ਕੇਂਦਰ ਸਰਕਾਰ ਨੇ ਬਦਲਿਆ ਫ਼ੈਸਲਾ, ਖੰਡ ਮਿੱਲਾਂ ਨੂੰ ਮਿਲੀ ਵੱਡੀ ਰਾਹਤ

12/16/2023 12:56:38 AM

ਨਵੀਂ ਦਿੱਲੀ (ਭਾਸ਼ਾ): ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਇਕ ਹਫ਼ਤਾ ਪੁਰਾਣੇ ਫ਼ੈਸਲੇ ਨੂੰ ਉਲਟਾਉਂਦੇ ਹੋਏ ਖੰਡ ਮਿੱਲਾਂ ਨੂੰ ਸਪਲਾਈ ਸਾਲ 2023-24 ਵਿਚ ਈਥਾਨੌਲ ਬਣਾਉਣ ਲਈ ਗੰਨੇ ਦੇ ਰਸ ਅਤੇ ਬੀ-ਹੈਵੀ ਸ਼ੀਰਾ ਦੋਵਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਹਾਲਾਂਕਿ ਇਸ ਲਈ 17 ਲੱਖ ਟਨ ਖੰਡ ਦੀ ਅਧਿਕਤਮ ਹੱਦ ਤੈਅ ਕੀਤੀ ਗਈ ਹੈ। ਸਰਕਾਰ ਨੇ ਇਹ ਫ਼ੈਸਲਾ ਈਥਾਨੌਲ ਬਣਾਉਣ ਲਈ ਗੰਨੇ ਦੇ ਰਸ ਅਤੇ ਖੰਡ ਦੇ ਸ਼ੀਰੇ ਦੀ ਵਰਤੋਂ 'ਤੇ ਪਾਬੰਦੀ ਲਗਾਉਣ ਤੋਂ ਇਕ ਹਫ਼ਤੇ ਬਾਅਦ ਲਿਆ ਹੈ। ਦਰਅਸਲ ਇੰਡਸਟਰੀ ਇਸ ਫ਼ੈਸਲੇ ਨੂੰ ਵਾਪਸ ਲੈਣ ਦੀ ਮੰਗ ਕਰ ਰਹੀ ਸੀ। 

ਇਹ ਖ਼ਬਰ ਵੀ ਪੜ੍ਹੋ - ਨਾਭਾ ਜੇਲ੍ਹ ਬ੍ਰੇਕ ਕਾਂਡ: ਜੇਲ੍ਹ ਅਧਿਕਾਰੀਆਂ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਵੱਡਾ ਝਟਕਾ

ਕੇਂਦਰੀ ਖੁਰਾਕ ਸਕੱਤਰ ਸੰਜੀਵ ਚੋਪੜਾ ਨੇ ਪੀ.ਟੀ.ਆਈ. ਨੂੰ ਦੱਸਿਆ, "ਪੂਰਤੀ ਸਾਲ 2023-24 (ਨਵੰਬਰ-ਅਕਤੂਬਰ) ਵਿਚ ਈਥਾਨੌਲ ਉਤਪਾਦਨ ਲਈ 17 ਲੱਖ ਟਨ ਖੰਡ ਦੀ ਕੁੱਲ੍ਹ ਸੀਮਾ ਦੇ ਅੰਦਰ ਗੰਨੇ ਦਾ ਰਸ ਅਤੇ ਬੀ-ਹੈਵੀ ਸ਼ੀਰਾ ਦੋਵਾਂ ਦੀ ਵਰਤੋਂ ਕਰਨ ਦਾ ਲਚੀਲਾਪਨ ਖੰਡ ਮਿੱਲਾਂ ਨੂੰ ਦਿੱਤਾ ਗਿਆ ਹੈ।" ਉਨ੍ਹਾਂ ਕਿਹਾ ਕਿ ਮੰਤਰੀਆਂ ਦੀ ਕਮੇਟੀ ਨੇ ਸ਼ੁੱਕਰਵਾਰ ਨੂੰ ਆਪਣੀ ਮੀਟਿੰਗ ਦੌਰਾਨ ਇਹ ਫ਼ੈਸਲਾ ਲਿਆ। ਮੰਤਰੀਆਂ ਦੀ ਕਮੇਟੀ ਨੇ ਪਿਛਲੇ ਹਫ਼ਤੇ ਲਗਾਈ ਪਾਬੰਦੀ ਨੂੰ ਵਾਪਸ ਲੈਣ ਸਬੰਧੀ ਉਦਯੋਗਾਂ ਵੱਲੋਂ ਮਿਲੀਆਂ ਮੰਗਾਂ 'ਤੇ ਵਿਚਾਰ ਕਰਨ ਤੋਂ ਬਾਅਦ ਇਹ ਫ਼ੈਸਲਾ ਲਿਆ ਹੈ। ਚੋਪੜਾ ਨੇ ਕਿਹਾ ਕਿ ਇਸ ਸਬੰਧੀ ਜਲਦੀ ਹੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਵੱਲੋਂ ਸਾਲ 2024 ਦੀਆਂ ਛੁੱਟੀਆਂ ਦਾ ਐਲਾਨ, ਪੜ੍ਹੋ ਮਹੀਨਾਵਾਰ ਸੂਚੀ

ਸਰਕਾਰ ਨੇ 7 ਦਸੰਬਰ ਨੂੰ ਈਥਾਨੌਲ ਉਤਪਾਦਨ ਵਿਚ ਗੰਨੇ ਦੇ ਰਸ ਅਤੇ ਖੰਡ ਦੇ ਰਸ ਦੀ ਵਰਤੋਂ 'ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਗਾ ਦਿੱਤੀ ਸੀ। ਹਾਲਾਂਕਿ, ਤੇਲ ਮਾਰਕੀਟਿੰਗ ਕੰਪਨੀਆਂ (OMCs) ਤੋਂ ਪ੍ਰਾਪਤ ਮੌਜੂਦਾ ਪ੍ਰਸਤਾਵਾਂ ਲਈ ਈਥਾਨੌਲ ਦੀ ਸਪਲਾਈ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਚੋਪੜਾ ਨੇ ਕਿਹਾ, “ਅਸੀਂ ਗੰਨੇ ਦੇ ਰਸ ਅਤੇ ਈਥਾਨੌਲ ਬਣਾਉਣ ਵਿਚ ਵਰਤੇ ਜਾਂਦੇ ਬੀ-ਹੈਵੀ ਸ਼ੀਰੇ ਦੇ ਅਨੁਪਾਤ ਬਾਰੇ ਫ਼ੈਸਲਾ ਕਰਨ ਲਈ ਰੂਪ-ਰੇਖਾ ਉੱਤੇ ਕੰਮ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਚਾਲੂ ਸਪਲਾਈ ਸਾਲ (ਨਵੰਬਰ-ਅਕਤੂਬਰ) ਵਿਚ ਗੰਨੇ ਦੇ ਰਸ ਤੋਂ ਕੁਝ ਈਥਾਨੌਲ ਪਹਿਲਾਂ ਹੀ ਬਣਾਇਆ ਜਾ ਚੁੱਕਾ ਹੈ। ਖੁਰਾਕ ਮੰਤਰਾਲੇ ਦੇ ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਹੁਕਮਾਂ ਤੋਂ ਪਹਿਲਾਂ ਗੰਨੇ ਦੇ ਰਸ ਤੋਂ ਕਰੀਬ 6 ਲੱਖ ਟਨ ਈਥਾਨੌਲ ਬਣਾਇਆ ਗਿਆ ਸੀ। ਸਰਕਾਰ ਦਾ ਅਨੁਮਾਨ ਹੈ ਕਿ ਖੰਡ ਸੀਜ਼ਨ 2023-24 ਵਿਚ ਦੇਸ਼ ਦਾ ਖੰਡ ਉਤਪਾਦਨ ਘਟ ਕੇ 32-33 ਮਿਲੀਅਨ ਟਨ ਰਹਿ ਜਾਵੇਗਾ, ਜਦੋਂ ਕਿ ਪਿਛਲੇ ਪਿੜਾਈ ਸੀਜ਼ਨ ਵਿਚ ਇਹ 37 ਮਿਲੀਅਨ ਟਨ ਤੋਂ ਵੱਧ ਸੀ। ਖੰਡ ਉਤਪਾਦਨ ਵਿਚ ਗਿਰਾਵਟ ਦੀ ਭਵਿੱਖਬਾਣੀ ਦਾ ਕਾਰਨ ਗੰਨੇ ਦਾ ਪੈਦਾਵਾਰ ਘਟਣ ਦੀ ਸੰਭਾਵਨਾ ਹੈ। ਇਸ ਨੂੰ ਧਿਆਨ 'ਚ ਰੱਖਦੇ ਹੋਏ ਸਰਕਾਰ ਨੇ ਪਿਛਲੇ ਹਫਤੇ ਈਥਾਨੌਲ ਉਤਪਾਦਨ 'ਚ ਗੰਨੇ ਦੇ ਰਸ ਅਤੇ ਸ਼ੀਰੇ ਦੀ ਵਰਤੋਂ 'ਤੇ ਰੋਕ ਲਗਾ ਦਿੱਤੀ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Anmol Tagra

This news is Content Editor Anmol Tagra