ਵਿਦਿਆਰਥਣ ਨੇ ਕਿਹਾ ਮੈਨੂੰ ਫਸਾਇਆ ਗਿਆ, ਮਾਮਲੇ ਦੀ ਹੋਵੇ ਸੀ.ਬੀ.ਆਈ. ਜਾਂਚ

01/22/2018 5:57:30 PM

ਲਖਨਊ— ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਅਲੀਗੰਜ ਖੇਤਰ ਦੇ ਬ੍ਰਾਈਡਲੈਂਡ ਸਕੂਲ 'ਚ ਮਾਸੂਮ ਵਿਦਿਆਰਥੀ 'ਤੇ 16 ਜਨਵਰੀ ਨੂੰ ਚਾਕੂ ਨਾਲ ਹਮਲਾ ਕਰਨ ਵਾਲੀ ਦੋਸ਼ੀ ਵਿਦਿਆਰਥਣ ਨੇ ਖੁਦ ਨੂੰ ਨਿਰਦੋਸ਼ ਦੱਸਿਆ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਦੋਸ਼ੀ ਵਿਦਿਆਰਥਣ ਦਾ ਕਹਿਣਾ ਹੈ ਕਿ ਉਸ ਦੇ ਪਾਪਾ ਅਤੇ ਅਧਿਆਪਕ 'ਚ ਕਹਾਸੁਣੀ ਹੋਈ ਸੀ, ਇਸ ਲਈ ਉਸ ਨੂੰ ਫਸਾਇਆ ਗਿਆ। ਉਸ ਨੇ ਵਿਦਿਆਰਥੀ 'ਤੇ ਹਮਲਾ ਨਹੀਂ ਕੀਤਾ ਸੀ। ਇਸ ਮਾਮਲੇ 'ਚ ਉਹ ਪੂਰੀ ਤਰ੍ਹਾਂ ਨਿਰਦੋਸ਼ ਹੈ। ਇਸ ਮਾਮਲੇ 'ਚ ਵਿਦਿਆਰਥਣ ਅਤੇ ਸਕੂਲ ਦੇ ਪ੍ਰਬੰਧਕ ਨੂੰ 18 ਜਨਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਵਿਦਾਰਥਣ ਨੂੰ ਦੂਜੇ ਦਿਨ ਜੁਵੇਨਾਈਲ ਬੋਰਡ ਨੇ ਛੱਡਿਆ ਸੀ, ਜਦੋਂ ਕਿ ਪ੍ਰਬੰਧਕ ਨੂੰ ਉਸੇ ਦਿਨ ਜ਼ਮਾਨਤ ਮਿਲ ਗਈ ਸੀ।
ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਕਿੰਗਜਾਰਜ ਮੈਡੀਕਲ ਯੂਨੀਵਰਸਿਟੀ ਦੇ ਟਰਾਮਾ ਸੈਂਟਰ 'ਚ ਭਰਤੀ ਜਮਾਤ ਇਕ ਦੇ ਵਿਦਿਆਰਥੀ ਨੂੰ ਮਿਲਣ ਗਏ ਸਨ। ਦੋਸ਼ੀ ਵਿਦਿਆਰਥਣ ਜਮਾਤ 6 'ਚ ਪੜ੍ਹਦੀ ਹੈ ਅਤੇ ਉਸ ਦੀ ਉਮਰ 11 ਸਾਲ ਹੈ, ਇਸ ਲਈ ਉਸ ਨੂੰ ਜੁਵੇਨਾਈਲ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ। ਜਮਾਤ ਇਕ ਦੇ ਵਿਦਿਆਰਥੀ 'ਤੇ ਪਹਿਲੀ ਮੰਜ਼ਲ ਦੇ ਟਾਇਲਟ 'ਚ ਚਾਕੂ ਨਾਲ ਹਮਲਾ ਕੀਤਾ ਗਿਆ ਸੀ। ਇਸ ਘਟਨਾ ਦੇ ਵਿਰੋਧ 'ਚ 18 ਜਨਵਰੀ ਨੂੰ ਸਕੂਲ ਦੇ ਬਾਹਰ ਕਈ ਵਿਦਿਆਰਥੀ-ਵਿਦਿਆਰਥਣਾਂ ਦੇ ਮਾਤਾ-ਪਿਤਾ ਨੇ ਪ੍ਰਦਰਸ਼ਨ ਕੀਤਾ ਸੀ। ਨਾਰਾਜ਼ ਮਾਤਾ-ਪਿਤਾ ਨੇ ਸਕੂਲ ਪ੍ਰਬੰਧਨ 'ਤੇ ਲਾਪਰਵਾਹੀ ਦਾ ਦੋਸ਼ ਲਗਾਉਂਦੇ ਹੋਏ ਪੁਲਸ ਦੇ ਖਿਲਾਫ ਵੀ ਜੰਮ ਕੇ ਨਾਅਰੇਬਾਜ਼ੀ ਕੀਤੀ ਸੀ।