ਅਜੇ ਹੋਰ ਰੁਆਏਗਾ ਪਿਆਜ਼, 140 ਰੁਪਏ ਪ੍ਰਤੀ ਕਿਲੋ ਜਾ ਸਕਦੇ ਹਨ ਮੁੱਲ

12/04/2019 12:44:46 PM

ਨਵੀਂ ਦਿੱਲੀ — ਪਿਆਜ਼ ਦੀਆਂ ਕੀਮਤਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਸਰਕਾਰ ਨੇ ਕਈ ਕੋਸ਼ਿਸ਼ਾਂ ਕੀਤੀਆਂ ਅਤੇ ਲਗਾਤਾਰ ਹੋਰ ਵੀ ਕਰ ਰਹੀ ਹੈ ਕਿ ਪਿਆਜ਼ ਦੇ ਮੁੱਲ ’ਚ ਕਮੀ ਆਏ ਪਰ ਸਮੁੱਚੀਆਂ ਕੋਸ਼ਿਸ਼ਾਂ ਦੇ ਬਾਵਜੂਦ ਪਿਆਜ਼ ਦੇ ਮੁੱਲ ਘੱਟ ਨਹੀਂ ਹੋ ਰਹੇ ਹਨ। ਹੁਣ ਉਸ ਤੋਂ ਵੀ ਬੁਰੀ ਖਬਰ ਹੈ ਕਿ ਪਿਆਜ਼ ਦੀਆਂ ਕੀਮਤਾਂ ਘੱਟ ਹੋਣਾ ਤਾਂ ਛੱਡ ਦਿਓ, ਸਗੋਂ ਇਹ ਹੋਰ ਵਧਣ ਵਾਲੀਆਂ ਹਨ ਯਾਨੀ ਕਿ ਇਸ ਦੀਆਂ ਕੀਮਤਾਂ ਹੁਣ ਹੋਰ ਰੁਆਉਣਗੀਆਂ ਕਿਉਂਕਿ ਸੂਤਰਾਂ ਅਨੁਸਾਰ ਇਸ ਦੇ ਮੁੱਲ 140 ਰੁਪਏ ਕਿਲੋ ਤੱਕ ਜਾ ਸਕਦੇ ਹਨ।

ਏਸ਼ੀਆ ਦੀ ਸਭ ਤੋਂ ਵੱਡੀ ਪਿਆਜ਼ ਮੰਡੀ ਦਾ ਹਾਲ

ਦੇਸ਼ ਹੀ ਨਹੀਂ ਸਗੋਂ ਏਸ਼ੀਆ ਦੀ ਸਭ ਤੋਂ ਵੱਡੀ ਪਿਆਜ਼ ਮੰਡੀ ਲਾਸਲਗਾਂਵ ’ਚ ਪਿਆਜ਼ ਦੀ ਕੀਮਤ 113 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਚੁੱਕੀ ਹੈ। ਜਾਣਕਾਰਾਂ ਮੁਤਾਬਕ ਜਦੋਂ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ’ਚ ਪਿਆਜ਼ 113 ਰੁਪਏ ਕਿਲੋ ਵਿਕੇਗਾ ਤਾਂ ਆਮ ਜਨਤਾ ਤੱਕ ਪਹੁੰਚਦੇ-ਪਹੁੰਚਦੇ ਇਸ ਦੀ ਕੀਮਤ ਲਗਭਗ 140 ਰੁਪਏ ਆਸਾਨੀ ਨਾਲ ਹੋ ਜਾਵੇਗੀ। ਪਿਆਜ਼ ਕਾਰੋਬਾਰੀਆਂ ਦੀ ਮੰਨੀਏ ਤਾਂ ਇਹ ਕੀਮਤ 140 ਤੋਂ ਪਾਰ ਵੀ ਪਹੁੰਚ ਸਕਦੀ ਹੈ।

