ਕਸ਼ਮੀਰ ਤੇ ਹਿਮਾਚਲ ''ਚ ਬਰਫਬਾਰੀ, ਪੰਜਾਬ ''ਚ ਕੜਾਕੇ ਦੀ ਠੰਡ

01/03/2021 10:52:09 PM

ਸ਼੍ਰੀਨਗਰ/ਸ਼ਿਮਲਾ (ਸੌਰਭ, ਰਮੇਸ਼, ਹੈਡਲੀ) - ਮੌਸਮ ਵਿਭਾਗ ਮੁਤਾਬਕ ਐਤਵਾਰ ਨੂੰ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿਚ ਭਾਰੀ ਬਰਫਬਾਰੀ ਹੋਈ। ਸ਼੍ਰੀਨਗਰ ਐਤਵਾਰ ਤੜਕੇ ਬਰਫਬਾਰੀ ਹੋਣ ਨਾਲ ਬਰਫ ਦੀ ਚਿੱਟੀ ਚਾਦਰ ਨਾਲ ਢੱਕ ਗਿਆ। ਸ਼੍ਰੀਨਗਰ ਵਿਚ 3 ਤੋਂ 4 ਇੰਚ ਤੱਕ ਤਾਜ਼ਾ ਬਰਫਬਾਰੀ ਹੋਈ। ਸੈਲਾਨੀਆਂ ਲਈ ਮਸ਼ਹੂਰ ਪਹਿਲਗਾਮ ਵਿਚ 5 ਤੋਂ 6 ਇੰਚ ਤਾਂ ਗੁਲਮਰਗ ਵਿਚ 4 ਇੰਚ ਤੱਕ ਬਰਫਬਾਰੀ ਹੋਈ। ਉਥੇ ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਦੀ ਜਵਾਹਰ ਸੁਰੰਗ ਨੇੜੇ 10 ਇੰਚ ਤੱਕ ਬਰਫਬਾਰੀ ਹੋਈ। ਵਿਸ਼ਵ ਪ੍ਰਸਿੱਧ ਡਲ ਝੀਲ ਅਤੇ ਹੋਰ ਝਰਨਿਆਂ ਦਾ ਪਾਣੀ ਜਮ ਗਿਆ ਹੈ।

ਇਹ ਵੀ ਪੜ੍ਹੋ: IND v AUS : ਭਾਰਤ ਨੂੰ 43 ਸਾਲਾਂ ’ਚ ਸਿਡਨੀ ’ਚ ਪਹਿਲੀ ਜਿੱਤ ਦਾ ਇੰਤਜ਼ਾਰ
ਤਾਜ਼ਾ ਬਰਫਬਾਰੀ ਕਾਰਣ ਜਾਮ ਲੱਗਣ ਤੋਂ ਬਾਅਦ ਰਾਸ਼ਟਰੀ ਰਾਜਮਾਰਗ 'ਤੇ ਆਵਾਜਾਈ ਰੋਕ ਦਿੱਤੀ ਗਈ। ਵਾਦੀ ਵਿਚ ਬਰਫਬਾਰੀ ਤੋਂ ਬਾਅਦ ਸੜਕ-ਹਵਾਈ ਮਾਰਗ ਤੋਂ ਕਸ਼ਮੀਰ ਦਾ ਸੰਪਰਕ ਟੁੱਟ ਗਿਆ ਹੈ। ਸ਼੍ਰੀਨਗਰ ਹਵਾਈ ਅੱਡੇ 'ਤੇ ਉਡਾਣਾਂ ਦਾ ਸੰਚਾਲਨ ਰੱਦ ਕਰ ਦਿੱਤਾ ਗਿਆ। ਬਰਫਬਾਰੀ ਕਾਰਣ ਵਾਦੀ ਵਿਚ ਹੋਣ ਵਾਲੀ ਸਕੂਲੀ ਸਿੱਖਿਆ ਬੋਰਡ ਦੀ 11ਵੀਂ ਦੀ ਪ੍ਰੀਖਿਆ ਰੱਦ ਕਰ ਦਿੱਤੀ ਗਈ ਹੈ।


ਉਧਰ ਹਿਮਾਚਲ ਪ੍ਰਦੇਸ਼ ਦੇ ਉੱਚੇ ਪਹਾੜੀ ਖੇਤਰਾਂ ਵਿਚ ਰੁਕ-ਰੁਕ ਕੇ ਹੋ ਰਹੀ ਬਰਫਬਾਰੀ ਨਾਲ ਸਮੁੱਚੇ ਸੂਬੇ ਵਿਚ ਕੜਾਕੇ ਦੀ ਠੰਡ ਪੈ ਰਹੀ ਹੈ। ਸੂਬੇ ਦੇ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ ਵਿਚ 5 ਤੋਂ 6 ਡਿਗਰੀ ਅਤੇ ਘਟੋਂ-ਘੱਟ ਤਾਪਮਾਨ ਵਿਚ 2 ਤੋਂ 3 ਡਿਗਰੀ ਦੀ ਗਿਰਾਵਟ ਆਈ ਹੈ। ਉਥੇ ਮੌਸਮ ਵਿਭਾਗ ਨੇ ਸੂਬੇ ਵਿਚ 4 ਅਤੇ 5 ਜਨਵਰੀ ਨੂੰ ਤੇਜ਼ ਮੀਂਹ ਅਤੇ ਬਰਫਬਾਰੀ ਦਾ ਅਨੁਮਾਨ ਲਗਾਇਆ ਹੈ। ਕਈ ਜ਼ਿਲਿਆਂ ਵਿਚ ਮੀਂਹ ਅਤੇ ਬਰਫਬਾਰੀ ਦਾ ਯੈਲੋ ਅਤੇ ਓਰੇਂਜ ਅਲਰਟ ਵੀ ਜਾਰੀ ਕੀਤਾ ਗਿਆ ਹੈ। ਉਥੇ ਪੰਜਾਬ ਅਤੇ ਹਰਿਆਣਾ ਵਿਚ ਮੀਂਹ ਤੋਂ ਬਾਅਦ ਐਤਵਾਰ ਨੂੰ ਜ਼ਿਆਦਾਤਰ ਹਿੱਸਿਆਂ ਵਿਚ ਘਟੋਂ-ਘੱਟ ਤਾਪਮਾਨ ਵਿਚ ਵਾਧਾ ਦਰਜ ਕੀਤਾ ਗਿਆ ਜਿਸ ਨਾਲ ਕੜਾਕੇ ਦੀ ਠੰਡ ਜਾਰੀ ਹੈ। ਮੌਸਮ ਵਿਭਾਗ ਮੁਤਾਬਕ ਉੱਤਰ ਭਾਰਤ ਵਿਚ 5 ਜਨਵਰੀ ਤੱਕ ਤੇਜ਼ ਮੀਂਹ ਜਾਰੀ ਰਹਿਣ ਦਾ ਅਨੁਮਾਨ ਹੈ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh