ਪੁੱਤ ਹੋਣ ਦੀ ਖ਼ੁਸ਼ੀ ''ਚ ਪਸ਼ੂਪਤੀਨਾਥ ਮੰਦਰ ਗਿਆ ਸੀ ਸੋਨੂੰ, ਜਹਾਜ਼ ਹਾਦਸੇ ਨੇ ਪਰਿਵਾਰ ਨੂੰ ਦਿੱਤੇ ਡੂੰਘੇ ਜ਼ਖ਼ਮ

01/16/2023 12:26:00 PM

ਲਖਨਊ (ਭਾਸ਼ਾ)- ਨੇਪਾਲ ਜਹਾਜ਼ ਹਾਦਸੇ 'ਚ ਮਾਰੇ ਗਏ ਲੋਕਾਂ 'ਚੋਂ ਇਕ ਸੋਨੂੰ ਜਾਇਸਵਾਲ ਹਾਲ ਹੀ 'ਚ ਪੁੱਤਰ ਪੈਦਾ ਹੋਣ ਦੀ ਮੰਨਤ ਪੂਰੀ ਹੋਣ ਤੋਂ ਬਾਅਦ ਕਾਠਮੰਡੂ ਦੇ ਪਸ਼ੂਪਤੀਨਾਥ ਮੰਦਰ 'ਚ ਮੱਥਾ ਟੇਕਣ ਗਿਆ ਸੀ। ਇਹ ਜਾਣਕਾਰੀ ਉਸ ਦੇ ਪਰਿਵਾਰਕ ਮੈਂਬਰਾਂ ਨੇ ਦਿੱਤੀ। ਚੱਕ ਜ਼ੈਨਬ ਪਿੰਡ ਦੇ ਜਾਇਸਵਾਲ (35) ਦੀਆਂ ਦੋ ਧੀਆਂ ਹਨ ਅਤੇ ਉਸ ਨੇ ਭਗਵਾਨ ਪਸ਼ੂਪਤੀਨਾਥ ਤੋਂ ਮੰਨਤ ਕੀਤੀ ਸੀ ਕਿ ਜੇਕਰ ਉਸ ਨੂੰ ਪੁੱਤਰ ਦੀ ਬਖਸ਼ਿਸ਼ ਹੋਈ ਤਾਂ ਉਹ ਮੰਦਰ ਆਵੇਗਾ। ਸੋਨੂੰ ਦੇ ਰਿਸ਼ਤੇਦਾਰ ਅਤੇ ਚੱਕ ਜ਼ੈਨਬ ਪਿੰਡ ਦੇ ਮੁਖੀ ਵਿਜੇ ਜਾਇਸਵਾਲ ਨੇ ਦੱਸਿਆ,"ਸੋਨੂੰ ਆਪਣੇ ਤਿੰਨ ਦੋਸਤਾਂ ਨਾਲ 10 ਜਨਵਰੀ ਨੂੰ ਨੇਪਾਲ ਗਿਆ ਸੀ। ਸੋਨੂੰ ਦਾ ਇਕੋ ਇਕ ਉਦੇਸ਼ ਭਗਵਾਨ ਪਸ਼ੂਪਤੀਨਾਥ ਦੇ ਦਰਸ਼ਨ ਕਰਨਾ ਸੀ ਕਿਉਂਕਿ ਪੁੱਤਰ ਹੋਣ ਦੀ ਉਸ ਦੀ ਇੱਛਾ ਪੂਰੀ ਹੋਈ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਉਸ ਦਾ ਪੁੱਤਰ ਅਜੇ 6 ਮਹੀਨੇ ਦਾ ਹੈ।'' ਸੋਨੂੰ ਦੀ ਜ਼ਿਲ੍ਹੇ 'ਚ ਸ਼ਰਾਬ ਦੀ ਦੁਕਾਨ ਹੈ, ਉਸ ਦਾ ਅਲਾਵਲਪੁਰ ਚੱਟੀ 'ਚ ਇਕ ਘਰ ਹੈ ਪਰ ਉਹ ਮੌਜੂਦਾ ਸਮੇਂ ਵਾਰਾਣਸੀ ਦੇ ਸਾਰਨਾਥ 'ਚ ਰਹਿ ਰਿਹਾ ਸੀ।

ਜਾਇਸਵਾਲ ਨੇ ਦੱਸਿਆ ਕਿ ਮ੍ਰਿਤਕਾਂ 'ਚ ਸੋਨੂੰ ਦੇ ਤਿੰਨ ਹੋਰ ਦੋਸਤ ਅਭਿਸ਼ੇਕ ਕੁਸ਼ਵਾਹਾ (25), ਵਿਸ਼ਾਲ ਸ਼ਰਮਾ (22) ਅਤੇ ਅਨਿਲ ਕੁਮਾਰ ਰਾਜਭਰ (27) ਵੀ ਸ਼ਾਮਲ ਹਨ। ਵਿਜੇ ਜਾਇਸਵਾਲ ਨੇ ਕਿਹਾ ਕਿ ਜਿਵੇਂ ਹੀ ਜਹਾਜ਼ ਹਾਦਸੇ ਦੀ ਖ਼ਬਰ ਫ਼ੈਲੀ, ਲਗਭਗ ਪੂਰਾ ਪਿੰਡ ਸੋਨੂੰ ਦੇ ਘਰ ਦੇ ਬਾਹਰ ਇਕੱਠਾ ਹੋ ਗਿਆ ਅਤੇ ਉਸ ਦੇ ਠੀਕ ਹੋਣ ਦੀ ਕਾਮਨਾ ਕਰਨ ਲੱਗਾ, ਕਿਉਂਕਿ ਉਨ੍ਹਾਂ ਨੂੰ ਉਮੀਦ ਸੀ ਕਿ ਉਹ ਠੀਕ ਹੋਵੇਗਾ। ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਬਾਅਦ 'ਚ ਦੁਖ਼ਦ ਸਮਾਚਾਰ ਲੈ ਕੇ ਆਏ। ਉਨ੍ਹਾਂ ਕਿਹਾ,''ਸੋਨੂੰ ਦੀ ਪਤਨੀ ਅਤੇ ਬੱਚਿਆਂ ਨੂੰ ਅਜੇ ਤੱਕ ਘਟਨਾ ਬਾਰੇ ਨਹੀਂ ਦੱਸਿਆ ਗਿਆ ਹੈ। ਉਹ ਦੂਜੇ ਘਰ 'ਚ ਹਨ।'' ਪਿੰਡ ਵਾਸੀਆਂ ਨੇ ਦੱਸਿਆ ਕਿ ਸੋਨੂੰ ਅਤੇ ਉਸ ਦੇ ਤਿੰਨ ਦੋਸਤਾਂ ਨੇ ਲੋਕਪ੍ਰਿਯ ਸੈਰ-ਸਪਾਟਾ ਸਥਾਨ ਪੋਖਰਾ 'ਚ ਪੈਰਾਗਲਾਈਡਿੰਗ ਦਾ ਆਨੰਦ ਲੈਣ ਤੋਂ ਬਾਅਦ ਮੰਗਲਵਾਰ ਗਾਜ਼ੀਪੁਰ ਆਉਣਾ ਸੀ। ਅਧਿਕਾਰੀਆਂ ਨੇ ਨੇਪਾਲ 'ਚ ਦੱਸਿਆ ਕਿ ਚਾਰੇ ਪਸ਼ੂਪਤੀਨਾਥ ਮੰਦਰ ਕੋਲ ਗਊਸ਼ਾਲਾ 'ਚ ਰੁਕੇ ਸਨ ਅਤੇ ਫਿਰ ਪੋਖਰਾ ਜਾਣ ਤੋਂ ਪਹਿਲਾਂ ਥਮੇਲ 'ਚ ਹੋਟਲ 'ਡਿਸਕਵੀ ਇਨ' 'ਚ ਰੁਕੇ ਸਨ। ਉਨ੍ਹਾਂ ਕਿਹਾ ਕਿ ਗੋਰਖਪੁਰ ਦੇ ਰਸਤੇ ਪੋਖਰਾ ਤੋਂ ਭਾਰਤ ਆਉਣ ਦੀ ਯੋਜਨਾ ਬਣਾ ਰਹੇ ਸਨ। ਏਅਰਲਾਈਨਜ਼ ਦੇ ਬੁਲਾਰੇ ਸੁਦਰਸ਼ਨ ਬਰਤੌਲਾ ਨੇ ਕਿਹਾ ਕਿ ਅਜੇ ਤੱਕ ਕਿਸੇ ਦੇ ਜਿਊਂਦੇ ਬਚਣ ਦੀ ਕੋਈ ਸੂਚਨਾ ਨਹੀਂ ਹੈ। ਅਧਿਕਾਰੀਆਂ ਨੇ ਕਿਹਾ ਕਿ ਐਤਵਾਰ ਨੂੰ ਯੇਤੀ ਏਅਰਲਾਈਨਜ਼ ਯਾਤਰੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ 'ਚ 5 ਭਾਰਤੀਆਂ ਸਮੇਤ ਘੱਟੋ-ਘੱਟ 68 ਲੋਕਾਂ ਦੀ ਮੌਤ ਹੋ ਗਈ। 

DIsha

This news is Content Editor DIsha