ਸੋਨੀਆ ਗਾਂਧੀ ਦਾ ਭਾਜਪਾ 'ਤੇ ਵਾਰ: ਅਸੀਂ ਲੋਕਾਂ ਦੇ ਦਿਲ 'ਚ ਹਾਂ

03/17/2018 4:58:38 PM

ਨਵੀਂ ਦਿੱਲੀ— ਸੋਨੀਆ ਗਾਂਧੀ ਨੇ ਕਾਂਗਰਸ ਸੰਮੇਲਨ 'ਚ ਭਾਜਪਾ 'ਤੇ ਤਿੱਖਾ ਹਮਲਾ ਬੋਲਦੇ ਹੋਏ ਕਿਹਾ ਕਿ ਜੋ ਲੋਕ ਸਾਡੇ ਪਛਾਣ ਨੂੰ ਮਿਟਾਉਣਾ ਚਾਹੁੰਦੇ ਸਨ, ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਕਾਂਗਰਸ ਅਜੇ ਕਿਸ ਤਰ੍ਹਾਂ ਨਾਲ ਲੋਕਾਂ ਦੇ ਦਿਲਾਂ 'ਚ ਹੈ। ਪਾਰਟੀ ਦੇ 84ਵੇਂ ਸੰਮੇਲਨ 'ਚ ਯੂ.ਪੀ.ਏ. ਚੇਅਰਪਰਸਨ ਨੇ ਪਾਰਟੀ ਦੇ ਪ੍ਰਦਰਸ਼ਨ ਦੀ ਸ਼ਲਾਘਾ ਦਿੰਦੇ ਹੋਏ ਕਿਹਾ,''ਗੁਜਰਾਤ, ਰਾਜਸਥਾਨ ਅਤੇ ਐੱਮ.ਪੀ. 'ਚ ਸਾਡੇ ਪ੍ਰਦਰਸ਼ਨ ਤੋਂ ਪਤਾ ਲੱਗਦਾ ਹੈ ਕਿ ਜੋ ਲੋਕ ਸਾਡੀ ਪਛਾਣ ਨੂੰ ਮਿਟਾਉਣਾ ਚਾਹੁੰਦੇ ਸਨ, ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਹੁਣ ਵੀ ਕਾਂਗਰਸ ਕਿਸ ਤਰ੍ਹਾਂ ਨਾਲ ਲੋਕਾਂ ਦੇ ਦਿਲ 'ਚ ਹੈ।'' ਸੋਨੀਆ ਨੇ ਕਿਹਾ ਕਿ ਅਸੀਂ ਬਦਲਾ ਮੁਕਤ ਅਤੇ ਅਹੰਕਾਰ ਮੁਕਤ ਭਾਰਤ ਬਣਾਉਣ ਲਈ ਸੰਘਰਸ਼ ਕਰਾਂਗੇ।'' ਸੋਨੀਆ ਨੇ ਮੋਦੀ ਸਰਕਾਰ 'ਤੇ ਵਾਰ ਕਰਦੇ ਹੋਏ ਕਿਹਾ ਕਿ ਅਸੀਂ ਅਹੰਕਾਰੀ ਸਰਕਾਰ ਦੇ ਭ੍ਰਿਸ਼ਟਾਚਾਰ ਦਾ ਸਬੂਤਾਂ ਨਾਲ ਖੁਲਾਸਾ ਕਰ ਰਹੇ ਹਨ। 2014 'ਚ ਕੀਤੇ ਗਏ ਉਨ੍ਹਾਂ ਦੇ 'ਸਬ ਕਾ ਸਾਥ-ਸਬ ਕਾ ਵਿਕਾਸ' ਅਤੇ 'ਨਾ ਖਾਵਾਂਗਾ, ਨਾ ਖਾਣ ਦੇਵਾਂਗਾ' ਦੇ ਨਾਅਰੇ ਡਰਾਮੇਬਾਜ਼ੀ ਸਾਬਤ ਹੋਏ ਹਨ। ਮੈਂ ਆਪਣੇ ਵਰਕਰਾਂ ਦੀ ਸੱਚੇ ਦਿਲੋਂ ਤਾਰੀਫ ਕਰਨਾ ਚਾਹਾਂਗੀ, ਜੋ ਉਲਟ ਹਾਲਾਤਾਂ 'ਚ ਵੀ ਡਟੇ ਰਹੇ ਹਨ। 2019 'ਚ ਜਿੱਤ ਬਾਰੇ ਗੱਲ ਕਰਦੇ ਹੋਏ ਯੂ.ਪੀ.ਏ. ਚੇਅਰਪਰਸਨ ਨੇ ਕਿਹਾ,''ਕਾਂਗਰਸ ਪਾਰਟੀ ਦੀ ਜਿੱਤ ਦੇਸ਼ ਦੀ ਜਿੱਤ ਹੋਵੇਗੀ। ਕਾਂਗਰਸ ਸਿਰਫ ਇਕ ਪਾਰਟੀ ਨਹੀਂ ਸਗੋਂ ਕਿਤੇ ਅੱਗੇ ਦੀ ਸੋਚ ਹੈ। ਕਾਂਗਰਸ ਹਮੇਸ਼ਾ ਇਕ ਅੰਦੋਲਨ ਰਹੀ ਹੈ। ਇਹ ਇਸ ਲਈ ਕਿਉਂਕਿ 133 ਸਾਲ ਤੋਂ ਦੇਸ਼ ਦੀ ਰਾਸ਼ਟਰੀਅਤਾ ਦਾ ਇਹ ਅਭਿੰਨ ਅੰਗ ਹੈ। ਇਹ ਸਾਰਿਆਂ ਨੂੰ ਸ਼ਾਮਲ ਕਰਦੀ ਰਹੀ ਹੈ।''

