ਜੰਮੂ ਕਸ਼ਮੀਰ : ਪੁੰਛ ''ਚ ਕੰਟਰੋਲ ਰੇਖਾ ਕੋਲ ਬਾਰੂਦੀ ਸੁਰੰਗ ''ਚ ਧਮਾਕਾ ਹੋਣ ਨਾਲ ਜਵਾਨ ਜ਼ਖ਼ਮੀ

07/10/2023 11:22:54 AM

ਜੰਮੂ (ਭਾਸ਼ਾ)- ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਕੰਟਰੋਲ ਰੇਖਾ ਕੋਲ ਇਕ ਬਾਰੂਦੀ ਸੁਰੰਗ 'ਚ ਧਮਾਕਾ ਹੋਣ ਨਾਲ ਫ਼ੌਜ ਦਾ ਇਕ ਜਵਾਨ ਜ਼ਖ਼ਮੀ ਹੋ ਗਿਆ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਕੇਰਨੀ ਸੈਕਟਰ ਦੇ ਇਕ ਸਰਹੱਦੀ ਪਿੰਡ 'ਚ ਐਤਵਾਰ ਦੇਰ ਰਾਤ ਗਸ਼ਤ ਦੌਰਾਨ ਜਵਾਨ ਦਾ ਪੈਰ ਬਾਰੁੰਦੀ ਸੁਰੰਗ 'ਤੇ ਗਲਤੀ ਨਾਲ ਪੈਣ ਤੋਂ ਬਾਅਦ ਉਸ 'ਚ ਧਮਾਕਾ ਹੋ ਗਿਆ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਜਵਾਨ ਨੂੰ ਫ਼ੌਜ ਦੇ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਘੁਸਪੈਠ ਨੂੰ ਰੋਕਣ ਦੀ ਪ੍ਰਣਾਲੀ ਦੇ ਅਧੀਨ ਸਰਹੱਦੀ ਇਲਾਕਿਆਂ 'ਚ ਵਿਛਾਈਆਂ ਗਈਆਂ ਬਾਰੂਦੀ ਸੁਰੰਗਾਂ ਵਾਲੇ ਸਥਾਨ 'ਤੇ ਨਿਸ਼ਾਨ ਲਗਾਏ ਗਏ ਹਨ ਪਰ ਮੀਂਹ ਕਾਰਨ ਇਹ ਨਿਸ਼ਾਨ ਕਈ ਵਾਰ ਮਿਟ ਜਾਂਦੇ ਹਨ ਅਤੇ ਇਸ ਤਰ੍ਹਾਂ ਦੇ ਹਾਦਸੇ ਹੋ ਜਾਂਦੇ ਹਨ।

ਪੁੰਛ ਸਮੇਤ ਜੰਮੂ ਕਸ਼ਮੀਰ ਦੇ ਕਈ ਹਿੱਸਿਆਂ 'ਚ ਸ਼ੁੱਕਰਵਾਰ ਤੋਂ ਐਤਵਾਰ ਤੱਕ ਭਾਰੀ ਮੀਂਹ ਪਿਆ, ਜਿਸ ਕਾਰਨ ਫ਼ੌਜ ਦੇ 2 ਜਵਾਨਾਂ ਦੀ ਮੌਤ ਹੋ ਗਈ। ਫ਼ੌਜ ਦੇ 2 ਜਵਾਨ ਸ਼ਨੀਵਾਰ ਨੂੰ ਸੁਰਾਨਕੋਟ ਇਲਾਕੇ 'ਚ ਡੋਗਰਾ ਨਾਲੇ ਨੂੰ ਪਾਰ ਕਰ ਰਹੇ ਸਨ ਅਤੇ ਇਸ ਦੌਰਾਨ ਉਹ ਤੇਜ਼ ਵਹਾਅ ਕਾਰਨ ਰੁੜ੍ਹ ਗਏ। ਖ਼ਰਾਬ ਮੌਸਮ ਦੇ ਮੱਦੇਨਜ਼ਰ ਕੰਟਰੋਲ ਰੇਖਾ ਅਤੇ ਕੌਮਾਂਤਰੀ ਸਰਹੱਦ ਕੋਲ ਸਰਗਰਮੀ ਵਧਾ ਦਿੱਤੀ ਗਈ ਹੈ ਤਾਂ ਕਿ ਸਰਹੱਦ ਪਾਰ ਤੋਂ ਅੱਤਵਾਦੀਆਂ ਦੀ ਘੁਸਪੈਠ ਦੀ ਕੋਸ਼ਿਸ਼ ਨੂੰ ਅਸਫ਼ਲ ਕੀਤਾ ਜਾ ਸਕੇ। ਇਸ ਵਿਚ ਫ਼ੌਜ ਨੇ ਗੁਰਸਾਈ ਟੌਪ, ਸ਼ਾਹਸ਼ੀਧਰ ਅਤੇ ਮੇਂਢਰ ਸੈਕਟਰ ਦੇ ਨੇੜੇ-ਤੇੜੇ ਦੇ ਇਲਾਕਿਆਂ 'ਚ ਸੋਮਵਾਰ ਨੂੰ ਸਾਂਝੀ ਤਲਾਸ਼ ਮੁਹਿੰਮ ਚਲਾਈ। ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਦੇਰ ਰਾਤ ਪੁੰਛ ਪੁਲਸ ਥਾਣੇ ਦੇ ਅਧਿਕਾਰ ਖੇਤਰ 'ਚ ਸਰਹੱਦ ਬਾੜ ਤੋਂ ਨੇੜੇ ਨੂਰਕੋਟ ਅਤੇ ਨਕੇਰਕੋਟ 'ਚ ਵੀ ਤਲਾਸ਼ੀ ਲਈ ਗਈ। ਹਾਲਾਂਕਿ ਕਈ ਘੰਟਿਆਂ ਤੱਕ ਚੱਲੀ ਕਾਰਵਾਈ ਦੌਰਾਨ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ।

DIsha

This news is Content Editor DIsha