ਯਮੁਨਾਨਗਰ: ਵਿਦਿਆਰਥੀ ਨੇ ਪ੍ਰਿੰਸੀਪਲ ’ਤੇ ਚਲਾਈਆਂ ਗੋਲੀਆਂ, ਮੌਤ

01/21/2018 1:00:47 PM

ਯਮੁਨਾਨਗਰ — ਇਲਾਕੇ ਦੀ ਥਾਪਰ ਕਾਲੋਨੀ 'ਚ ਸਥਿਤ ਸਵਾਮੀ ਵਿਵੇਕਾ ਨੰਦ ਸਕੂਲ 'ਚ 12ਵੀਂ ਜਮਾਤ ਦੇ ਵਿਦਿਆਰਥੀ ਨੇ ਸਕੂਲ 'ਚ ਚਲ ਰਹੀ ਪੀ.ਟੀ.ਐੱਮ. ਦੌਰਾਨ ਮਹਿਲਾ ਪ੍ਰਿੰਸੀਪਲ ਨੂੰ ਗੋਲੀਆਂ ਮਾਰ ਦਿੱਤੀਆਂ। ਗੰਭੀਰ ਰੂਪ 'ਚ ਜ਼ਖਮੀ ਪ੍ਰਿੰਸੀਪਲ ਦੀ ਕਰੀਬ 2 ਘੰਟੇ ਦੇ ਇਲਾਜ ਮਗਰੋਂ ਮੌਤ ਹੋ ਗਈ ਹੈ। ਦੋਸ਼ੀ ਵਿਦਿਆਰਥੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।
 

ਘਟਨਾ ਅਨੁਸਾਰ ਸ਼ਨੀਵਾਰ ਦੀ ਸਵੇਰ 11:30 ਵਜੇ ਸਕੂਲ 'ਚ ਪੀ.ਟੀ.ਐੱਮ. ਚਲ ਰਹੀ ਸੀ। ਸਕੂਲ ਦੇ ਪ੍ਰਿੰਸੀਪਲ ਦਾ ਨਾਮ ਰਿਤੂ ਛਾਬੜਾ ਹੈ। ਦੋਸ਼ੀ ਵਿਦਿਆਰਥੀ ਨੇ ਪ੍ਰਿੰਸੀਪਲ ਦੇ ਕਮਰੇ 'ਚ ਜਾ ਕੇ ਉਨ੍ਹਾਂ 'ਤੇ ਤਿੰਨ ਗੋਲੀਆਂ ਚਲਾਈਆਂ। ਗੋਲੀ ਪ੍ਰਿੰਸੀਪਲ ਦੇ ਚਿਹਰੇ, ਮੋਢੇ ਅਤੇ ਬਾਂਹ 'ਤੇ ਲੱਗੀ। ਗੋਲੀ ਲੱਗਦੇ ਹੀ ਪ੍ਰਿੰਸੀਪਲ ਜ਼ਖਮੀ ਹੋ ਕੇ ਥੱਲ੍ਹੇ ਡਿੱਗ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਵਿਦਿਆਰਥੀ ਨੇ ਸਕੂਲ 'ਚੋਂ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਲੋਕਾਂ ਨੇ ਵਿਦਿਆਰਥੀ ਨੂੰ ਕਾਬੂ ਕਰਕੇ ਉਸ ਨਾਲ ਕੁੱਟਮਾਰ ਕੀਤੀ, ਜਿਸ ਕਾਰਨ ਉਸਦੇ ਚਿਹਰੇ ਅਤੇ ਸਰੀਰ ਦੇ ਹੋਰ ਹਿੱਸਿਆਂ 'ਤੇ ਸੱਟਾਂ ਲੱਗੀਆਂ। 

ਜਾਣਕਾਰੀ ਅਨੁਸਾਰ ਵਿਦਿਆਰਥੀ ਨੇ ਆਪਣੇ ਪਿਤਾ ਦੀ ਰਿਵਾਲਵਰ ਨਾਲ ਪ੍ਰਿੰਸੀਪਲ ਰਿਤੂ ਛਾਬੜਾ 'ਤੇ ਫਾਇਰ ਕੀਤੇ। ਸਕੂਲ 'ਚ ਫਾਇਰ ਹੁੰਦੇ ਹੀ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ ਅਤੇ ਦਹਿਸ਼ਤ 'ਚ ਬੱਚੇ ਇੱਧਰ-ਓਧਰ ਭੱਜਣ ਲੱਗੇ।
ਵਿਦਿਆਰਥੀ ਦਾ ਨਾਮ ਸ਼ਿਵਾਂਸ਼ ਗੁੰਮਬਰ ਹੈ ਅਤੇ ਉਹ ਕਾਮਰਸ ਦਾ ਵਿਦਿਆਰਥੀ ਹੈ। ਉਸ ਦੇ ਪਿਤਾ ਫਾਇਨਾਂਸਰ ਹਨ। ਦੱਸਿਆ ਜਾ ਰਿਹਾ ਹੈ ਕਿ ਸਕੂਲ 'ਚੋਂ ਵਿਦਿਆਰਥੀ ਨੂੰ ਕੱਢ ਦਿੱਤਾ ਗਿਆ ਸੀ। ਸੂਚਨਾ ਤੋਂ ਬਾਅਦ ਮੌਕੇ 'ਤੇ ਪੁੱਜੀ ਪੁਲਸ ਨੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।

ਮੁਲਜ਼ਮ ਵਿਦਿਆਰਥੀ ਦਾ ਕਹਿਣਾ ਹੈ ਕਿ, 'ਪ੍ਰਿੰਸੀਪਲ ਟਾਰਚਰ ਕਰਦੀ ਸੀ।'