ਕਰਨਾਟਕ 'ਚ ਜਿੱਤ ਦਾ ਜਤਾਇਆ ਭਰੋਸਾ
ਸੋਨੀਆ ਗਾਂਧੀ ਨੇ ਕਿਹਾ ਕਿ ਮੈਂ ਚਾਹੁੰਦੀ ਹਾਂ ਕਿ ਨਵੇਂ ਪ੍ਰਧਾਨ ਦੀ ਅਗਵਾਈ 'ਚ ਕਾਂਗਰਸ ਉਹ ਪਾਰਟੀ ਬਣੇ ਜੋ ਇਕ ਵਾਰ ਫਿਰ ਦੇਸ਼ ਦੇ ਵੱਖ-ਵੱਖ ਭਰੇ ਸਮਾਜ ਦੀਆਂ ਉਮੀਦਾਂ ਦੀ ਨੁਮਾਇੰਦਗੀ ਕਰੇ। ਦੇਸ਼ ਦੇ ਰਾਜਨੀਤਕ ਅਤੇ ਸਮਾਜਿਕ ਗੱਲਬਾਤ ਦੀ ਸੂਤਰਧਾਰ ਬਣੇ। 40 ਸਾਲ ਪਹਿਲਾਂ ਚਿਕਮੰਗਲੂਰ 'ਚ ਇੰਦਰਾ ਜੀ ਦੀ ਸ਼ਾਨਦਾਰ ਜਿੱਤ ਨੇ ਦੇਸ਼ ਦੀ ਰਾਜਨੀਤੀ ਨੂੰ ਪਲਟ ਕੇ ਰੱਖ ਦਿੱਤਾ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਅਗਲੇ ਕੁਝ ਮਹੀਨਿਆਂ 'ਚ ਕਰਨਾਟਕ 'ਚ ਸਾਡੀ ਪਾਰਟੀ ਦਾ ਅਜਿਹਾ ਸ਼ਾਨਦਾਰ ਪ੍ਰਦਰਸ਼ਨ ਹੋਵੇ, ਜਿਸ ਨਾਲ ਦੇਸ਼ ਦੀ ਰਾਜਨੀਤੀ ਕਰਵਟ ਲਵੇ।

ਰਾਜਨੀਤੀ 'ਚ ਕਦੇ ਨਹੀਂ ਆਉਣਾ ਚਾਹੁੰਦੀ ਸੀ
ਸੋਨੀਆ ਗਾਂਧੀ ਨੇ ਕਿਹਾ ਕਿ ਮੈਨੂੰ 2 ਦਹਾਕੇ ਤੱਕ ਕਾਂਗਰਸ ਪ੍ਰਧਾਨ ਰਹਿਣ ਦਾ ਮਾਣ ਮਿਲਿਆ। ਹਾਲਾਤਾਂ ਨੇ ਮੈਨੂੰ ਜਨਤਕ ਜੀਵਨ 'ਚ ਆਉਣ ਲਈ ਪ੍ਰੇਰਿਤ ਕੀਤਾ। ਮੈਨੂੰ ਅਜਿਹੇ ਖੇਤਰ 'ਚ ਆਉਣਾ ਪਿਆ, ਜਿੱਥੇ ਮੈਂ ਕਦੇ ਨਹੀਂ ਆਉਣਾ ਚਾਹੁੰਦੀ ਸੀ। ਪਾਰਟੀ ਦੇ ਕਮਜ਼ੋਰ ਹੋਣ ਅਤੇ ਕਠਿਨ ਹਾਲਾਤਾਂ ਕਾਰਨ ਮੈਂ ਪਾਰਟੀ ਦੀ ਅਗਵਾਈ ਨੂੰ ਸੰਭਾਲਿਆ। ਤੁਹਾਡੇ ਸਮਰਥਨ ਨੇ ਮੈਨੂੰ ਸ਼ਕਤੀ ਦਿੱਤੀ। ਅੱਜ ਜਦੋਂ ਮੈਂ ਮੁੜ ਕੇ ਪਿੱਛੇ ਦੇਖਦੀ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਤੁਸੀਂ ਲੋਕਾਂ ਨੇ ਲੋਕਾਂ ਦਾ ਦਿਲ ਅਤੇ ਭਰੋਸਾ ਜਿੱਤਣ ਲਈ ਕਿੰਨੀ ਮਿਹਨਤ ਕੀਤੀ ਹੈ। 

