ਸ਼੍ਰੀਨਗਰ ''ਚ ਅੱਤਵਾਦੀ ਹਮਲਾ, 2 ਪੁਲਸ ਮੁਲਾਜ਼ਮ ਸ਼ਹੀਦ, ਇਕ ਜ਼ਖਮੀ

08/14/2020 12:17:47 PM

ਸ਼੍ਰੀਨਗਰ- ਆਜ਼ਾਦੀ ਦਿਵਸ ਤੋਂ ਇਕ ਦਿਨ ਪਹਿਲਾਂ ਜੰਮੂ-ਕਸ਼ਮੀਰ 'ਚ ਸ਼੍ਰੀਨਗਰ ਦੇ ਨੌਗਾਮ ਬਾਈਪਾਸ 'ਤੇ ਇਕ ਨਾਕਾ ਪਾਰਟੀ 'ਤੇ ਸ਼ੁੱਕਰਵਾਰ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਹਮਲੇ 'ਚ 2 ਪੁਲਸ ਮੁਲਾਜ਼ਮ ਸ਼ਹੀਦ ਹੋ ਗਏ ਅਤੇ ਇਕ ਹੋਰ ਜ਼ਖਮੀ ਹੋ ਗਿਆ। ਕਸ਼ਮੀਰ ਰੇਂਜ ਦੇ ਪੁਲਸ ਡਾਇਰੈਕਟਰ ਜਨਰਲ (ਆਈ.ਜੀ.ਪੀ.) ਵਿਜੇ ਕੁਮਾਰ ਨੇ ਦੱਸਿਆ ਕਿ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਨੇ ਨੌਗਾਮ 'ਚ ਸੁਰੱਖਿਆ ਦਸਤਿਆਂ 'ਤੇ ਹਮਲਾ ਕੀਤਾ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਕਰੀਬ 9.45 ਵਜੇ ਨੌਗਾਮ ਬਾਈਪਾਸ ਗੁਲਸ਼ਨ ਨਗਰ 'ਤੇ ਅਚਾਨਕ ਇਕ ਮੋਟਰਸਾਈਕਲ 'ਤੇ ਆਏ 2 ਅੱਤਵਾਦੀਆਂ ਨੇ ਪੁਲਸ ਅਤੇ ਕੇਂਦਰੀ ਨੀਮ ਫੌਜੀ ਫੋਰਸਾਂ ਦੀ ਇਕ ਸਾਂਝੀ ਨਾਕਾ ਪਾਰਟੀ 'ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ।

ਉਨ੍ਹਾਂ ਨੇ ਦੱਸਿਆ ਕਿ ਹਮਲੇ 'ਚ 3 ਪੁਲਸ ਮੁਲਾਜ਼ਮ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਥਾਨਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ 2 ਪੁਲਸ ਮੁਲਾਜ਼ਮਾਂ ਦੀ ਮੌਤ ਹੋ ਗਈ। ਉਨ੍ਹਾਂ ਨੇ ਕਿਹਾ ਕਿ ਰਾਜਮਾਰਗ 'ਤੇ ਆਵਾਜਾਈ ਰੋਕ ਦਿੱਤੀ ਗਈ ਹੈ ਅਤੇ ਨੌਗਾਮ, ਗੁਲਸ਼ਾਹ ਨਗਰ, ਅਹਿਮਦ ਨਗਰ ਅਤੇ ਚਨਾਪੋਰਾ ਦੇ ਸਾਰੇ ਰਸਤਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ। ਸੁਰੱਖਿਆ ਦਸਤਿਆਂ ਨੇ ਕਰੀਬ 2 ਕਿਲੋਮੀਟਰ ਖੇਤਰ ਨੂੰ ਸੀਲ ਕਰ ਦਿੱਤਾ ਹੈ ਅਤੇ ਹਮਲਾਵਰਾਂ ਦੀ ਤਲਾਸ਼ ਲਈ ਵੱਡੇ ਪੈਮਾਨੇ 'ਤੇ ਮੁਹਿੰਮ ਸ਼ੁਰੂ ਕੀਤੀ ਹੈ।

DIsha

This news is Content Editor DIsha