'ਤੇ ਚੋਣ ਲੜਨ ਬਾਰੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ।

Iqbalkaur

This news is Content Editor Iqbalkaur