CBSE ਦੇ ਕੁਝ ਹੋਰ ਪੇਪਰ ਹੋਏ ਸਨ ਲੀਕ? ਜਾਂਚ ''ਚ ਜੁਟੀ ਪੁਲਸ

03/31/2018 10:31:20 AM

ਨਵੀਂ ਦਿੱਲੀ— ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐੱਸ.ਈ.) ਵੱਲੋਂ ਸ਼ੁੱਕਰਵਾਰ ਨੂੰ ਪੇਪਰ ਲੀਕ ਹੋਣ ਕਾਰਨ 12ਵੀਂ ਦੀ ਅਰਥ ਸ਼ਾਸਤਰ ਦੀ ਪ੍ਰੀਖਿਆ ਦੁਬਾਰਾ ਕਰਵਾਉਣ ਦਾ ਐਲਾਨ ਕੀਤਾ ਗਿਆ। ਇਸ ਤੋਂ ਇਲਾਵਾ 10ਵੀਂ ਦੀ ਗਣਿਤ ਦੀ ਪ੍ਰੀਖਿਆ ਵੀ ਦੁਬਾਰਾ ਕਰਵਾਉਣ 'ਤੇ ਵਿਚਾਰ ਚੱਲ ਰਿਹਾ ਹੈ। ਇਸ ਦਰਮਿਆਨ ਸੀ.ਬੀ.ਐੱਸ.ਈ. ਦੀਆਂ10ਵੀਂ ਅਤੇ 12ਵੀਂ ਦੀਆਂ ਪ੍ਰੀਖਿਆ ਦੇ ਕੁਝ ਹੋਰ ਪੇਪਰ ਲੀਕ ਹੋਣ ਦਾ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ। ਪੁਲਸ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਅਫਵਾਹਾਂ ਦੀ ਜਾਂਚ ਕਰ ਰਹੀ ਹੈ, ਜਿਨ੍ਹਾਂ 'ਚ ਕਿਹਾ ਜਾ ਰਿਹਾ ਹੈ ਕਿ 12ਵੀਂ ਦਾ ਗਣਿਤ ਜਾ ਪੇਪਰ ਵੀ ਪ੍ਰੀਖਿਆ ਤੋਂ ਇਕ ਦਿਨ ਪਹਿਲਾਂ ਲੀਕ ਹੋ ਗਿਆ ਸੀ। ਪੁਲਸ ਨੇ ਕਿਹਾ ਕਿ ਇਕ ਵਟਸਐੱਪ ਵੀਡੀਓ 'ਚ ਤੀਜਾ ਪ੍ਰਸ਼ਨ ਪੱਤਰ ਦਿੱਸ ਰਿਹਾ ਹੈ। ਸੋਸ਼ਲ ਮੀਡੀਆ 'ਤੇ ਅਜਿਹੇ ਮੈਸੇਜ ਚੱਲ ਰਹੇ ਹਨ। ਪੁਲਸ ਦਾ ਕਹਿਣਾ ਹੈ ਕਿ ਲੀਕ ਹੋਏ ਪੇਪਰਜ਼ ਨੂੰ ਕੁਝ ਹੋਰ ਰਾਜਾਂ ਦੇ ਕੇਂਦਰਾਂ ਤੱਕ ਵੀ ਭੇਜਿਆ ਗਿਆ ਸੀ। ਪੁਲਸ ਦਾ ਇਹ ਦਾਅਵਾ ਸੀ.ਬੀ.ਐੱਸ.ਈ. ਦੇ ਉਸ ਬਿਆਨ ਤੋਂ ਉਲਟ ਹੈ, ਜਿਸ 'ਚ ਉਸ ਨੇ ਕਿਹਾ ਸੀ ਕਿ ਲੀਕ ਹੋਇਆ 10ਵੀਂ ਦੇ ਗਣਿਤ ਦਾ ਪੇਪਰ ਦਿੱਲੀ-ਐੱਨ.ਸੀ.ਆਰ. ਅਤੇ ਹਰਿਆਣਾ ਤੱਕ ਹੀ ਪਹੁੰਚਿਆ ਸੀ। ਹਾਲਾਂਕਿ ਬੋਰਡ ਦਾ ਇਹ ਦਾਅਵਾ ਗਲਤ ਨਜ਼ਰ ਆਉਂਦਾ ਹੈ, ਕਿਉਂਕਿ ਇਸੇ ਮਾਮਲੇ 'ਚ ਝਾਰਖੰਡ 'ਚ ਵਿਦਿਆਰਥੀਆਂ 'ਤੇ ਐੱਫ.ਆਈ.ਆਰ. ਦਰਜ ਹੋਈ ਹੈ। ਪਟਨਾ ਤੋਂ ਵੀ ਲੋਕ ਫੜੇ ਗਏ ਹਨ। ਦਿੱਲੀ ਪੁਲਸ ਨੇ ਵੀ 10 ਵਟਸਐੱਪ ਗਰੁੱਪ ਤੋਂ ਦੇਸ਼ ਭਰ 'ਚ ਸਰਕੁਲੇਟ ਹੋਣ ਦੀ ਗੱਲ ਕਹੀ ਹੈ।
ਸੀ.ਬੀ.ਐੱਸ.ਈ. ਦੇ ਪ੍ਰੀਖਿਆ ਕੰਟਰੋਲਰ ਤੋਂ ਪੁੱਛ-ਗਿੱਛ
ਦਿੱਲੀ ਪੁਲਸ ਦੀ ਕ੍ਰਾਈਮ ਬਰਾਂਚ ਨੇ ਪੇਪਰਜ਼ ਦੀ ਸੁਰੱਖਿਆ ਵਿਵਸਥਾ ਬਾਰੇ ਜਾਣਕਾਰੀ ਲਈ ਸੀ.ਬੀ.ਐੱਸ.ਈ. ਦੇ ਪ੍ਰੀਖਿਆ ਕੰਟਰੋਲਰ ਤੋਂ ਪੁੱਛ-ਗਿੱਛ ਕੀਤੀ। ਇਸ ਤੋਂ ਇਲਾਵਾ ਪੁਲਸ ਨੇ ਇਹ ਪਤਾ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਕਿ ਆਖਰ ਕਿੱਥੇ ਪੇਪਰ ਪ੍ਰਿੰਟ ਹੋਏ ਸਨ ਅਤੇ ਕਿਵੇਂ ਉਨ੍ਹਾਂ ਨੂੰ ਸੈਂਟਰਜ਼ ਤੱਕ ਪਹੁੰਚਾਇਆ ਗਿਆ। ਇਸ ਤੋਂ ਇਲਾਵਾ ਕੰਟਰੋਲਰ ਤੋਂ ਇਹ ਵੀ ਪੁੱਛਿਆ ਗਿਆ ਕਿ ਪਹਿਲੀ ਵਾਰ ਲੀਕ ਕੀਤੀ ਸੂਚਨਾ ਮਿਲਣ ਤੋਂ ਬਾਅਦ ਬੋਰਡ ਵੱਲੋਂ ਕੀ ਕਦਮ ਚੁੱਕੇ ਗਏ।
ਪ੍ਰੀਖਿਆ ਸਟਾਫ ਤੋਂ ਪੁੱਛ-ਗਿੱਛ ਕਰ ਸਕਦੀ ਹੈ ਪੁਲਸ
ਸੀ.ਬੀ.ਐੱਸ.ਈ. ਦੇ ਸਕੱਤਰ ਅਤੇ ਰੀਜਨਲ ਡਾਇਰੈਕਟਰ ਨੇ ਸ਼ੁੱਕਰਵਾਰ ਨੂੰ ਪੁਲਸ ਨੂੰ ਪ੍ਰੀਖਿਆ ਸੈਂਟਰਜ਼ ਅਤੇ ਬੈਂਕ ਕਸਟੋਡੀਅੰਸ ਦੀ ਡਿਟੇਲ ਸੌਂਪੀ। ਸੂਤਰਾਂ ਅਨੁਸਾਰ ਪੁਲਸ ਨੂੰ ਪ੍ਰੀਖਿਆ ਸਟਾਫ ਅਤੇ ਸੁਪਰਡੈਂਟਸ ਦੇ ਕਾਨਟੈਕਟ ਨੰਬਰਜ਼ ਪੁਲਸ ਨੂੰ ਦਿੱਤੇ ਗਏ ਹਨ, ਜਿਨ੍ਹÎ ਨੂੰ ਪੁੱਛ-ਗਿੱਛ ਲਈ ਬੁਲਾਇਆ ਜਾ ਸਕਦਾ ਹੈ। ਰੀਜਨਲ ਡਾਇਰੈਕਟਰ ਨੇ ਪੁਲਸ ਨੂੰ ਦੱਸਿਆ ਕਿ ਬੋਰਡ ਨੂੰ ਪੇਪਰ ਲੀਕ ਦੀਆਂ 6 ਸ਼ਿਕਾਇਤਾਂ ਮਿਲੀਆਂ ਸਨ, ਜਿਨ੍ਹਾਂ ਨੂੰ ਐੱਸ.ਆਈ.ਟੀ. ਨੂੰ ਫਾਰਵਰਡ ਕਰ ਦਿੱਤਾ ਗਿਆ।
10 ਤੋਂ ਵਧ ਸ਼ੱਕੀ ਵਟਸਐੱਪ ਗਰੁੱਪ ਦੀ ਪਛਾਣ
ਵਟਸਐੱਪ 'ਤੇ ਪੇਪਰ ਸ਼ੇਅਰ ਹੋਣ ਦੀਆਂ ਖਬਰਾਂ ਦਰਮਿਆਨ ਕ੍ਰਾਈਮ ਬਰਾਂਚ ਨੇ 10 ਤੋਂ ਵਧ ਵਟਸਐੱਪ ਗਰੁੱਪ ਦੀ ਪਛਾਣ ਕੀਤੀ ਹੈ, ਜਿਸ 'ਚ ਹਰੇਕ 'ਚ 50-60 ਮੈਂਬਰ ਸਨ। ਪੁਲਸ ਨੇ ਇਨ੍ਹਾਂ ਸਾਰੇ ਲੋਕਾਂ ਤੋਂ ਪੁੱਛ-ਗਿੱਛ ਕੀਤੀ ਹੈ। ਵੀਰਵਾਰ ਨੂੰ ਟੀਚਰਜ਼ ਅਤੇ ਕੁਝ ਵਿਦਿਆਰਥੀਆਂ ਤੋਂ ਬਰਾਮਦ ਕੀਤੇ ਗਏ ਮੋਬਾਇਲਫੋਨਜ਼ ਰਾਹੀਂ ਵੀ ਪੁਲਸ ਮਾਮਲੇ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ 'ਚ ਹੈ।