ਮਹਾਗਠਜੋੜ ਬਣਾਉਣ ਲਈ ਸੰਕੇਤ
ਸੋਨੀਆ ਗਾਂਧੀ ਨੇ 2019 'ਚ ਗਠਜੋੜ ਰਾਹੀਂ ਮੋਦੀ ਸਰਕਾਰ ਦਾ ਮੁਕਾਬਲਾ ਕਰਨ ਦੇ ਸੰਕੇਤ ਦਿੰਦੇ ਹੋਏ ਕਿਹਾ ਕਿ 1998 ਤੋਂ 2004 ਦਰਮਿਆਨ ਅਸੀਂ ਇਕ-ਇਕ ਕਦਮ ਵਧਾ ਕੇ ਕਈ ਰਾਜਾਂ 'ਚ ਸਰਕਾਰ ਬਣਾਈ ਸੀ। 1998 'ਚ ਪੰਚਮੜ੍ਹੀ ਦੇ ਚਿੰਤਨ ਕੰਪਲੈਕਸ 'ਚ ਹੋਈ ਚਰਚਾ ਦੌਰਾਨ ਆਮ ਰਾਏ ਬਣੀ ਸੀ ਕਿ ਕਾਂਗਰਸ ਨੂੰ ਦੂਜੇ ਦਲਾਂ ਨਾਲ ਗਠਜੋੜ ਨਹੀਂ ਕਾਇਮ ਕਰਨਾ ਚਾਹੀਦਾ। ਇਸ ਤੋਂ ਬਾਅਦ ਅਗਲੇ 5 ਸਾਲਾਂ 'ਚ ਬਦਲਦੇ ਮਾਹੌਲ 'ਚ ਅਸੀਂ 2003 ਦੇ ਸ਼ਿਮਲਾ ਕੰਪਲੈਕਸ 'ਚ ਸਾਮਾਨ ਵਿਚਾਰਧਾਰਾ ਦੇ ਦਲਾਂ ਨਾਲ ਆਉਣ ਦਾ ਫੈਸਲਾ ਲਿਆ। ਇਸ ਤੋਂ ਬਾਅਦ ਅਸੀਂ ਉਹ ਮੰਜ਼ਲ ਪਾਈ, ਜੋ ਅਸੰਭਵ ਲੱਗ ਰਹੀ ਸੀ।

 

ਮਨਰੇਗਾ ਵਰਗੀਆਂ ਯੋਜਨਾਵਾਂ ਦੀ ਅਣਦੇਖੀ 'ਤੇ ਜ਼ਾਹਰ ਕੀਤਾ ਦੁਖ
ਯੂ.ਪੀ.ਏ. ਮੁਖੀਆ ਨੇ ਕਿਹਾ,''ਅੱਜ ਇਹ ਦੇਖ ਕੇ ਮੈਨੂੰ ਬਹੁਤ ਦੁਖ ਹੁੰਦਾ ਹੈ ਕਿ ਇਨ੍ਹਾਂ ਯੋਜਨਾਵਾਂ ਨੂੰ ਮੋਦੀ ਸਰਕਾਰ ਕਮਜ਼ੋਰ ਕਰ ਰਹੀ ਹੈ। ਪਿਛਲੇ 4 ਸਾਲਾਂ 'ਚ ਕਾਂਗਰਸ ਨੂੰ ਤਬਾਹ ਕਰਨ ਲਈ ਅਹੰਕਾਰੀ ਅਤੇ ਸੱਤਾ ਦੇ ਨਸ਼ੇ 'ਚ ਮਸਤ ਸਰਕਾਰ ਨੇ ਕੋਈ ਕਸਰ ਬਾਕੀ ਨਹੀਂ ਰੱਖੀ।'' ਸੋਨੀਆ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਅਹੰਕਾਰੀ ਨੀਤੀਆਂ, ਫਰਜ਼ੀ ਮੁਕੱਦਮੇ ਲਗਾਉਣਾ, ਮੀਡੀਆ ਨੂੰ ਸਤਾਉਣਾ ਅਤੇ ਸੰਸਦ ਨੂੰ ਰੋਕਣ ਵਰਗੀਆਂ ਯੋਜਨਾਵਾਂ ਦੇ ਖਿਲਾਫ ਕਾਂਗਰਸ ਅੱਗੇ ਵਧ ਕੇ ਸੰਘਰਸ਼ ਕਰ ਰਹੀ ਹੈ।