ਬਰਫ਼ ਨਾਲ ਢਕਿਆ ਗਿਆ ਪੂਰਾ ਸ਼੍ਰੀਨਗਰ, ਤਸਵੀਰਾਂ ’ਚ ਵੇਖੋ ਪਹਾੜਾਂ ਦੀ ਖੂਬਸੂਰਤੀ

12/29/2020 6:13:37 PM

ਸ਼੍ਰੀਨਗਰ— ਜੰਮੂ-ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ਵਿਚ ਮੰਗਲਵਾਰ ਯਾਨੀ ਕਿ ਅੱਜ ਸਵੇਰੇ ਤਾਜ਼ਾ ਬਰਫ਼ਬਾਰੀ ਹੋਣ ਨਾਲ ਪੂਰਾ ਇਲਾਕਾ ਬਰਫ਼ ਦੀ ਸਫੈਦ ਚਾਦਰ ਨਾਲ ਢਕਿਆ ਗਿਆ ਹੈ। ਉੱਪਰੀ ਹਿੱਸਿਆਂ- ਵਿਸ਼ਵ ਪ੍ਰਸਿੱਧ ਸਕੀ ਸਥਲ ਗੁਲਮਰਗ, ਪਹਿਲਗਾਮ, ਸੋਨਮਰਗ ਤੋਂ ਇਲਾਵਾ ਸਾਰੇ ਮੈਦਾਨੀ ਇਲਾਕਿਆਂ ਵਿਚ ਬਰਫ਼ਬਾਰੀ ਹੋਈ ਹੈ। ਸੋਮਵਾਰ ਨੂੰ ਧੁੱਪ ਕਾਰਨ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 2.6 ਡਿਗਰੀ ਉੱਪਰ ਦਰਜ ਕੀਤਾ ਗਿਆ। 

ਸ਼੍ਰੀਨਗਰ ਵਿਚ ਅੱਜ ਸਵੇਰੇ ਮੌਸਮ ’ਚ ਵੱਡਾ ਬਦਲਾਅ ਵੇਖਿਆ ਗਿਆ। ਸਵੇਰੇ ਜਦੋਂ ਲੋਕ ਉਠੇ ਤਾਂ ਆਸਮਾਨ ’ਚ ਬੱਦਲ ਛਾਏ ਹੋਏ ਸਨ। ਖੇਤਾਂ ਅਤੇ ਸੜਕਾਂ ਤੋਂ ਇਲਾਵਾ ਛੱਤਾਂ, ਦਰੱਖਤ ਵੀ ਬਰਫ਼ ਨਾਲ ਸਫੈਦ ਹੋ ਗਏ ਸਨ। ਓਧਰ ਅਧਿਕਾਰੀਆਂ ਨੇ ਕਿਹਾ ਕਿ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਵੱਖ-ਵੱਖ ਥਾਵਾਂ ’ਤੇ ਬਰਫ਼ ਹਟਾਉਣ ਵਾਲੀਆਂ ਮਸ਼ੀਨਾਂ ਨੂੰ ਲਾਇਆ ਗਿਆ ਹੈ। 

ਸ਼੍ਰੀਨਗਰ ਨਗਰ ਨਿਗਮ ਨੇ ਪਹਿਲਾਂ ਹੀ ਲੋਕਾਂ ਨੂੰ ਪੈਦਲ ਰਸਤਿਆਂ ਅਤੇ ਸੜਕਾਂ ’ਤੇ ਬਰਫ਼ ਨੂੰ ਲੈ ਕੇ ਚੌਕਸ ਰਹਿਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਜ਼ਿਆਦਾਤਰ ਦੁਕਾਨਾਂ ਅਤੇ ਵਪਾਰਕ ਅਦਾਰੇ 10 ਵਜੇ ਤੱਕ ਬੰਦ ਰਹੇ। ਬਰਫ਼ਬਾਰੀ ਅਤੇ ਸਰਦ ਮੌਸਮ ਦੇ ਬਾਵਜੂਦ ਦੁਕਾਨਦਾਰ ਸਬਜ਼ੀਆਂ, ਮੱਛੀ ਅਤੇ ਫ਼ਲ ਵੇਚਦੇ ਵੇਖੇ ਗਏ ਹਨ। ਸੜਕਾਂ ’ਤੇ ਵਾਹਨਾਂ ਦੀ ਗਿਣਤੀ ਘੱਟ ਵੇਖੀ ਗਈ। ਸੈਲਾਨੀ ਅਤੇ ਸਥਾਨਕ ਲੋਕ ਡੱਲ ਝੀਲ ਅਤੇ ਹੋਰ ਪਾਰਕਾਂ ਦੇ ਬਗੀਚਿਆਂ ’ਚ ਤਸਵੀਰਾਂ ਲੈਂਦੇ ਹੋਏ ਨਜ਼ਰ ਆਏ। 

Tanu

This news is Content Editor Tanu