ਸਟਾਕ ਦੀ ਕਮੀ

ਪਿਆਜ਼ ਦੀਆਂ ਕੀਮਤਾਂ ਵਧਣ ਦਾ ਦੂਜਾ ਵੱਡਾ ਕਾਰਣ ਹੈ ਲੋੜੀਂਦੇ ਸਟਾਕ ਦੀ ਕਮੀ। ਖਪਤਕਾਰ ਮਾਮਲਿਆਂ ਦੇ ਮੰਤਰਾਲਾ ਦੇ ਅਧਿਕਾਰਕ ਅੰਕੜਿਆਂ ਅਨੁਸਾਰ ਮਹਾਰਾਸ਼ਟਰ ’ਚ ਪਿਆਜ਼ ਦੀ ਪ੍ਰਚੂਨ ਕੀਮਤ ਸੋਮਵਾਰ ਨੂੰ 75-85 ਰੁਪਏ ਦੇ ਮੁਕਾਬਲੇ 90 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਉਥੇ ਹੀ ਬਾਜ਼ਾਰ ’ਚ ਪਿਆਜ਼ ਦੀ ਉਪਲੱਬਧਤਾ ਘੱਟ ਹੈ ਅਤੇ ਕਿਸਾਨਾਂ ਕੋਲ ਸਟਾਕ ਘੱਟ ਹੋਣ ਕਾਰਨ ਸਪਲਾਈ ’ਚ ਤੇਜ਼ੀ ਨਾਲ ਗਿਰਾਵਟ ਅਤੇ ਕੀਮਤਾਂ ’ਚ ਵਾਧਾ ਹੋਵੇਗਾ। ਹਾਲਾਂਕਿ ਸਰਕਾਰ ਮਿਸਰ, ਤੁਰਕੀ ਅਤੇ ਕੁਝ ਹੋਰ ਦੇਸ਼ਾਂ ਤੋਂ ਪਿਆਜ਼ ਦਰਾਮਦ ਕਰਵਾ ਰਹੀ ਹੈ ਪਰ ਖਪਤ ਦੇ ਲਿਹਾਜ਼ ਨਾਲ ਇਹ ਦਰਾਮਦ ਵੀ ਘੱਟ ਪੈ ਰਹੀ ਹੈ, ਜਿਸ ਕਾਰਣ ਨੇੜ ਭਵਿੱਖ ’ਚ ਪਿਆਜ਼ ਦੀਆਂ ਕੀਮਤਾਂ ਹੋਰ ਵਧ ਸਕਦੀਆਂ ਹਨ।

ਸਖ਼ਤ ਹੋਈ ਸਰਕਾਰ, 5 ਟਨ ਤੋਂ ਜ਼ਿਆਦਾ ਸਟਾਕ ਨਹੀਂ ਰੱਖ ਸਕਣਗੇ ਰਿਟੇਲਰ

ਦੇਸ਼ ’ਚ ਪਿਆਜ਼ ਦੀਆਂ ਬੇਲਗਾਮ ਹੋ ਚੁੱਕੀਆਂ ਕੀਮਤਾਂ ਨੂੰ ਕਾਬੂ ਕਰਨ ਲਈ ਸਰਕਾਰ ਸਖ਼ਤ ਹੋ ਗਈ ਹੈ। ਸਰਕਾਰ ਨੇ ਪਿਆਜ਼ ਵਪਾਰੀਆਂ ਲਈ ਸਟਾਕ ਦੀ ਲਿਮਿਟ ਹੋਰ ਘਟਾ ਦਿੱਤੀ ਹੈ। ਹੁਣ ਪਿਆਜ਼ ਦੇ ਥੋਕ ਕਾਰੋਬਾਰੀ 25 ਟਨ ਤੋਂ ਜ਼ਿਆਦਾ ਪਿਆਜ਼ ਦਾ ਸਟਾਕ ਨਹੀਂ ਰੱਖ ਸਕਣਗੇ, ਜਦੋਂ ਕਿ ਪਿਆਜ਼ ਦੇ ਰਿਟੇਲ ਕਾਰੋਬਾਰੀਆਂ ਲਈ ਇਹ ਲਿਮਿਟ ਸਿਰਫ 5 ਟਨ ਤੈਅ ਕੀਤੀ ਗਈ ਹੈ। ਵਪਾਰੀਆਂ ਕੋਲ ਸਰਕਾਰ ਦੀ ਤੈਅ ਲਿਮਿਟ ਤੋਂ ਜ਼ਿਆਦਾ ਪਿਆਜ਼ ਪਾਇਆ ਗਿਆ ਤਾਂ ਉਨ੍ਹਾਂ ’ਤੇ ਜ਼ਰੂਰੀ ਵਸਤੂ ਕਾਨੂੰਨ ਦੇ ਤਹਿਤ ਕਾਰਵਾਈ ਹੋਵੇਗੀ। ਹਾਲਾਂਕਿ ਸਰਕਾਰ ਨੇ ਪਿਆਜ਼ ਦਰਾਮਦ ਕਰਨ ਵਾਲੇ ਕਾਰੋਬਾਰੀਆਂ ਨੂੰ ਇਸ ਲਿਮਿਟ ਤੋਂ ਬਾਹਰ ਰੱਖਿਆ ਹੈ।