ਖਹਿਰਾ ਨੂੰ ਮਿਲਣ ਤੋਂ ਕੇਜਰੀਵਾਲ ਦੀ ਕੋਰੀ ਨਾਂਹ, ਸਿਸੋਦੀਆ ਅੱਗੇ ਝੱਲੀ ਨਮੋਸ਼ੀ

06/21/2018 9:47:19 AM

ਨਵੀਂ ਦਿੱਲੀ/ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਨੇ ਖਾਲਿਸਤਾਨ 'ਤੇ ਦਿੱਤੇ ਬਿਆਨ ਕਾਰਨ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਉਨ੍ਹਾਂ ਨਾਲ ਨਾਰਾਜ਼ ਚੱਲ ਰਹੇ ਹਨ। ਇਸੇ ਲਈ ਦਿੱਲੀ ਪੁੱਜੀ ਸੁਖਪਾਲ ਖਹਿਰਾ ਨੂੰ ਮਿਲਣ ਤੋਂ ਕੇਜਰੀਵਾਲ ਨੇ ਕੋਰੀ ਨਾਂਹ ਕਰ ਦਿੱਤੀ। ਇਸ ਤੋਂ ਬਾਅਦ ਸੁਖਪਾਲ ਖਹਿਰਾ ਦਿੱਲੇ ਦੀ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਮਿਲਣ ਗਏ ਪਰ ਇੱਥੇ ਵੀ ਉਨ੍ਹਾਂ ਨੂੰ ਆਪਣੀ ਸਫਾਈ ਦੇਣੀ ਪਈ ਅਤੇ ਕਾਫੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਦੱਸਿਆ ਜਾ ਰਿਹਾ ਹੈ ਕਿ ਸਿਸੋਦੀਆ ਨੇ ਖਹਿਰਾ ਨੂੰ ਫਟਕਾਰ ਲਾਈ ਅਤੇ ਦੋ ਟੁੱਕ ਸ਼ਬਦਾਂ 'ਚ ਉਨ੍ਹਾਂ ਨੂੰ ਆਪਣਾ ਪੱਖ ਸਾਫ ਕਰਨ ਲਈ ਕਿਹਾ। ਸਿਸੋਦੀਆ ਮੁਤਾਬਕ ਪਾਰਟੀ ਖਾਲਿਸਤਾਨ ਵਰਗੇ ਕਿਸੇ ਤਰ੍ਹਾਂ ਦੇ ਵਿਚਾਰ ਨੂੰ ਸਿਰੇ ਤੋਂ ਖਾਰਜ ਕਰਦੀ ਹੈ। 
ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਖਹਿਰਾ ਨੇ ਕਿਹਾ ਸੀ ਕਿ 'ਰੈਫਰੈਂਡਮ-2020' ਦੀ ਉਹ ਹਮਾਇਤ ਕਰਦੇ ਹਨ ਕਿਉਂਕਿ ਸਿੱਖਾਂ ਨੂੰ ਆਪਣੇ 'ਤੇ ਹੋਏ ਜ਼ੁਲਮਾਂ ਖਿਲਾਫ ਇਨਸਾਫ ਹਾਸਲ ਕਰਨ ਦਾ ਹੱਕ ਹੈ। ਬਾਅਦ 'ਚ ਭਾਵੇਂ ਖਹਿਰਾ ਆਪਣੇ ਇਸ ਬਿਆਨ ਤੋਂ ਪਿੱਛੇ ਹਟ ਗਏ ਪਰ ਕਾਂਗਰਸ ਅਤੇ ਭਾਜਪਾ ਨੇ 'ਆਪ' ਤੋਂ ਮੰਗ ਕੀਤੀ ਕਿ ਖਹਿਰਾ ਤੋਂ ਅਸਤੀਫਾ ਲਿਆ ਜਾਵੇ।